IND vs WI : ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ, ਪੂਰੀ ਜਾਣਕਾਰੀ ਇਥੇ ਵੇਖੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਅਤੇ ਵਿੰਡੀਜ਼ ਦੇ ਵਿਚ ਕਲਕੱਤਾ ਵਿਚ ਅੱਜ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲੀ ਵਾਰ ਮਹਿੰਦਰ ਸਿੰਘ ਧੋਨੀ ਤੋਂ ਬਿਨਾਂ...

IND vs WI: First T-20 tournament is today

ਕਲਕੱਤਾ (ਪੀਟੀਆਈ) : ਭਾਰਤੀ ਅਤੇ ਵਿੰਡੀਜ਼ ਦੇ ਵਿਚ ਕਲਕੱਤਾ ਵਿਚ ਅੱਜ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲੀ ਵਾਰ ਮਹਿੰਦਰ  ਸਿੰਘ ਧੋਨੀ ਤੋਂ ਬਿਨਾਂ ਮੈਦਾਨ ‘ਚ ਉਤਰੇਗੀ। ਟੀਮ ਵਿਚ ਕਪਤਾਨ ਕੋਹਲੀ ਨੂੰ ਵੀ ਆਰਾਮ ਦਿਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਕਪਤਾਨੀ ਦਾ ਅਹੁਦਾ ਸੰਭਾਲਣਗੇ। ਧੋਨੀ ਨੂੰ ਟੀ-20 ਸੀਰੀਜ਼ ਤੋਂ ਡਰਾਪ ਕਰਨ ‘ਤੇ ਕੋਹਲੀ ਨੇ ਕਿਹਾ ਸੀ ਕਿ ਉਹ ਭਾਰਤ ਦੀ ਰਣਨੀਤੀ ਦੇ ਅਨਿੱਖੜਵੇਂ ਅੰਗ ਹਨ।

ਉਥੇ ਹੀ, ਮੁੱਖ ਚੋਣ ਕਰਤਾ ਐਮਐਸਕੇ ਪ੍ਰਸਾਦ ਨੇ ਕਿਹਾ ਸੀ ਕਿ ਧੋਨੀ ਲਈ ਟੀ-20 ਦੇ ਦਰਵਾਜ਼ੇ ਬੰਦ ਨਹੀਂ ਹੋਏ ਹਨ। ਏਸ਼ੀਆ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਹੀ ਵਿਚ ਟੀਮ ਇੰਡੀਆ ਇਕ ਵਾਰ ਫਿਰ ਮੈਦਾਨ ‘ਚ ਉਤਰੇਗੀ। ਵਿੰਡੀਜ਼ ਟੀਮ ਲਈ ਇਹ ਭਾਰਤੀ ਦੌਰਾ ਹੁਣ ਤੱਕ ਕੁਝ ਖ਼ਾਸ ਵਧੀਆ ਨਹੀਂ ਰਿਹਾ ਹੈ। ਜਾਸਨ ਹੋਲਡਰ ਦੀ ਕਪਤਾਨੀ ਵਿਚ ਟੀਮ ਨੂੰ ਟੈਸਟ ਲੜੀ ਵਿਚ 0-2 ਨਾਲ ਅਤੇ ਪੰਜ ਇਕ ਦਿਨਾਂ ਮੈਚਾਂ ਦੀ ਲੜੀ ਵਿਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਟੀ-20 ਵਿਚ ਕੈਰੇਬਿਆਈ ਟੀਮ ਦੀ ਕਮਾਨ ਕਾਰਲੋਸ ਬਰੈਥਵੇਟ ਸੰਭਾਲਣਗੇ। ਭਾਰਤ ਲਈ ਇਹ ਮੁਕਾਬਲਾ ਜ਼ਬਰਦਸਤ ਹੋਣ ਵਾਲਾ ਹੈ। ਵਿੰਡੀਜ਼ ਟੀਮ ਦਾ ਕਲਕੱਤਾ ਦੇ ਇਸ ਮੈਦਾਨ ‘ਤੇ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਟੀਮ ਦੇ ਕਪਤਾਨ ਬਰੈਥਵੇਟ ਨੇ ਇਸ ਮੈਦਾਨ ‘ਤੇ ਬੈਨ ਸਟੋਕਸ ਨੂੰ ਲਗਾਤਾਰ ਚਾਰ ਛੱਕੇ ਲਗਾ ਕੇ 2016 ਵਿਚ ਵਿੰਡੀਜ਼ ਨੂੰ ਦੂਜਾ ਟੀ-20 ਵਿਸ਼ਵ ਕੱਪ ਜਤਾਇਆ ਸੀ।

