ਟਰੰਪ ਨੇ ਕਿਹਾ, ਸੀਰੀਆ ਨਾ ਕਰੇ ਇਦਲਿਬ 'ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਰੂਸ ਅਤੇ ਈਰਾਨ ਦੀ ਮਦਦ ਨਾਲ ਬਾਗੀਆਂ ਦੇ ਕਬਜ਼ੇ ਵਾਲੇ...........

Donald Trump

ਵਾਸ਼ਿੰਗਟਨ  : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਰੂਸ ਅਤੇ ਈਰਾਨ ਦੀ ਮਦਦ ਨਾਲ ਬਾਗੀਆਂ ਦੇ ਕਬਜ਼ੇ ਵਾਲੇ ਇਦਲਿਬ 'ਚ ਹਮਲਾ ਨਾ ਕਰੇ, ਕਿਉਂਕਿ ਇਸ ਨਾਲ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ। ਟਰੰਪ ਨੇ ਟਵੀਟ ਕੀਤਾ, ''ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਇਦਲਿਬ ਸੂਬੇ 'ਤੇ ਬਿਨਾਂ ਸੋਚੇ-ਸਮਝੇ ਹਮਲਾ ਨਹੀਂ ਕਰਨਾ ਚਾਹੀਦਾ, ਅਜਿਹਾ ਕਰ ਕੇ ਰੂਸ ਅਤੇ ਈਰਾਨ ਇਕ ਵੱਡੀ ਗਲਤੀ ਕਰਨਗੇ। 

''ਓਧਰ ਸੰਯੁਕਤ ਰਾਸ਼ਟਰ ਅਤੇ ਰਾਹਤ ਸਮੂਹਾਂ ਨੇ ਵੀ ਚਿਤਾਵਨੀ ਦਿਤੀ ਹੈ ਕਿ ਇਦਲਿਬ ਸੂਬੇ ਵਿਚ ਇਸ ਹਮਲੇ ਕਾਰਨ ਪਿਛਲੇ 7 ਸਾਲਾਂ ਦੀ ਸੀਰੀਆਈ ਜੰਗ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਖੜ੍ਹਾ ਹੋ ਸਕਦਾ ਹੈ। ਓਧਰ ਰੂਸ ਅਤੇ ਈਰਾਨ ਨੇ ਇਸ ਗੱਲ 'ਤੇ ਜ਼ੋਰ ਦਿਤਾ ਹੈ ਕਿ ਕਟੜਪੰਥੀ ਧੜਿਆਂ ਨੂੰ ਇਦਲਿਬ 'ਚ ਹਰਾਇਆ ਜਾਣਾ ਬੇਹਦ ਜ਼ਰੂਰੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਦੇਸ਼ ਦੇ ਇਦਲਿਬ ਸੂਬੇ 'ਚੋਂ ਅਤਿਵਾਦੀਆਂ ਦਾ ਸਫਾਇਆ ਕਰਨਾ ਜ਼ਰੂਰੀ ਹੈ ਅਤੇ ਪੂਰੇ ਪੱਛਮੀ-ਉੱਤਰੀ ਸੂਬੇ ਨੂੰ ਸਰਕਾਰ ਦੇ ਕੰਟਰੋਲ ਵਿਚ ਵਾਪਸ ਆਉਣਾ ਚਾਹੀਦਾ ਹੈ।  (ਏਜੰਸੀ)