ਏਆਈਜੀ ਉੱਪਲ ਵਿਰੁਧ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਲਾਅ ਵਿਦਿਆਰਥਣ ਨੇ ਬਦਲੇ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਆਈਜੀ ਰਣਧੀਰ ਸਿੰਘ ਉੱਪਲ ਦੇ ਖਿਲਾਫ਼ ਯੌਨ ਸ਼ੋਸ਼ਣ ਦੀ ਸ਼ਿਕਾਇਤ ਦੇਣ ਵਾਲੀ ਲਾਅ ਵਿਦਿਆਰਥਣ ਸ਼ਨਿਚਰਵਾਰ ਡਿਊਟੀ ਮੈਜਿਸਟ੍ਰੇਟ...

AIG Uppal

ਅੰਮ੍ਰਿਤਸਰ (ਸਸਸ) : ਏਆਈਜੀ ਰਣਧੀਰ ਸਿੰਘ ਉੱਪਲ ਦੇ ਖਿਲਾਫ਼ ਯੌਨ ਸ਼ੋਸ਼ਣ ਦੀ ਸ਼ਿਕਾਇਤ ਦੇਣ ਵਾਲੀ ਲਾਅ ਵਿਦਿਆਰਥਣ ਸ਼ਨਿਚਰਵਾਰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਮੁਕਰ ਗਈ। ਇਸ ਤੋਂ ਬਾਅਦ ਹੁਣ ਏਆਈਜੀ ਉੱਪਲ ਦੇ ਖਿਲਾਫ਼ ਦਰਜ ਐਫ਼ਆਈਆਰ ਕੈਂਸਲ ਹੋਣ ਦੇ ਆਸਾਰ ਬਣ ਗਏ ਹਨ। ਧਿਆਨ ਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਣਾਈ ਗਈ ਜਾਂਚ ਕਮੇਟੀ ਦੇ ਸਾਹਮਣੇ ਵੀ ਇਹ ਲਾਅ ਵਿਦਿਆਰਥਣ ਪੇਸ਼ ਨਹੀਂ ਹੋਈ ਸੀ।

ਖ਼ਾਲਸਾ ਕਾਲਜ ਦੇ ਲਾਅ ਕਾਲਜ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੇ 17 ਸਤੰਬਰ ਨੂੰ ਏਆਈਜੀ ਰਣਧੀਰ ਸਿੰਘ ਉੱਪਲ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ। ਪੀੜਤ ਨੇ ਆਈਜੀ ਵਿਭੂ ਰਾਜ ਦੇ ਸਾਹਮਣੇ ਪੇਸ਼ ਹੋ ਕੇ ਵਾਟਸਐਪ ਚੈਟਿੰਗ, ਗਾਲ੍ਹਾਂ ਦੇਣ ਦੀ ਰਿਕਾਡਿੰਗ, ਵਾਟਸਐਪ ਕਾਲਿੰਗ ਦੀ ਰਿਕਾਰਡਿੰਗ ਸਮੇਤ ਕਈ ਸਬੂਤ ਦਿਤੇ ਸਨ। ਪੁਲਿਸ ਨੇ ਪਹਿਲਾਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਪਰ ਇਕ ਵਿਧਾਇਕ ਵਲੋਂ ਮਾਮਲੇ ਦੇ ਵਿਚ ਪੈ ਕੇ ਧਰਨੇ ਦੀ ਧਮਕੀ ਦੇ ਕੇ ਏਆਈਜੀ ਉੱਪਲ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ।

ਏਆਈਜੀ ਉੱਪਲ ਦੇ ਖਿਲਾਫ਼ ਧਾਰਾ 376, 376-ਡੀ (ਰੇਪ), 354, 354-ਸੀ (ਛੇੜਛਾੜ), 498 (ਵਿਆਹੀ ਔਰਤ ਨਾਲ ਸਬੰਧ ਬਣਾਉਣਾ), 506 (ਧਮਕਾਉਣਾ), 25, 54, 59 ਆਰਐਸ ਐਕਟ ਅਤੇ ਆਈਟੀ ਐਕਟ 2000 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਏਆਈਜੀ ਦੇ ਖਿਲਾਫ਼ ਪੁਲਿਸ ਵਿਭਾਗ ਨੇ ਕਾਰਵਾਈ ਕਰਦੇ ਹੋਏ ਸਸਪੈਂਡ ਕਰ ਦਿਤਾ ਸੀ। ਇਹੀ ਨਹੀਂ ਉਨ੍ਹਾਂ ਦੇ  ਖਿਲਾਫ਼ ਲੁਟ ਆਉਟ ਕਾਰਨਰ ਵੀ ਜਾਰੀ ਹੋ ਚੁੱਕਿਆ ਸੀ ਅਤੇ ਉਹ ਭੂਮੀਗਤ ਚੱਲ ਰਹੇ ਸਨ।

ਐਫ਼ਆਈਆਰ ਦਰਜ ਹੋਣ ‘ਤੇ ਮਾਮਲਾ ਕੋਰਟ ਵਿਚ ਪਹੁੰਚਿਆ ਤਾਂ ਸ਼ੁਰੂਆਤ ਵਿਚ ਹੀ ਪੀੜਤਾ ਨੂੰ ਬਿਆਨ ਦੇਣ ਲਈ ਕੋਰਟ ਵਿਚ ਬੁਲਾਇਆ ਗਿਆ। ਸ਼ਨਿਚਰਵਾਰ ਥਾਣਾ ਕੰਟੋਨਮੈਂਟ ਦੇ ਐਸਐਚਓ ਸੰਜੀਵ ਕੁਮਾਰ ਦੇ ਨਾਲ ਲਾਅ ਵਿਦਿਆਰਥਣ ਕੋਰਟ ਪਹੁੰਚੀ। ਇੱਥੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਉਸ ਦੇ ਬਿਆਨ ਬਦਲ ਚੁੱਕੇ ਸਨ। ਲਾਅ ਵਿਦਿਆਰਥਣ ਨੇ ਸਪੱਸ਼ਟ ਕੀਤਾ ਕਿ ਉਸ ਦੇ ਨਾਲ ਕੁੱਝ ਹੋਇਆ ਹੀ ਨਹੀਂ ਅਤੇ ਨਾ ਹੀ ਰੇਪ ਹੋਇਆ। ਉਹ ਡਿਪ੍ਰੈਸ਼ਨ ਵਿਚ ਸੀ।

ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਨੂੰ ਲੋਕਾਂ ਨੇ ਵੀ ਗ਼ਲਤ ਗਾਈਡ ਕੀਤਾ ਅਤੇ ਉਸ ਨੇ ਸ਼ਿਕਾਇਤ ਕਰ ਦਿਤੀ। ਉਥੇ ਹੀ ਜਦੋਂ ਪੰਜਾਬ ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਇਕ ਜਾਂਚ ਕਮੇਟੀ ਏਸੀਪੀ ਰੀਚਾ ਅਗਨੀਹੋਤਰੀ ਦੇ ਅਧੀਨ ਬਣਾਈ ਗਈ। ਕਮੇਟੀ ਨੇ ਲਾਅ ਵਿਦਿਆਰਥਣ ਨੂੰ ਬੁਲਾਇਆ ਤਾਂ ਉਹ ਪੇਸ਼ ਹੀ ਨਹੀਂ ਹੋਈ। ਉਸ ਨੇ ਵਕੀਲ ਦੇ ਨਾਲ ਪੇਸ਼ ਹੋਣ ਦੀ ਗੱਲ ਕਹੀ ਸੀ।

Related Stories