ਵਿਸ਼ੇਸ਼ ਪੜਤਾਲੀਆ ਟੀਮ ਨੇ ਬਾਦਲ ਤੋਂ ਕੀਤੀ ਪੁਛਗਿਛ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਉਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਤਿਆਰ ਕੀਤੀ ਰੀਪੋਰਟ ਮੁਤਾਬਕ, ਸਰਕਾਰ ਵਲੋਂ ਬਣਾਈ ਵਿਸ਼ੇਸ਼ ਪੜਤਾਲੀਆਂ ਟੀਮ..........

Former Chief Minister Parkash Singh Badal and other Akali leaders addressing the press

ਚੰਡੀਗੜ੍ਹ : ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਉਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਤਿਆਰ ਕੀਤੀ ਰੀਪੋਰਟ ਮੁਤਾਬਕ, ਸਰਕਾਰ ਵਲੋਂ ਬਣਾਈ ਵਿਸ਼ੇਸ਼ ਪੜਤਾਲੀਆਂ ਟੀਮ ਦੇ ਮੁਖੀ ਏ.ਡੀ.ਜੀ.ਪੀ ਪ੍ਰਬੋਧ ਕੁਮਾਰ ਤੇ ਉਸ ਦੇ ਸਾਥੀ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ 92 ਸਾਲ ਪ੍ਰਕਾਸ਼ ਸਿੰਘ ਬਾਦਲ ਤੋਂ 35 ਮਿੰਟ ਤਕ ਪੁੱਛ ਗਿੱਛ ਕੀਤੀ। ਵੱਡੇ ਬਾਦਲ ਦੀ ਸਰਕਾਰੀ ਰਿਹਾਇਸ਼ ਵਾਲੇ ਫ਼ਲੈਟ ਸੈਕਟਰ 4 ਵਿਚ ਐਮ.ਐਲ.ਏ. ਹੋਸਟਲ ਦੇ ਨਜ਼ਦੀਕ ਹੈ ਜਿਥੇ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਅਮਲੋਂ ਵਲੋਂ ਵੱਡਾ ਤਾਮ-ਝਾਮ ਕੀਤਾ ਗਿਆ ਸੀ।

ਪੜਤਾਲੀਆ ਟੀਮ ਨੇ ਇਸ ਪੁੱਛਗਿੱਛ ਬਾਰੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿਤੀ ਅਤੇ ਪ੍ਰਬੋਧ ਕੁਮਾਰ ਨੇ ਇੰਨਾ ਹੀ ਕਿਹਾ ਕਿ ਬਾਕੀ ਗਵਾਹਾਂ ਤੋਂ ਪੜਤਾਲ ਕਰ ਕੇ ਸਾਰੀ ਰੀਪੋਰਟ ਬਾਅਦ ਵਿਚ ਮੁੱਖ ਮੰਤਰੀ ਨੂੰ ਦਿਤੀ ਜਾਵੇਗੀ। ਵੱਡੇ ਬਾਦਲ ਨੇ ਮੀਡੀਆ ਨੂੰ ਦਸਿਆ ਕਿ ਸਾਡੇ ਜੁਆਬਾਂ ਤੋਂ ਪੜਤਾਲੀਆਂ ਟੀਮ ਚੰਗੀ ਤਰ੍ਹਾਂ ਸੰਤੁਸ਼ਟ ਹੋ ਕੇ ਗਈ ਹੈ ਅਤੇ ਵਾਜਬ ਸੁਆਲਾਂ ਦਾ ਜੁਆਬ ਤਸੱਲੀ ਬਖ਼ਸ਼ ਦਿਤਾ ਪਰ ਕਈ ਸਵਾਲ ਫ਼ਜ਼ੂਲ ਸਨ ਜਿਨ੍ਹਾਂ ਦਾ ਸਬੰਧ ਇਸ ਬੇਅਦਬੀ ਦੇ ਮਾਮਲਿਆਂ ਨਾਲ ਬਿਲਕੁਲ ਨਹੀਂ ਸੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਮੈਨੂੰ ਤੇ ਸੁਖਬੀਰ ਨੂੰ ਇਸ ਕਰ ਕੇ ਬਤੌਰ ਗਵਾਹਾਂ ਦੀ ਪੁੱਛਗਿੱਛ ਕਰ ਰਹੇ ਹਨ ਅਤੇ ਸਾਡੇ ਉਤੇ ਦੋਸ਼ ਲਾਇਆ ਜਾ ਰਿਹਾ ਹੈ ਤਾਕਿ ਬਾਅਦ ਵਿਚ ਸਾਡੇ ਵਿਰੁਧ ਕਾਂਗਰਸ ਸਰਕਾਰ ਕਾਰਵਾਈ ਕਰੇ। ਸ. ਪ੍ਰਕਾਸ਼ ਸਿੰਘ ਬਾਦਲ ਅੱਜ ਕਾਫ਼ੀ ਜੋਸ਼ ਵਿਚ ਸਨ ਅਤੇ ਕਿਸੇ ਕਿਸਮ ਦੀ ਚਿੰਤਾ ਵਿਚ ਨਹੀਂ ਲੱਗੇ। ਉਨ੍ਹਾਂ ਕਿਹਾ ਕਿ ਟੀਮ ਨੇ ਤਾਂ ਉਹੀ ਰੀਪੋਰਟ ਤਿਆਰ ਕਰਨੀ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿਣਗੇ ਅਤੇ ਸਾਡੇ ਪਰਵਾਰ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸਾਰੇ ਕਾਂਡ ਨੂੰ 'ਸਿਆਸੀ ਬਦਲਾਖੋਰੀ' ਗਰਦਾਨਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਪੰਜਾਬੀ ਸੂਬੇ ਵਾਸਤੇ ਨਹਿਰੂ ਪਰਵਾਰ ਤੇ ਕਾਂਗਰਸ ਵਿਰੁਧ ਮੋਰਚਾ ਲਾਇਆ, ਫਿਰ 1975 ਵਿਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੇ ਆਪ ਹੁਦਰੇ ਫ਼ੈਸਲਿਆਂ ਯਾਨੀ ''ਐਮਰਜੈਂਸੀ'' ਵਿਰੁਧ ਜੇਲਾਂ ਭਰੀਆਂ ਅਤੇ ਉਸ ਉਪਰੰਤ ''ਬਲੂ ਸਟਾਰ ਉਪਰੇਸ਼ਨ'' ਤੇ ਨਵੰਬਰ 1984 ਦੇ ''ਸਿੱਖ ਕਤਲੇਆਮ'' ਨੂੰ ਲੈ ਕੇ ਕਾਂਗਰਸ ਵਿਰੁਧ ਸੰਘਰਸ਼ ਕੀਤਾ ਜਿਸ ਕਰਕੇ ਅਕਾਲੀ ਦਲ, ਇਸ ਦੇ ਨੇਤਾਵਾਂ ਅਤੇ ਵਿਸ਼ੇਸ਼ ਕਰਕੇ ਬਾਦਲ ਪਰਵਾਰ ਵਿਰੁਧ ਜ਼ਿਦ ਤੇ ਕਿੜਾਂ ਕੱਢ ਰਹੇ ਹਨ। 

