4 ਦਿਨਾਂ ਦੀ ਯਾਤਰਾ 'ਤੇ ਵੀਅਤਨਾਮ ਪੁੱਜੀ ਸੁਸ਼ਮਾ ਸਵਰਾਜ, ਦੁਵੱਲਾ  ਸਹਿਯੋਗ ਵਧਾਉਣ 'ਤੇ ਹੋਵੇਗੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦੇਸ਼ਾਂ ਦੀ 4 ਦਿਨ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਐਤਵਾਰ ਦੇਰ ਰਾਤ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਖੇ ਪਹੁੰਚ ਗਏ ਹਨ। ...

Sushma Swaraj Reaches Vietnam

ਹਨੋਈ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦੇਸ਼ਾਂ ਦੀ 4 ਦਿਨ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਐਤਵਾਰ ਦੇਰ ਰਾਤ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਖੇ ਪਹੁੰਚ ਗਏ ਹਨ। ਉਹ ਵੀਅਤਨਾਮ ਅਤੇ ਕੰਬੋਡੀਆ ਦੀ ਚਾਰ ਦਿਨ ਦੀ ਯਾਤਰਾ 'ਤੇ ਹਨ। ਇਸ ਯਾਤਰਾ ਦਾ ਮਕਸਦ ਆਸੀਆਨ ਖੇਤਰ ਦੇ ਦੋ ਖ਼ਾਸ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਭਾਰਤੀ ਦੂਤਘਰ ਨੇ ਇਥੇ ਟਵੀਟ ਕਰਕੇ ਕਿਹਾ ਕਿ ਹਨੋਈ ਪਹੁੰਚਣ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਸਵਾਗਤ ਭਾਰਤੀ ਰਾਜਦੂਤ ਪੀ. ਹਰੀਸ਼, ਭਾਰਤੀ ਬੱਚਿਆਂ ਅਤੇ ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਵਲੋਂ ਕੀਤਾ ਗਿਆ। ਇਸ ਦੌਰਾਨ ਭਾਰਤੀ ਬੱਚਿਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। 

ਦਸ ਦਈਏ ਕਿ ਆਸੀਆਨ ਸਮੂਹ ਦੇ ਦੋ ਸ਼ਕਤੀਸ਼ਾਲੀ ਦੇਸ਼ਾਂ ਵੀਅਤਨਾਮ ਅਤੇ ਕੰਬੋਡੀਆ ਨਾਲ ਭਾਰਤ ਦੇ ਰਿਸ਼ਤੇ ਕਾਫ਼ੀ ਵਧੀਆ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ''ਆਸੀਆਨ ਵਿਚ ਇਕ ਰਣਨੀਤਕ ਹਿੱਸੇਦਾਰ ਅਤੇ ਇਕ ਖ਼ਾਸ ਦੋਸਤ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀਅਤਨਾਮ ਦੇ ਹਨੋਈ ਪਹੁੰਚਣ 'ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਵਿਦੇਸ਼ ਮੰਤਰੀ ਦੀ ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੇ ਦੋ ਦਿਨਾਂ (27-28 ਅਗਸਤ) ਦੌਰਾਨ ਕਾਫ਼ੀ ਰੁਝੇਵਿਆਂ ਭਰੇ ਪ੍ਰੋਗਰਾਮ ਹਨ।''

ਵੀਅਤਨਾਮ ਵਿਚ ਸੁਸ਼ਮਾ ਸਵਰਾਜ ਸੰਯੁਕਤ ਕਮਿਸ਼ਨ ਦੀ 16ਵੀਂ ਬੈਠਕ ਦੀ ਦੇਸ਼ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਫਾਮ ਬਿਨਹ ਮਿਨਹ ਨਾਲ ਸਹਿ ਪ੍ਰਧਾਨਗੀ ਕਰੇਗੀ। ਉਨ੍ਹਾਂ ਵਲੋਂ ਵੀਅਤਨਾਮ ਦੇ ਪ੍ਰਧਾਨ ਮੰਤਰੀ ਨਿਊਯੇਨ ਜੁਆਨ ਫੁਕ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਸੁਸ਼ਮਾ ਸਵਰਾਜ ਵਲੋਂ ਇੱਥੇ ਹਿੰਦ ਮਹਾਸਾਗਰ ਸੰਮੇਲਨ ਦੇ ਤੀਜੇ ਐਡੀਸ਼ਨ ਦਾ ਵੀ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਬਾਅਦ ਫਿਰ ਉਹ 29 ਅਗੱਸਤ ਨੂੰ ਅਪਣੇ ਪਹਿਲੇ ਅਧਿਕਾਰਕ ਦੌਰੇ 'ਤੇ ਕੰਬੋਡੀਆ ਜਾਵੇਗੀ।

ਇਹ ਵੀ ਪੜ੍ਹੋ : ਵੀਅਤਨਾਮ ਦੇਸ਼ ਦਾ ਨਾਮ ਅਸਲ ਵਿਚ ਵੀਅਤ ਨਾਮ ਹੈ। ਵੀਅਤਨਾਮ ਦੇਸ਼ ਦੇ ਸਭਿਆਚਾਰ 'ਤੇ ਚੀਨ, ਜਪਾਨ, ਫ਼੍ਰੈਂਚ ਅਤੇ ਉਪ ਨਿਵੇਸ਼ੀ ਅਮਰੀਕਾ ਦਾ ਪ੍ਰਭਾਵ ਹੈ। ਵੀਅਤਨਾਮ ਦੇ ਪਹਿਲੇ ਰਾਸ਼ਟਰਪਤੀ ਹੋ ਚੀ ਮਿਨਹ ਜਿਨ੍ਹਾਂ ਨੂੰ ਅੰਕਲ ਹੋ ਵੀ ਕਿਹਾ ਜਾਂਦਾ ਸੀ, ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਸੰਭਾਲ ਕੇ ਇਕ ਮਿਊਜ਼ੀਅਮ ਵਿਚ ਰੱਖਿਆ ਗਿਆ ਹੈ। ਵੀਅਤਨਾਮ ਦੇਸ਼ ਦੇ ਝੰਡੇ ਵਿਚ ਗੋਲਡਨ ਸਟਾਰ ਦੇ ਨਾਲ 5 ਪੁਆਇੰਟ ਕਿਸਾਨ, ਕਰਮਚਾਰੀਆਂ, ਬੁੱਧੀਜੀਵੀਆਂ, ਨੌਜਵਾਨਾਂ ਅਤੇ ਫ਼ੌਜੀਆਂ ਨੂੰ ਦਰਸਾਉਂਦੇ ਹਨ। ਝੰਡੇ ਵਿਚ ਲਾਲ ਰੰਗ ਯੁੱਧ ਵਿਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ ਹੈ। 
 

Related Stories