ਟੋਰਾਂਟੋ : ਗੋਲੀਬਾਰੀ 'ਚ ਹਮਲਾਵਰ ਸਮੇਤ ਦੋ ਮਰੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਟੋਰਾਂਟੋ ਨੇੜੇ ਗ੍ਰੀਕਟਾਊਨ 'ਚ ਹੋਈ ਗੋਲੀਬਾਰੀ ਵਿਚ ਇਕ ਹਮਲਾਵਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ..............

Toronto Firing Spot

ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਨੇੜੇ ਗ੍ਰੀਕਟਾਊਨ 'ਚ ਹੋਈ ਗੋਲੀਬਾਰੀ ਵਿਚ ਇਕ ਹਮਲਾਵਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਘਟਨਾ 'ਚ 13 ਲੋਕ ਜ਼ਖ਼ਮੀ ਹੋਏ ਹਨ। ਟੋਰਾਂਟੋ ਪੁਲਿਸ ਮੁਖੀ ਮਾਰਕ ਸਾਂਡਰਸ ਨੇ ਦਸਿਆ ਕਿ ਬੰਦੂਕਧਾਰੀ ਤੋਂ ਇਲਾਵਾ ਮ੍ਰਿਤਕਾਂ 'ਚ ਇਕ ਔਰਤ ਵੀ ਸ਼ਾਮਲ ਹੈ। ਸਾਂਡਰਸ ਨੇ ਦਸਿਆ ਕਿ ਜ਼ਖ਼ਮੀਆਂ 'ਚ ਸ਼ਾਮਲ ਇਕ ਹੋਰ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਬੁਲਾਰੇ ਮਾਰਕ ਪੁਗਾਸ਼ ਨੇ ਦਸਿਆ ਕਿ ਹੋਰ ਜ਼ਖ਼ਮੀਆਂ ਦੀ ਹਾਲਤ ਬਾਰੇ ਫਿਲਹਾਲ ਕੁੱਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਕਹਿਣਾ ਹਾਲੇ ਬਹੁਤ ਜਲਦਬਾਜ਼ੀ ਹੋਵੇਗੀ ਕਿ ਇਹ ਘਟਨਾ ਅਤਿਵਾਦ ਨਾਲ ਸਬੰਧਤ ਹੈ।

ਐਤਵਾਰ ਰਾਤ ਹੋਈ ਇਸ ਘਟਨਾ ਦੇ ਚਸ਼ਮਦੀਦ ਜੋਨ ਟੁਲੋਕ ਨੇ ਦਸਿਆ, ''ਉਹ ਤੇ ਉਸ ਦਾ ਭਰਾ ਕਾਰ 'ਚੋਂ ਉਤਰੇ ਹੀ ਸਨ ਕਿ ਉਨ੍ਹਾਂ ਨੇ 20 ਤੋਂ 30 ਗੋਲੀਆਂ ਚਲਾਉਣ ਦੀ ਆਵਾਜ਼ ਸੁਣੀ। ਜਦੋਂ ਅਸੀ ਕੁੱਝ ਲੋਕਾਂ ਨੂੰ ਭਜਦਿਆਂ ਵੇਖਿਆ ਤਾਂ ਅਸੀ ਵੀ ਭੱਜਣ ਲੱਗੇ।'' ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਨਾਲ ਡਰ ਕੇ ਲੋਕ ਜ਼ਮੀਨ ਉਤੇ ਲੇਟ ਗਏ। ਟੋਰਾਂਟੋ ਪੁਲਿਸ ਸਾਰਜੈਂਟ ਗਲੇਨ ਰਸੇਲ ਨੇ ਦਸਿਆ ਕਿ ਐਤਵਾਰ ਰਾਤ ਲਗਭਗ 10 ਵਜੇ ਗ੍ਰੀਕਟਾਊਨ 'ਚ ਡੈਨਫੋਰਥ ਐਵੇਨਿਊ ਦੇ ਇਕ ਰੇਸਟੋਰੈਂਟ ਦੇ ਬਾਹਰ ਗੋਲੀਬਾਰੀ ਸ਼ੁਰੂ ਹੋਣ ਤੋਂ ਬਾਅਦ

ਜ਼ਖ਼ਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ। ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੇਸਟੋਰੈਂਟ ਦੇ ਅੰਦਰੋਂ ਲਗਾਤਾਰ ਗੋਲੀਆਂ ਚਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਉਨ੍ਹਾਂ ਵੇਖਿਆ ਤਾਂ ਇਕ ਅਣਪਛਾਤਾ ਵਿਅਕਤੀ ਕਾਲੇ ਕਪੜਿਆਂ 'ਚ ਸੜਕ ਦੇ ਵਿਚਕਾਰ ਖੜਾ ਹੋ ਕੇ ਗੋਲੀਆਂ ਚਲਾ ਰਿਹਾ ਸੀ। (ਪੀਟੀਆਈ)