ਲੁਟੇਰਿਆਂ ਨੇ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਲੁੱਟੇ 18 ਲੱਖ
ਲੁਧਿਆਣਾ ਦੇ ਮੇਹਰਬਾਨ ਇਲਾਕੇ ਵਿਚ ਸਥਿਤ ਇਕ ਫੈਕਟਰੀ ਵਿਚ ਲਗਭੱਗ 18 ਨਕਾਬਪੋਸ਼ ਲੁਟੇਰਿਆਂ ਨੇ ਵਰਕਰਾਂ ਨੂੰ ਬੰਦੀ ਬਣਾ ਕੇ...
ਲੁਧਿਆਣਾ : ਲੁਧਿਆਣਾ ਦੇ ਮੇਹਰਬਾਨ ਇਲਾਕੇ ਵਿਚ ਸਥਿਤ ਇਕ ਫੈਕਟਰੀ ਵਿਚ ਲਗਭੱਗ 18 ਨਕਾਬਪੋਸ਼ ਲੁਟੇਰਿਆਂ ਨੇ ਵਰਕਰਾਂ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ। ਲੁਟੇਰਿਆਂ ਨੇ ਫੈਕਟਰੀ ਦੇ ਚਾਰ ਵਰਕਰਾਂ ਅਤੇ ਸਿਕਓਰਿਟੀ ਗਾਰਡ ਨੂੰ ਹਥਿਆਰਾਂ ਦੇ ਜ਼ੋਰ ‘ਤੇ ਬੰਦੀ ਬਣਾ ਲਿਆ ਅਤੇ ਦੋ ਵੱਖ-ਵੱਖ ਗੱਡੀਆਂ ਵਿਚ ਧਾਗਾ, ਕੱਪੜਾ ਲੱਦ ਕੇ ਲੈ ਗਏ। ਜਾਂਦੇ ਸਮੇਂ ਲੁਟੇਰੇ ਸਿਕਓਰਿਟੀ ਗਾਰਡ ਦਾ ਮੋਟਰਸਾਈਕਲ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਉਤਾਰ ਕੇ ਲੈ ਗਏ।
ਲੁਟੇਰਿਆਂ ਨੇ ਵਰਕਰਾਂ ਦੇ ਮੋਬਾਇਲ ਅਤੇ ਦਸ ਹਜ਼ਾਰ ਰੁਪਏ ਵੀ ਖੋਹ ਲਏ। ਲੁਟੇਰਿਆਂ ਦੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਵਰਕਰਾਂ ਨੇ ਅਪਣੇ ਆਪ ਨੂੰ ਅਜ਼ਾਦ ਕਰਵਾਇਆ ਅਤੇ ਸੂਚਨਾ ਫੈਕਟਰੀ ਮਾਲਕ ਨੂੰ ਦਿਤੀ। ਇਸ ਤੋਂ ਬਾਅਦ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿਤੀ ਗਈ। ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ਉਤੇ ਪਹੁੰਚੀ। ਇਸ ਮਾਮਲੇ ਵਿਚ ਮਾਲਕ ਦੇ ਬਿਆਨ ‘ਤੇ ਲਗਭੱਗ ਡੇਢ ਦਰਜਨ ਨੌਜਵਾਨਾਂ ਦੇ ਖਿਲਾਫ਼ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਫੈਕਟਰੀ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਸੀੜਾ ਵਿਚ ਉਨ੍ਹਾਂ ਦੀ ਆਰਆਰ ਫ਼ੈਬਰਿਕ ਦੇ ਨਾਮ ਤੋਂ ਫੈਕਟਰੀ ਹੈ। ਉਸ ਦੀ ਫੈਕਟਰੀ ਦੇ ਅੰਦਰ ਰਾਤ ਨੂੰ ਚਾਰ ਵਰਕਰ ਚੰਦਨ, ਸਰਵੇਸ਼, ਸ਼ਾਮ ਕੁਮਾਰ ਅਤੇ ਸੰਜੈ ਕੁਮਾਰ ਰਹਿੰਦੇ ਹਨ। ਸਿਕਓਰਿਟੀ ਗਾਰਡ ਬੂਥਰਾਜ ਹੈ। ਸ਼ੁੱਕਰਵਾਰ ਦੀ ਸਵੇਰੇ ਲਗਭੱਗ ਤਿੰਨ ਵਜੇ ਫੈਕਟਰੀ ਦੇ ਅੰਦਰ ਕਰੀਬ 18 ਲੁਟੇਰੇ ਦਾਖ਼ਲ ਹੋ ਗਏ। ਸਾਰੇ ਲੁਟੇਰਿਆਂ ਦੇ ਹੱਥ ਵਿਚ ਤਲਵਾਰਾਂ, ਛੁਰੇ ਅਤੇ ਚਾਕੂ ਸਨ।
ਅੰਦਰ ਵੜਦੇ ਹੀ ਸਭ ਤੋਂ ਪਹਿਲਾਂ ਸਿਕਓਰਿਟੀ ਗਾਰਡ ਨੂੰ ਬੰਦੀ ਬਣਾਇਆ। ਫਿਰ ਇਕ-ਇਕ ਕਰ ਕੇ ਬਾਕੀ ਵਰਕਰਾਂ ਨੂੰ ਕਮਰਾਂ ਵਿਚੋਂ ਕੱਢ ਕੇ ਬੰਦੀ ਬਣਾ ਲਿਆ। ਲੁਟੇਰਿਆਂ ਨੇ ਸਾਰਿਆਂ ਦੇ ਮੋਬਾਇਲ ਲੈ ਲਏ ਅਤੇ ਗਾਰਡ ਦੇ ਮੋਬਾਇਲ ਦੀ ਸਿਮ ਕੱਢ ਕੇ ਉਸ ਨੂੰ ਮੋਬਾਇਲ ਵਾਪਸ ਕਰ ਦਿਤਾ। ਇਕ ਵਰਕਰ ਦਾ ਮੋਬਾਇਲ ਕਮਰੇ ਵਿਚ ਪਿਆ ਸੀ, ਜੋ ਲੁਟੇਰਿਆਂ ਨੂੰ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਬਾਹਰ ਖੜੀਆਂ ਦੋ ਮਹਿੰਦਰਾ ਪਿਕਅਪ ਉਤੇ ਧਾਗਾ ਅਤੇ ਕੱਪੜਾ ਲੋਅਡ ਕੀਤਾ।
ਇਸ ਤੋਂ ਬਾਅਦ ਆਫਿਸ ਦੇ ਅੰਦਰੋਂ ਲੈਪਟਾਪ, ਐਲਈਡੀ ਅਤੇ ਜਾਂਦੇ ਹੋਏ ਸਿਕਓਰਿਟੀ ਗਾਰਡ ਦਾ ਮੋਟਰਸਾਈਕਲ ਵੀ ਲੈ ਗਏ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਲੁਟੇਰੇ ਕਰੀਬ 18 ਲੱਖ ਦਾ ਮਾਲ ਲੁੱਟ ਲੈ ਗਏ ਹੈ। ਥਾਣਾ ਮੇਹਰਬਾਨ ਦੇ ਐਸਐਚਓ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਫੈਕਟਰੀ ਮਾਲਕ ਦੀ ਸ਼ਿਕਾਇਤ ਉਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਕ ਫੁਟੇਜ ਮਿਲੀ ਹੈ। ਜਿਸ ਵਿਚ ਦੋ ਗੱਡੀਆਂ ਨਜ਼ਰ ਆ ਰਹੀਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।