ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਰਿਪੋਟ ਛੇਤੀ ਆਉਣ ਦੀ ਸੰਭਾਵਨਾ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ (ਸਿਟ) ਵਲੋਂ ਜਲਦੀ ਹੀ ਅਪਣੀ ਰਿਪੋਟ...

Sunil Jakhar

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ (ਸਿਟ) ਵਲੋਂ ਜਲਦੀ ਹੀ ਅਪਣੀ ਰਿਪੋਟ ਸਰਕਾਰ ਨੂੰ ਸੌਂਪਣ ਦੀ ਸੰਭਾਵਨਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾਵਾਂ ਮਿਲ ਸਕਣ। ਇਹ ਗੱਲ ਅੱਜ ਇਥੇ ਪੱਤਰਕਾਰਾਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਹੀ।

ਉਨ੍ਹਾਂ ਨੂੰ ਪੁਛਿਆ ਗਿਆ ਕਿ ਬਰਗਾੜੀ ਮੋਰਚਾ ਇਕ ਵਾਰ ਤਾਂ ਖ਼ਤਮ ਹੋ ਗਿਆ ਪਰ ਸਰਕਾਰ ਉਨ੍ਹਾਂ ਦੀ ਤਸਲੀ ਨਹੀਂ ਕਰਵਾ ਸਕੀ ਅਤੇ ਉਹ ਦੁਬਾਰਾ ਮੋਰਚਾ ਲਾਉਣ ਜਾ ਰਹੇ ਹਨ। ਜਾਖੜ ਨੇ ਕਿਹਾ ਕਿ ਰਿਪੋਟ ਮਿਲਣ ਉਪਰੰਤ ਤੁਰਤ ਕਾਰਵਾਈ ਹੋਵੇਗੀ। ਜਾਖੜ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਵੀ ਕਈ 'ਸਿਟ' ਸਾਹਮਣੇ ਪੇਸ਼ ਹੋ ਕੇ ਬਿਆਨ ਦੇ ਚੁੱਕੇ ਹਨ ਪਰ ਉਨ੍ਹਾਂ ਨੇ ਅਜੇ ਤਕ ਇਹ ਸਪੱਸ਼ਟ ਨਹੀਂ ਕੀਤਾ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਸਬੰਧੀ ਬੰਬਈ ਵਿਚ ਉਨ੍ਹਾਂ ਨੇ ਮੀਟਿੰਗ ਕੀਤੀ ਸੀ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਸਪੱਸ਼ਟ ਕਰਨ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਦਾ ਮੁਕਾਬਲਾ ਅਕਾਲੀ ਦਲ ਨਾਲ ਹੈ ਜਾਂ ਆਮ ਆਦਮੀ ਪਾਰਟੀ ਨਾਲ। ਜਾਖੜ ਨੇ ਕਿਹਾ ਕਿ ਲੋਕਾਂ ਨੇ ਅਕਾਲੀਆਂ ਨੂੰ ਹਾਸ਼ੀਏ 'ਤੇ ਕਰ ਦਿਤਾ ਹੈ। ਹੁਣ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। 'ਆਪ' ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਵੀ ਖੇਰੂੰ-ਖੇਰੂੰ ਹੋ ਚੁੱਕੀ ਹੈ। ਇਸ ਲਈ ਕਾਂਗਰਸ ਦੇ ਮੁਕਾਬਲੇ ਕੋਈ ਵੀ ਟਿਕ ਨਹੀਂ ਪਾਵੇਗਾ।

ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਹਾਈਕਮਾਨ ਵਲੋਂ ਕੀਤੀ ਜਾਣੀ ਹੈ। ਪ੍ਰਦੇਸ਼ ਕਾਂਗਰਸ ਤਾਂ ਉਮੀਦਵਾਰਾਂ ਦੇ ਪਿਛੋਕੜ ਆਦਿ ਸਬੰਧੀ ਜਾਣਕਾਰੀ ਹੀ ਦੇ ਸਕਦਾ ਹੈ। ਚੋਣਾਂ ਦੀ ਤਿਆਰੀ ਲਈ ਮਾਹਰ, ਪ੍ਰਸ਼ਾਂਤ ਕੁਮਾਰ ਦੀਆਂ ਸੇਵਾਵਾਂ ਲੈਣ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਨੇ ਉਨ੍ਹਾਂ ਦੀਆਂ ਕੋਈ ਸੇਵਾਵਾਂ ਨਹੀਂ ਲਈਆਂ। ਮੁੱਖ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਡਰੱਗ ਮਾਫ਼ੀਆ ਅਤੇ ਭੂੰ-ਮਾਫ਼ੀਆ ਦਾ ਸਰਕਾਰ ਨੇ ਲੱਕ ਤੋੜ ਦਿਤਾ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਕਿਸ ਮੂੰਹ ਨਾਲ ਕਹਿ ਰਿਹਾ ਹੈ ਕਿ ਡਰੱਗ ਦਾ ਧੰਦਾ ਅਜੇ ਚਲ ਰਿਹਾ ਹੈ। ਉਹ ਤਾਂ ਅਪਣੀ ਸਰਕਾਰ ਸਮੇਂ ਕਹਿੰਦਾ ਸੀ ਕਿ ਡਰੱਗ ਤਾਂ ਹੈ ਹੀ ਨਹੀਂ। ਪ੍ਰਿਆਂਕਾ ਵਾਡਰਾ ਨੂੰ ਯੂ.ਪੀ. ਦੀ ਕਮਾਨ ਸੌਂਪੇ ਜਾਣ ਸਬੰਧੀ ਜਾਖੜ ਨੇ ਕਿਹਾ ਕਿ ਪਾਰਟੀ ਵਰਕਰਾਂ, ਨੌਜਵਾਨਾਂ, ਇਸਤਰੀਆਂ ਅਤੇ ਗ਼ਰੀਬ ਵਰਗ ਦੇ ਹੌਸਲੇ ਵਧਣਗੇ। ਪਾਰਟੀ ਨੂੰ ਉਸ ਦਾ ਬਾਹੁਤ ਲਾਭ ਹੋਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿਚ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕਮਰਕੱਸੇ ਕਰਨ ਲਈ ਕਿਹਾ ਗਿਆ ਹੈ।

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਦਸਿਆ ਕਿ ਦੋ ਪ੍ਰਧਾਨਾਂ ਨੂੰ ਛੱਡ ਕੇ ਬਾਕੀ ਸਾਰੇ ਨਵੇਂ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਨਾਲ ਇਹ ਪਹਿਲੀ ਮੀਟਿੰਗ ਹੈ। 25 ਜਨਵਰੀ ਨੂੰ ਸਾਰੇ ਵਿਧਾਇਕਾਂ ਦੀ ਹੋਣ ਵਾਲੀ ਮੀਟਿੰਗ ਵਿਚ ਸਰਬ ਹਿੰਦ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਚੋਣਾਂ ਦੀ ਤਿਆਰੀ ਸਬੰਧੀ ਕਾਂਗਰਸ ਵਿਧਾਇਕਾਂ ਨੂੰ ਜਾਣਕਾਰੀ ਦੇਵੇਗੀ।

Related Stories