ਟੈਸਟ ਅਤੇ ਵਨਡੇ ਵਿਚ ਅਪਣੇ ਨੇਮੀ ਸਿਤਾਰਿਆਂ ਤੋਂ ਬਿਨਾਂ ਖੇਡਣ ਵਾਲੀ ਵਿੰਡੀਜ਼ ਟੀਮ ਵਿਚ ਡੇਰੇਨ ਬਰਾਵੋ, ਕੀਰੋਨ ਪੋਲਾਰਡ ਅਤੇ ਆਂਦਰੇ ਰਸੇਲ ਦੀ ਵਾਪਸੀ ਹੋਈ ਹੈ। ਭਾਰਤ ਅਤੇ ਵਿੰਡੀਜ਼ ਦੇ ਵਿਚ 2009 ਤੋਂ 2017 ਤੱਕ ਹੋਏ ਅੱਠ ਟੀ-20 ਮੈਚਾਂ ਵਿਚੋਂ ਪੰਜ ਵਿੰਡੀਜ਼ ਨੇ ਜਿੱਤੇ ਹਨ। ਟੀ-20 ਵਿਚ ਵਿੰਡੀਜ਼ ਨੂੰ ਭਾਰਤ ਪਿਛਲੇ ਚਾਰ ਮੈਚਾਂ ਵਿਚ ਹਰਾ ਨਹੀਂ ਸਕੀ ਹੈ। ਵਿੰਡੀਜ਼ ਨੇ ਹੀ 2016 ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਨੂੰ ਮੁੰਬਈ ਵਿਚ ਹਰਾਇਆ ਸੀ।

ਭਾਰਤ ਨੇ ਆਖ਼ਰੀ ਵਾਰ ਟੀ-20 ਵਿਚ ਵਿੰਡੀਜ਼ ਨੂੰ 23 ਮਾਰਚ 2014 ਨੂੰ ਬੰਗਲਾ ਦੇਸ਼ ਵਿਚ ਮਾਤ ਦਿਤੀ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਲਈ ਅਪਣੇ ਲਕੀ ਮੈਦਾਨ ‘ਤੇ ਕੈਰੇਬਿਆਈ ਟੀਮ ਨੂੰ ਹਰਾਉਣਾ ਆਸਾਨ ਚੁਣੋਤੀ ਨਹੀਂ ਹੋਵੇਗੀ। ਰੋਹੀਤ ਨੇ 2014 ਵਿਚ ਈਡਨ ਗਾਰਡੰਸ ‘ਤੇ ਹੀ ਵਨਡੇ ਕ੍ਰਿਕੇਟ ਵਿਚ ਰਿਕਾਰਡ 264 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਇਥੇ 2013 ਅਤੇ 2015 ਵਿਚ ਰੋਹਿਤ ਦੀ ਟੀਮ ਨੇ ਆਈਪੀਐਲ ਖਿਤਾਬ ਜਿੱਤੇ ਹਨ।

ਵਨਡੇ ਲੜੀ ਵਿਚ ਰੋਹਿਤ ਨੇ 129.66 ਦੀ ਔਸਤ ਨਾਲ 389 ਦੌੜਾਂ ਬਣਾਈਆਂ ਸਨ। ਬਤੋਰ ਕਪਤਾਨ ਏਸ਼ੀਆ ਕੱਪ ਵਿਚ ਪੰਜ ਪਾਰੀਆਂ ਵਿਚ ਰੋਹਿਤ ਨੇ 317 ਦੌੜਾਂ ਬਣਾਈਆਂ ਸਨ। ਇਸ ਤੋਂ ਉਨ੍ਹਾਂ ਦੇ  ਸ਼ਾਨਦਾਰ ਪ੍ਰਦਰਸ਼ਨ ਦਾ ਪਤਾ ਲੱਗਦਾ ਹੈ। ਦੂਜੇ ਪਾਸੇ ਕੈਰੇਬਿਆਈ ਟੀਮ ਨੂੰ ਨੌਜਵਾਨ ਬੱਲੇਬਾਜ਼ ਸ਼ਿਮਰੋਨ ਹੇਟਮੇਅਰ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਰਕਰਾਰ ਰਹਿਣ ਦੀ ਉਮੀਦ ਰਹੇਗੀ। ਉਨ੍ਹਾਂ ਨੇ ਵਨਡੇ ਲੜੀ ਵਿਚ 259 ਦੌੜਾਂ ਬਣਾਈਆਂ ਸਨ।

ਕੋਹਲੀ ਦੀ ਗ਼ੈਰ ਹਾਜ਼ਰੀ ਵਿਚ ਕੇਅਲ ਰਾਹੁਲ ਭਾਰਤੀ ਟੀਮ ਨੂੰ ਮਜਬੂਤੀ ਦੇਣਗੇ। ਭਾਰਤ ਵਲੋਂ ਤੇਜ਼ ਹਮਲੇ ਦੀ ਅਗਵਾਹੀ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਕਰਨਗੇ ਅਤੇ ਉਨ੍ਹਾਂ ਦੇ ਨਾਲ ਖਲੀਲ ਅਹਿਮਦ  ਹੋਣਗੇ। ਉਥੇ ਹੀ, ਸਪਿਨਰ ਦਾ ਮੋਰਚਾ ਯੁਜਵੇਂਦਰ ਚਹਿਲ ਅਤੇ ਕੁਲਦੀਪ ਯਾਦਵ ਸੰਭਾਲਣਗੇ।

Related Stories