ਮੌੜ ਮੰਡੀ 'ਚ ਚਿੱਟੇ ਕਾਰਨ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਅੰਦਰ ਚਿੱਟੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ.........

Drugs

ਬਠਿੰਡਾ (ਦਿਹਾਤੀ) : ਸੂਬੇ ਅੰਦਰ ਚਿੱਟੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਪਿੰਡ ਮੌੜ ਕਲਾਂ ਵਿਖੇ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਅਮਨਾ ਸਿੰਘ ਦੀ ਮਾਤਾ ਰੇਸ਼ਮਾ ਕੌਰ ਨੇ ਪੁਲਿਸ ਕੌਰ ਦਿਤੇ ਬਿਆਨਾਂ ਕਿ ਉਨ੍ਹਾਂ ਦਾ ਲੜਕਾ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦਾ ਆਦੀ ਹੋ ਗਿਆ ਸੀ ਪਰ ਬੀਤੇ ਦਿਨੀਂ ਉਸ ਨੇ ਮੇਰੇ ਕੋਲੋ ਇਹ ਕਹਿ ਕਿ 1300 ਰੁਪਏ ਲੈ ਲਏ ਕਿ ਉਸ ਨੇ ਨਸ਼ਾ ਛੱਡਣ ਦੀ ਦਵਾਈ ਲੈਣੀ ਹੈ।

ਉਸ ਨੇ ਅਪਣੇ ਰਿਸ਼ਤੇਦਾਰ ਸ਼ਿਵਾ ਸਿੰਘ ਨੂੰ ਅਪਣੇ ਪੁੱਤਰ ਨਾਲ ਦਵਾਈ ਲੈਣ ਭੇਜ ਦਿਤਾ ਤੇ ਕੁੱਝ ਸਮੇਂ ਬਾਅਦ ਜਦੋਂ ਦੋਵੇਂ ਵਾਪਸ ਆਏ ਤਾਂ ਸ਼ਿਵੇ ਨੇ ਦਸਿਆ ਕਿ ਰਸਤੇ 'ਚ ਉਨ੍ਹਾਂ ਨੂੰ ਮੰਗਾ ਸਿੰਘ ਵਾਸੀ ਮੌੜ ਕਲਾਂ ਨੇ ਰੋਕ ਲਿਆ। ਅਮਨਾ ਸਿੰਘ ਨੇ ਮੰਗਾ ਸਿੰਘ ਨੂੰ ਦਸਿਆ ਕਿ ਉਹ ਨਸ਼ਾ ਛੱਡਣ ਦੀ ਦਵਾਈ ਲੈਣ ਆਇਆ ਹੈ ਤਾਂ ਮੰਗਾ ਸਿੰਘ ਨੇ ਕਿਹਾ ਕਿ ਉਹ ਤੁਹਾਨੂੰ ਦਵਾਈ ਇਥੇ ਹੀ ਦੇ ਦਿੰਦਾ ਹੈ ਤੇ ਅਪਣੇ ਘਰੇ ਲੈ ਗਿਆ। ਜਿਥੇ ਉਸ ਨੇ ਇਕ ਚਿੱਟੇ ਰੰਗ ਦੇ ਪਾਊਡਰ ਨੂੰ ਘੋਲ ਕੇ ਸਰਿੰਜ ਰਾਹੀਂ ਅਮਨਾ ਸਿੰਘ ਦੀ ਬਾਂਹ 'ਤੇ ਲਗਾ ਦਿਤਾ। ਜਿਸ ਤੋਂ ਬਾਅਦ ਉਹ ਦੋਵੇਂ ਘਰੇ ਆ ਗਏ ਤੇ ਘਰੇ ਪਹੁੰਚ ਕੇ ਜਦੋਂ ਅਮਨਾ ਸਿੰਘ ਦੀ ਹਾਲਤ ਵਿਗੜਨ ਲੱਗੀ

ਤਾਂ ਉਸ ਨੂੰ ਮੌੜ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਿਸ ਤੋਂ ਬਾਅਦ ਉਨ੍ਹਾਂ ਸਿਵਲ ਹਸਪਤਾਲ ਬਠਿੰਡਾ ਨਸ਼ਾ ਛਡਾਉ ਕੇਂਦਰ ਲਿਜਾਇਆ ਗਿਆ। ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਮੰਗਾ ਸਿੰਘ ਵਾਸੀ ਮੌੜ ਕਲਾਂ ਵਿਰੁਧ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਨਾਮਜ਼ਦ ਵਿਅਤਕੀ ਦੀ ਭਾਲ ਸ਼ੁਰੂ ਕਰ ਦਿਤੀ ਹੈ।ਉਨ੍ਹਾਂ ਅੱਗੇ ਦਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿਤਾ ਗਿਆ ਹੈ।