ਜਿਲ੍ਹਾ ਫਤਿਹਗੜ੍ਹ ਸਾਹਿਬ ਦੇ 133 ਉਮੀਦਵਾਰਾਂ ਦੇ ਪੰਚਾਇਤ ਚੋਣਾਂ ਦੇ ਕਾਗਜ਼ ਹੋਏ ਰੱਦ
30 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਫਤਹਿਗੜ ਸਾਹਿਬ ਦੀਆਂ 428 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਵੱਖ-ਵੱਖ ਇਲਾਕਿਆਂ 'ਚੋਂ ਅਲੱਗ-ਅਲੱਗ...
ਫਤਿਹਗੜ੍ਹ ਸਾਹਿਬ (ਭਾਸ਼ਾ) : 30 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਫਤਹਿਗੜ ਸਾਹਿਬ ਦੀਆਂ 428 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਵੱਖ-ਵੱਖ ਇਲਾਕਿਆਂ 'ਚੋਂ ਅਲੱਗ-ਅਲੱਗ ਪਾਰਟੀਆਂ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਸਰਪੰਚ ਬਣਨ ਲਈ ਦਾਖਲ ਕੀਤੇ ਗਏ 1597 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੇ ਜਾਣ ਤੋਂ ਬਾਅਦ 133 ਨਾਮਜ਼ਦਗੀਆਂ ਰੱਦ ਕਰ ਦਿੱਤੀ ਗਈਆਂ ਹਨ। ਇਸ ਤੋਂ ਇਲਾਵਾ ਪੰਚਾਂ ਦੀ ਚੋਣ ਸਬੰਧੀ ਦਾਖਲ ਕੀਤੇ ਗਏ 4968 ਨਾਮਜ਼ਦਗੀ ਪੱਤਰਾਂ 'ਚੋਂ 273 ਪੇਪਰ ਰੱਦ ਕਰ ਦਿੱਤੇ ਗਏ ਹਨ। ਜਿਸਦੇ ਚੱਲਦੇ ਹੁਣ ਸਰਪੰਚ ਦੀ ਚੋਣ ਲਈ 1464 ਅਤੇ ਪੰਚਾਂ ਲਈ 4695 ਉਮੀਦਵਾਰ ਚੌਣ ਮੈਦਾਨ 'ਚ ਰਹਿ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲਾ ਫਤਹਿਗੜ ਸਾਹਿਬ 'ਚ 30 ਦਸੰਬਰ ਨੂੰ 428 ਗ੍ਰਾਮ ਪੰਚਾਇਤਾਂ ਦੀਆਂ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਸਬੰਧੀ 19 ਦਸੰਬਰ ਸ਼ਾਮ ਤੱਕ ਸਰਪੰਚਾਂ ਲਈ 1597 ਅਤੇ ਪੰਚਾਂ ਲਈ 4968 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਇਨਾਂ ਦਾਖਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤਹਿਤ ਸਰਪੰਚਾਂ ਨਾਲ ਸਬੰਧਿਤ 133 ਅਤੇ ਪੰਚਾਂ ਸਬੰਧੀ 273 ਨਾਮਜ਼ਦਗੀਆਂ, ਕਾਗਜ਼ਾਂ ਵਿੱਚ ਪਾਈਆਂ ਗਈਆਂ ਵੱਖ-ਵੱਖ ਖਾਮੀਆਂ ਕਾਰਨ ਰੱਦ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਸ੍ਰ.ਢਿੱਲੋਂ ਨੇ ਅੱਗੇ ਦੱਸਿਆ ਕਿ ਬਲਾਕ ਅਮਲੋਹ ਵਿੱਚ ਸਰਪੰਚਾਂ ਲਈ 341 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ, ਜਿਨਾਂ ਵਿੱਚੋਂ 46 ਰੱਦ ਕੀਤੀਆਂ ਗਈਆਂ ਹਨ। ਜਦਕਿ ਬਲਾਕ ਬੱਸੀ ਪਠਾਣਾਂ ਵਿੱਚ ਸਰਪੰਚਾਂ ਸਬੰਧੀ 279 ਵਿੱਚੋਂ 3, ਸਰਹਿੰਦ ਬਲਾਕ ਵਿੱਚ 382 'ਚੋਂ 61, ਬਲਾਕ ਖੇੜਾ ਵਿੱਚ 332 'ਚੋਂ 23 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਬਲਾਕ ਖਮਾਣੋਂ ਵਿੱਚ 263 ਵਿੱਚੋਂ ਕੋਈ ਵੀ ਨਾਮਜ਼ਦਗੀ ਰੱਦ ਨਹੀਂ ਕੀਤੀ ਗਈ ਹੈ।। ਉਨ੍ਹਾਂ ਅੱਗੇ ਦੱਸਿਆ ਕਿ ਪੰਚਾਂ ਦੀ ਚੋਣ ਸਬੰਧੀ ਬਲਾਕ ਅਮਲੋਹ ਵਿੱਚ 1126 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ
ਅਤੇ ਪੇਪਰਾਂ ਦੀ ਪੜਤਾਲ ਦੌਰਾਨ 65 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਬਲਾਕ ਬੱਸੀ ਪਠਾਣਾਂ ਵਿੱਚ 769 ਵਿੱਚੋਂ 13, ਬਲਾਕ ਸਰਹਿੰਦ ਵਿੱਚ 1244 'ਚੋਂ 116, ਬਲਾਕ ਖੇੜਾ ਵਿੱਚ 976 'ਚੋਂ 73 ਨਾਮਜ਼ਦਗੀਆਂ ਅਤੇ ਬਲਾਕ ਖਮਾਣੋਂ ਵਿੱਚ 853 ਵਿੱਚੋਂ 6 ਨਾਮਜ਼ਦਗੀ ਰੱਦ ਕੀਤੀਆਂ ਗਈਆਂ ਹਨ। ਗ੍ਰਾਮ ਪੰਚਾਇਤ ਚੋਣਾਂ ਲਈ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਦੀ ਪੋਲਿੰਗ ਹੋਵੇਗੀ। ਇਸਦੇ ਉਪਰੰਤ ਮੌਕੇ 'ਤੇ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ।