ਪਠਾਨਕੋਟ ਰੇਲਵੇ ਸਟੇਸ਼ਨ ਤੋਂ ਫੜੇ ਸ਼ੱਕੀ ਅਤਿਵਾਦੀ ਨਿਕਲੇ ਵਿਦਿਆਰਥੀ
ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਸ਼ੱਕੀ ਅਤਿਵਾਦੀਆਂ ਦੇ ਆਧਾਰ ਉਤੇ ਪੰਜਾਬ ਅਤੇ ਜੰਮੂ ਕਸ਼ਮੀਰ ਪੁਲਿਸ ਵਲੋਂ ਐਤਵਾਰ ਨੂੰ ਹਿਰਾਸਤ ਵਿਚ ਲਏ...
ਪਠਾਨਕੋਟ (ਸਸਸ) : ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਸ਼ੱਕੀ ਅਤਿਵਾਦੀਆਂ ਦੇ ਆਧਾਰ ਉਤੇ ਪੰਜਾਬ ਅਤੇ ਜੰਮੂ ਕਸ਼ਮੀਰ ਪੁਲਿਸ ਵਲੋਂ ਐਤਵਾਰ ਨੂੰ ਹਿਰਾਸਤ ਵਿਚ ਲਏ ਗਏ ਕਸ਼ਮੀਰੀ ਨੌਜਵਾਨ ਵਿਦਿਆਰਥੀ ਨਿਕਲੇ। ਮੁੱਢਲੀ ਪੁੱਛਗਿੱਛ ਵਿਚ ਫ਼ਿਲਹਾਲ ਪੁਲਿਸ ਨੂੰ ਉਨ੍ਹਾਂ ਦੇ ਕੋਲੋਂ ਨਾ ਤਾਂ ਕੋਈ ਸ਼ੱਕੀ ਚੀਜ਼ ਮਿਲੀ ਹੈ ਨਾ ਹੀ ਉਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਪਾਈ ਗਈਆਂ ਹਨ। ਹੁਣ ਇਨ੍ਹਾਂ ਨੂੰ ਪਰਵਾਰ ਵਾਲਿਆਂ ਦੇ ਹਵਾਲੇ ਕਰਨ ਦੀ ਤਿਆਰੀ ਹੈ।
ਤਿੰਨੇ ਵਿਦਿਆਰਥੀ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਆਵੰਤੀਪੁਰਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਪਰਵਾਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਪੁਲਿਸ ਸੂਤਰਾਂ ਦੀਆਂ ਮੰਨੀਏ ਤਾਂ ਪੂਜਾ ਐਕਸਪ੍ਰੈੱਸ ‘ਤੇ ਸਵਾਰ ਹੋ ਕੇ ਐਤਵਾਰ ਨੂੰ ਜੈਪੁਰ ਜਾਣ ਲਈ ਨਿਕਲੇ ਸ਼ੱਕੀ ਕਸ਼ਮੀਰੀ ਨੌਜਵਾਨਾਂ ਦੀ ਸੂਚਨਾ ਤੋਂ ਬਾਅਦ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸੁਰੱਖਿਆ ਏਜੰਸੀਆਂ ਸਖ਼ਤੀ ਵਿਚ ਆ ਗਈਆਂ।
ਐਤਵਾਰ ਰਾਤ ਅੱਠ ਵਜੇ ਦੇ ਲਗਭੱਗ ਪੂਜਾ ਐਕਸਪ੍ਰੇਸ ਨੂੰ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਰੋਕ ਕੇ ਟ੍ਰੇਨ ਤੋਂ ਕਈ ਲੋਕਾਂ ਨੂੰ ਉਤਾਰ ਕੇ ਜਾਂਚ ਕੀਤੀ ਗਈ। ਇਸ ਦੌਰਾਨ ਜੰਮੂ ਕਸ਼ਮੀਰ ਪੁਲਿਸ ਨੇ ਵੀ ਮੁਹਿੰਮ ਵਿਚ ਸਾਥ ਦਿੰਦੇ ਹੋਏ ਤਿੰਨ ਸ਼ੱਕੀਆਂ ਨੂੰ ਪੰਜਾਬ ਪੁਲਿਸ ਦੀ ਮਦਦ ਨਾਲ ਟ੍ਰੇਨ ਤੋਂ ਉਤਾਰ ਲਿਆ। ਰਾਤ ਡੇਢ ਵਜੇ ਤੱਕ ਪਠਾਨਕੋਟ ਚੱਕੀ ਬੈਂਕ ਦੇ ਨੇੜੇ ਸੀਆਈਏ ਥਾਣੇ ਵਿਚ ਸ਼ੱਕੀਆਂ ਤੋਂ ਪੰਜਾਬ, ਜੰਮੂ ਕਸ਼ਮੀਰ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪੁੱਛਗਿੱਛ ਕੀਤੀ।
ਜਾਂਚ ਵਿਚ ਤਿੰਨਾਂ ਨੌਜਵਾਨਾਂ ਵਲੋਂ ਕੁੱਝ ਵੀ ਸ਼ੱਕੀ ਕਨੈਕਸ਼ਨ ਸਾਹਮਣੇ ਨਹੀਂ ਆਇਆ, ਜਿਸ ਤੋਂ ਬਾਅਦ ਰਾਤ ਦੋ ਵਜੇ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਤੋਂ ਇਲਾਵਾ ਪੁਲਿਸ ਮੁੱਖੀ ਕਠੁਆ ਅਤੇ ਲਖਨਪੁਰ ਥਾਣਾ ਮੁਖੀ ਦੀ ਅਗਵਾਈ ਵਿਚ ਨੌਜਵਾਨਾਂ ਨੂੰ ਲੈ ਕੇ ਲਖਨਪੁਰ ਥਾਣੇ ਪਹੁੰਚੀ। ਸਾਰੀ ਰਾਤ ਪੁਲਿਸ ਨੇ ਇਕ ਵਾਰ ਫਿਰ ਹਿਰਾਸਤ ਵਿਚ ਲਏ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਸੋਮਵਾਰ ਦੁਪਹਿਰ ਤਿੰਨਾਂ ਨੂੰ ਐਸਡੀਪੀਓ ਬਾਰਡਰ ਦੇ ਹਵਾਲੇ ਕਰ ਦਿਤਾ ਗਿਆ।
ਇਸ ਦੇ ਨਾਲ ਹੀ ਤਿੰਨਾਂ ਦੇ ਪਰਵਾਰ ਵਾਲਿਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਆਵੰਤੀਪੁਰਾ ਨਿਵਾਸੀ ਤਿੰਨਾਂ ਵਿਦਿਆਰਥੀਆਂ ਦੀ ਉਮਰ 16 ਤੋਂ 25 ਸਾਲ ਹੈ। ਇਹਨਾਂ ਵਿਚੋਂ ਇਕ ਜੈਪੁਰ ਦੀ ਵਿਵੇਕਾਨੰਦ ਗਲੋਬਲ ਯੂਨੀਵਰਸਿਟੀ ਵਿਚ ਐਮਟੈੱਕ ਅਤੇ ਦੂਜਾ ਬੀਬੀਏ ਦਾ ਸਟੂਡੈਂਟ ਹੈ। ਜਦੋਂ ਕਿ ਤੀਜਾ ਬੱਚਾ 10ਵੀਂ ਦਾ ਵਿਦਿਆਰਥੀ ਹੈ। ਜੋ ਇਨ੍ਹਾਂ ਦੇ ਨਾਲ ਘੁੰਮਣ ਲਈ ਜਾ ਰਿਹਾ ਸੀ।