ਇਹ ਪੁੱਛੇ ਜਾਣ ਉਤੇ ਕਿ ਬੇਅਦਬੀ ਮਾਮਲਿਆਂ ਵਿਚ ਤੁਹਾਡਾ ਹੱਥ ਸੀ, ਡੇਰਾ ਮੁਖੀ ਨੂੰ ਮਾਫ਼ੀ 'ਤੇ ਕਿਹਾ ਕਿ ਸਾਡਾ ਪਰਵਾਰ ਗੁਰਬਾਣੀ ਦਾ ਪਾਠ ਕਰਦਾ, ਦਰਬਾਰ ਸਾਹਿਬ ਮੱਥਾ ਟੇਕਦਾ ਹੈ ਅਤੇ ਅਸੀ ਬਤੌਰ ਮੁੱਖ ਮੰਤਰੀ ਹੁੰਦੇ ਜ਼ੋਰਾ ਸਿੰਘ ਕਮਿਸ਼ਨ ਬਿਠਾਇਆ, ਬੇਅਦਬੀ ਕਰਨ ਵਾਲਿਆਂ ਵਿਰੁਧ ਉਮਰ ਕੈਦ ਦੀ ਸਜ਼ਾ ਵਾਲਾ ਕਾਨੂੰਨ ਬਣਾਇਆ ਅਤੇ ਹੁਣ ਕਾਂਗਰਸ ਸਰਕਾਰ ਹੀ ਸਾਡੇ ਉਤੇ ਦੋਸ਼ ਲਾ ਕੇ ਮੁਲਜ਼ਮਾਂ ਵਾਂਗ ਕਟਹਿਰੇ ਵਿਚ ਖੜ੍ਹਾ ਕਰ ਰਹੀ ਹੈ। ਇਹ ਸਾਰਾ ਕੁਝ ਸਿਆਸੀ ਸਟੰਟ ਹੈ। ਸ. ਬਾਦਲ ਨੇ ਕਿਹਾ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤਾਂ ਉਹੀ ਕੁਝ ਕਰ ਰਹੀ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਹਿਣਗੇ।

ਪਹਿਲਾਂ ਤਾਂ ਸਾਨੂੰ ਲਿਖਤੀ ਨੋਟਿਸ ਹੀ, ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਸਿਰਨਾਵਾ ਲਿਖ ਕੇ ਭੇਜਿਆ, ਬਾਅਦ ਵਿਚ ਪੁੱਛਗਿੱਛ ਲਈ ਆਈ.ਜੀ ਪੱਧਰ ਦਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਭੇਜ ਦਿਤਾ ਜਿਸ ਨੂੰ ਮਨ੍ਹਾ ਕਰਨ ਉਤੇ ਮਗਰੋਂ ''ਸਿੱਟ'' ਦੇ ਮੁਖੀ ਏ.ਡੀ.ਜੀ.ਪੀ ਪ੍ਰਬੋਧ ਕੁਮਾਰ ਆਏ। ਅਕਸ਼ੈ ਕੁਮਾਰ ਨੂੰ ''ਸਿੱਟ'' ਵਲੋਂ 21 ਨਵੰਬਰ ਨੂੰ ਬੁਲਾਉਣ ਦੇ ਸਬੰਧ ਵਿਚ ਪੁੱਛੇ ਸੁਆਲ ਦਾ ਜੁਆਬ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈ, ਨਾ ਹੀ ਕੋਈ ਵਾਸਤਾ ਅਕਸ਼ੈ ਕੁਮਾਰ ਫ਼ਿਲਮੀ ਕਲਾਕਾਰੀ ਨਾਲ ਹੈ। ਹੁਣ ਸੋਮਵਾਰ 19 ਨਵੰਬਰ ਨੂੰ ਸੁਖਬੀਰ ਬਾਦਲ ਦੀ ਇਸ ਵਿਸ਼ੇਸ਼ ਟੀਮ ਵਲੋਂ ਪੁੱਛ ਗਿੱਛ ਕੀਤੀ ਜਾਵੇਗੀ। 

Related Stories