ਆਈਸਟੀਨ ਦਾ ਪੱਤਰ 20.38 ਕਰੋੜ 'ਚ ਨਿਲਾਮ, ਜਾਣੋ ਰੱਬ ਤੇ ਧਰਮ ਨੂੰ ਲੈ ਕੇ ਕੀ ਲਿਖਿਆ?
ਜਰਮਨੀ ਦੇ ਭੌਤਿਕ ਵਿਗਿਆਨੀ ਅਲਬਰਟ ਆਈਸਟੀਨ ਦਾ ਰੱਬ ਅਤੇ ਧਰਮ ਨੂੰ ਲੈ ਕੇ ਲਿਖਿਆ ਗਿਆ ਪੱਤਰ ਅਮਰੀਕਾ 'ਚ 28.9 ਲੱਖ ਅਮਰੀਕੀ ਡਾਲਰ...
ਨਵੀਂ ਦਿੱਲੀ (ਭਾਸ਼ਾ) : ਜਰਮਨੀ ਦੇ ਭੌਤਿਕ ਵਿਗਿਆਨੀ ਅਲਬਰਟ ਆਈਸਟੀਨ ਦਾ ਰੱਬ ਅਤੇ ਧਰਮ ਨੂੰ ਲੈ ਕੇ ਲਿਖਿਆ ਗਿਆ ਪੱਤਰ ਅਮਰੀਕਾ 'ਚ 28.9 ਲੱਖ ਅਮਰੀਕੀ ਡਾਲਰ ਭਾਵ ਕਿ ਕਰੀਬ 20 ਕਰੋੜ 38 ਲੱਖ ਰੁਪਏ ਵਿਚ ਨੀਲਾਮ ਹੋਇਆ ਹੈ। ਇਹ ਪੱਤਰ ਉਨ੍ਹਾਂ ਨੇ ਅਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ। ਨੀਲਾਮੀਘਰ ਕ੍ਰਿਸਟੀਜ ਨੇ ਇਕ ਬਿਆਨ ਵਿਚ ਦੱਸਿਆ ਕਿ ਨਿਲਾਮੀ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ (ਕਰੀਬ 10 ਕਰੋੜ 58 ਲੱਖ ਰੁਪਏ) ਆਂਕੀ ਗਈ ਸੀ ਪਰ ਜਦੋਂ ਇਸ ਦੀ ਨਿਲਾਮੀ ਹੋਈ ਤਾਂ ਅੰਦਾਜ਼ਨ ਕੀਮਤ ਤੋਂ ਦੁੱਗਣੀ ਕੀਮਤ 'ਤੇ ਨਿਲਾਮ ਹੋਇਆ।
ਦੋ ਪੰਨਿਆਂ ਦਾ ਇਹ ਪੱਤਰ ਆਈਸਟੀਨ ਨੇ 3 ਜਨਵਰੀ 1954 ਨੂੰ ਜਰਮਨੀ ਦੇ ਦਾਰਸ਼ਨਿਕ ਏਰਿਕ ਗਟਕਾਈਡ ਨੂੰ ਲਿਖਿਆ ਸੀ, ਜਿਨ੍ਹਾਂ ਆਈਸਟੀਨ ਨੂੰ ਅਪਣੀ ਕਿਤਾਬ 'ਚੂਜ਼ ਲਾਈਫ : ਦ ਬਿਬਲਿਕਲ ਕੌਲ ਟੂ ਰਿਵੋਲਟ' ਨਾਂਅ ਦੀ ਇਕ ਕਾਪੀ ਭੇਜੀ ਸੀ। ਆਈਸਟੀਨ ਨੇ ਆਪਣੇ ਪੱਤਰ ਵਿਚ ਲਿਖਿਆ ਸੀ, ''ਮੇਰੇ ਲਈ ਭਗਵਾਨ ਸ਼ਬਦ ਦਾ ਅਰਥ ਕੋਈ ਨਹੀਂ ਸਗੋਂ ਮਨੁੱਖ ਦੇ ਪ੍ਰਗਟਾਵੇ ਅਤੇ ਕਮਜ਼ੋਰੀ ਦਾ ਪ੍ਰਤੀਕ ਹੈ। ਬਾਈਬਲ ਇਕ ਪੂਜਨੀਕ ਕਿਤਾਬ ਹੈ, ਪ੍ਰੰਤੂ ਹੁਣ ਵੀ ਪੁਰਾਤਨ ਪ੍ਰੰਪਰਾਵਾਂ ਦਾ ਸੰਗ੍ਰਿਹ ਹੈ।
ਉਨ੍ਹਾਂ ਲਿਖਿਆ ਕਿ ਕੋਈ ਵਿਆਖਿਆ ਨਹੀਂ ਹੈ, ਨਾ ਹੀ ਕੋਈ ਰਹੱਸ ਅਹਿਮੀਅਤ ਰੱਖਦਾ ਹੈ, ਜੋ ਮੇਰੇ ਇਸ ਰੁਖ਼ ਵਿਚ ਕੁਝ ਬਦਲਾਅ ਲਿਆ ਸਕੇ।'' 14 ਮਾਰਚ 1879 ਨੂੰ ਜਰਮਨੀ ਦੇ ਇਕ ਸਧਾਰਨ ਪਰਵਾਰ ਵਿਚ ਜਨਮੇ ਅਲਬਰਟ ਆਈਸਟੀਨ ਨੇ ਗਰੂਤਾਕਰਸ਼ਣ ਨੂੰ ਲੈ ਕੇ ਮਹਾਨ ਖੋਜ ਕੀਤੀ, ਜਿਸ ਦੇ ਲਈ 1921 ਵਿਚ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ।