ਪੂਰੀ ਤਸੱਲੀ ਕਰ ਕੇ ਹੀ ਅਮਰੀਕਾ ਪੜ੍ਹਨ ਆਉਣ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਭਾਰਤੀ ਸਫ਼ਾਰਤਖ਼ਾਨੇ ਨੇ ਦਿਤੀ ਵਿਦਿਆਰਥੀਆਂ ਨੂੰ ਸਲਾਹ

Indians in US

ਵਾਸ਼ਿੰਗਟਨ : ਅਮਰੀਕੀ ਯੂਨੀਵਰਸਟੀਆਂ ਵਿਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਸਫ਼ਾਰਤਖ਼ਾਨੇ ਨੇ ਸਲਾਹ ਦਿਤੀ ਹੈ। ਸਫ਼ਾਰਤਖ਼ਾਨੇ ਨੇ ਕਿਹਾ ਕਿ ਅਮਰੀਕਾ ਆਉਣ ਤੋਂ ਪਹਿਲਾਂ ਉਹ ਇਸ ਗੱਲ ਦੀ ਤਸੱਲੀ ਕਰ ਲੈਣ ਕਿ ਜਿਸ ਯੂਨੀਵਰਸਟੀ ਵਿਚ ਉਹ ਪੜ੍ਹਾਈ ਕਰਨਾ ਚਾਹੁੰਦੇ ਹਨ ਕਿਤੇ ਉਹ ਫ਼ਰਜ਼ੀ ਤਾਂ ਨਹੀਂ ਤੇ ਕਿਤੇ ਉਨ੍ਹਾਂ ਨਾਲ ਧੋਖਾਧੜੀ ਤਾਂ ਨਹੀਂ ਹੋਣ ਜਾ ਰਹੀ। 

ਬੀਤੇ ਮਹੀਨੇ ਲਗਭਗ 100 ਭਾਰਤੀ ਵਿਦਿਆਰਥੀ ਉਸ ਸਮੇਂ ਪ੍ਰੇਸ਼ਾਨੀ ਵਿਚ ਪੈ ਗਏ ਸਨ ਜਦ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਜਿਸ ਯੂਨੀਵਰਸਟੀ ਦਾ ਫ਼ਾਰਮ ਭਰਿਆ ਹੈ, ਉਹ ਅਸਲ ਵਿਚ ਫ਼ਰਜ਼ੀ ਹੈ। ਅਪਣੀ ਸਲਾਹ ਵਿਚ ਸਫ਼ਾਰਤਖ਼ਾਨੇ ਨੇ ਕਿਹਾ ਹੈ ਕਿ ਅਜਿਹੇ ਵਿਦਿਆਰਥੀ ਖ਼ਾਸ ਤੌਰ 'ਤੇ ਤਿੰਨ ਗੱਲਾਂ ਦਾ ਧਿਆਨ ਰੱਖਣ। ਪਹਿਲੀ ਗੱਲ ਇਹ ਕਿ ਯੂਨੀਵਰਸਟੀ ਕਿਸੇ ਕੈਂਪਸ ਵਿਚ ਚੱਲ ਰਹੀ ਹੈ ਜਾਂ ਉਸ ਦੇ ਕੋਲ ਸਿਰਫ਼ ਇਕ ਕਮਰਾ ਹੈ ਜਾਂ ਉਹ ਵੈੱਬਸਾਈਟ ਹੀ ਚਲਾ ਰਹੀ ਹੈ।

ਦੂਜੀ ਗੱਲ ਇਹ ਕਿ ਉਸ ਯੂਨੀਵਰਸਟੀ ਕੋਲ ਕੋਈ ਅਧਿਆਪਕ ਹੈ ਜਾਂ ਨਹੀਂ ਅਤੇ ਤੀਜੀ ਗੱਲ ਜਿਸ ਦਾ ਵਿਦਿਆਰਥੀ ਧਿਆਨ ਰੱਖਣ, ਉਹ ਹੈ ਕਿ ਯੂਨੀਵਰਸਟੀ ਵਿਚ ਪੜ੍ਹਾਇਆ ਕੀ ਜਾਵੇਗਾ ਅਤੇ ਕੀ ਇਹ ਯੂਨੀਵਰਸਟੀ ਨਿਯਮਾਂ ਅਨੁਸਾਰ ਚਲਦੀ ਹੈ ਜਾਂ ਨਹੀਂ। ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਯੂਨੀਵਰਸਟੀ ਵਿਚ ਦਾਖ਼ਲਾ ਲੈ ਚੁੱਕੇ ਵਿਦਿਆਰਥੀਆਂ ਕੋਲ ਭਾਵੇਂ ਰੈਗੂਲਰ ਸਟੂਡੈਂਟ ਵੀਜ਼ਾ ਹੋਵੇ ਪਰ ਫਿਰ ਵੀ ਉਹ ਕਾਨੂੰਨ ਦੇ ਚੱਕਰ ਵਿਚ ਪੈ ਸਕਦੇ ਹਨ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਵਾਪਸ ਜਾਣਾ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਨੇ 'ਪੇ ਟੁ ਸਟੇ' ਵੀਜ਼ਾ ਰੈਕਟ ਦਾ ਪਰਦਾਫਾਸ਼ ਕਰ ਕੇ 129 ਭਾਰਤੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿਦਿਆਰਥੀਆਂ ਨੇ ਫ਼ਰਜ਼ੀ ਯੂਨੀਵਰਸਟੀਆਂ ਵਿਚ ਦਾਖ਼ਲਾ ਲਿਆ ਸੀ। ਸਫ਼ਾਰਤਖ਼ਾਨੇ ਦੇ ਬੁਲਾਰੇ ਸ਼ੰਭੂ ਹੱਕੀ ਨੇ ਕਿਹਾ ਕਿ ਅਮਰੀਕੀ ਆਉਣ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਨੂੰ ਇਹ ਯਕੀਨੀ ਕਰ ਲੈਣਾ ਚਾਹੀਦਾ ਹੈ ਕਿ ਉਹ ਕਿਸੇ ਦੇ ਜਾਲ ਵਿਚ ਨਾ ਫਸਣ ਅਤੇ ਦਾਖ਼ਲ ਲੈਣ ਤੋਂ ਪਹਿਲਾਂ ਅਮਰੀਕੀ ਯੂਨੀਵਰਸਟੀਆਂ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ ਤਾਕਿ ਉਨ੍ਹਾਂ ਨੂੰ ਇਥੇ ਆ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Related Stories