ਪਠਾਨਕੋਟ : ਪੁਲਿਸ ਨੇ ਫ਼ੌਜ ਦੀ ਵਰਦੀ ‘ਚ ਫੜੇ ਚਾਰ ਸ਼ੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਪਠਾਨਕੋਟ-ਜਲੰਧਰ ਰਾਸ਼ਟਰੀ ਰਸਤੇ ਉਤੇ ਪਿੰਡ ਨੰਗਲਪੁਰ ਦੇ ਕੋਲ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ...

Police caught four suspects

ਪਠਾਨਕੋਟ (ਸਸਸ) : ਪੁਲਿਸ ਨੇ ਪਠਾਨਕੋਟ-ਜਲੰਧਰ ਰਾਸ਼ਟਰੀ ਰਸਤੇ ਉਤੇ ਪਿੰਡ ਨੰਗਲਪੁਰ ਦੇ ਕੋਲ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਚਾਰੇ ਸ਼ੱਕੀ ਹਿਮਾਚਲ ਨੰਬਰ ਦੀ ਇਕ ਸਕਾਰਪੀਓ ਗੱਡੀ ਵਿਚ ਸਵਾਰ ਸਨ ਅਤੇ ਫ਼ੌਜ ਦੀ ਵਰਦੀ ਵਿਚ ਸਨ। ਨਾਕੇ ਉਤੇ ਸ਼ੱਕ ਹੋਇਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਚੈਕਿੰਗ ਤੋਂ ਬਾਅਦ ਚਾਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਨ੍ਹਾਂ ਨੂੰ ਪੁੱਛਗਿਛ ਕੀਤੀ ਜਾ ਰਹੀ ਹੈ।

ਪੁਲਿਸ ਅਤੇ ਸੁਰੱਖਿਆ ਬਲ ਲਗਾਤਾਰ ਸੁਰੱਖਿਆ ਮੁਹਿੰਮ ਚਲਾ ਰਹੇ ਹਨ। ਕਾਰ ਸਵਾਰ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਜਾਣਾ ਪੁਲਿਸ ਦੀ ਵੱਡੀ ਉਪਲੱਬਧੀ ਮੰਨੀ ਜਾ ਰਹੀ ਹੈ। ਪੁੱਛਗਿਛ ਵਿਚ ਉਨ੍ਹਾਂ ਨੂੰ ਵੱਡਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਨਵੰਬਰ ਦੇ ਪਹਿਲੇ ਹਫ਼ਤੇ ਵਿਚ ਡੀਆਰਆਈ ਅਤੇ ਫ਼ੌਜ ਨੇ ਮਿਲ ਕੇ ਜੰਮੂ-ਕਸ਼ਮੀਰ ਦੇ ਬਾਰਡਰ ਅਖਨੂਰ ਦੇ ਨੇੜੇ ਛਾਪੇਮਾਰੀ ਕਰ ਕੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਛਾਪੇਮਾਰੀ ਦੇ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ ਵਧੇਰੇ ਗਿਣਤੀ ਵਿਚ ਹਥਿਆਰ ਅਤੇ 105 ਕਰੋੜ ਦੀ ਹੈਰੋਇਨ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਫ਼ੌਜ ਦੇ ਅਧਿਕਾਰੀਆਂ ਨੇ ਵੀ ਮੰਨਿਆ ਸੀ ਕਿ ਕਸ਼ਮੀਰੀ ਅਤਿਵਾਦੀਆਂ ਨੇ ਨਸ਼ਾ ਤਸਕਰਾਂ ਦੇ ਨਾਲ ਹੱਥ ਮਿਲਾ ਲਿਆ ਹੈ। ਉਥੇ ਹੀ ਜੰਮੂ ਰੇਲਵੇ ਸਟੇਸ਼ਨ ਪਠਾਨਕੋਟ ਲਈ ਬੁੱਕ ਕੀਤੀ ਗਈ ਟੈਕਸੀ ਨੂੰ ਖੋਹ ਕੇ ਚਾਰ ਸ਼ੱਕੀ ਭੱਜ ਗਏ ਸਨ, ਜਿਨ੍ਹਾਂ ‘ਤੇ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ।

ਜਲੰਧਰ ਵਿਚ ਥਾਣਾ ਮਕਸੂਦਾਂ ਵਿਚ ਧਮਾਕੇ ਦੇ ਮੁੱਖ ਦੋਸ਼ੀ ਜਾਕੀਰ ਮੂਸਾ ਨੂੰ ਵੀ ਪੁਲਿਸ ਨਸ਼ਾ ਤਸਕਰੀ ਨਾਲ ਜੋੜ ਕੇ ਜਾਂਚ ਕਰਨ ਵਿਚ ਜੁਟੀ ਹੋਈ ਹੈ। ਸੂਤਰਾਂ ਦੇ ਮੁਤਾਬਕ ਮੂਸਾ ਨੇ ਵੀ ਪਹਿਲਾਂ ਨਸ਼ਾ ਤਸਕਰਾਂ ਨਾਲ ਹੱਥ ਮਿਲਾਇਆ ਅਤੇ ਤਸਕਰੀ ਕਰ ਕੇ ਪੈਸੇ ਇਕੱਠੇ ਕੀਤੇ। ਮੂਸਾ ਨੇ ਹਥਿਆਰ ਖ਼ਰੀਦਣ ਤੋਂ ਬਾਅਦ ਜਲੰਧਰ ਸਥਿਤ ਥਾਣਾ ਮਕਸੂਦਾਂ ਵਿਚ ਧਮਾਕਾ ਕਰਵਾ ਦਿਤਾ। ਪੁਲਿਸ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਅਤਿਵਾਦੀਆਂ ਵਲੋਂ ਨਸ਼ਾ ਤਸਕਰਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਉਨ੍ਹਾਂ ਦੇ ਕੋਲ ਹਥਿਆਰ ਖ਼ਰੀਦਣ ਲਈ ਕਾਫ਼ੀ ਪੈਸੇ ਆ ਗਏ ਹਨ।