ਸਿੱਖ ਧਰਮ 'ਚ ਹੈਲਮਟ ਦੀ ਵਰਤੋਂ 'ਤੇ ਕੋਈ ਪਾਬੰਦੀ ਨਹੀਂ: ਦਿਲਗੀਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਹਾਲ ਹੀ ਵਿਚ ਚੰਡੀਗੜ੍ਹ ਵਿਚ ਦਸਤਾਰ ਤੋਂ ਬਿਨਾਂ ਬੀਬੀਆਂ ਲਈ ਹੈਲਮਟ ਜ਼ਰੂਰੀ ਕਰਨ ਬਾਰੇ ਜਾਰੀ ਕੀਤਾ ਗਿਆ......

Dr. Harjinder Singh Dilgeer

ਤਰਨਤਾਰਨ: ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਹਾਲ ਹੀ ਵਿਚ ਚੰਡੀਗੜ੍ਹ ਵਿਚ ਦਸਤਾਰ ਤੋਂ ਬਿਨਾਂ ਬੀਬੀਆਂ ਲਈ ਹੈਲਮਟ ਜ਼ਰੂਰੀ ਕਰਨ ਬਾਰੇ ਜਾਰੀ ਕੀਤਾ ਗਿਆ ਸਰਕੁਲਰ ਸਿੱਖ ਧਰਮ ਨਾਲ ਧੱਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ 'ਟੋਪੀ' ਦੀ ਪਾਬੰਦੀ ਹੈ (ਹਾਲਾਂਕਿ ਸਿੱਖ ਵਾਲ ਤਾਂ ਸਾਬਤ ਰਖਦੇ ਹਨ ਪਰ ਬਹੁਤ ਸਾਰੇ ਜੂੜਾ ਬਣਾ ਕੇ, ਉਨ੍ਹਾਂ ਉਤੇ ਟੋਪੀ ਵੀ ਪਹਿਣ ਲੈਂਦੇ ਹਨ ਤਾਂ ਜੋ ਗ਼ੈਰ ਸਿੱਖਾਂ ਕੋਲੋਂ ਸਿੱਖੀ ਲੁਕਾਈ ਜਾ ਸਕੇ, ਅਜਿਹੀ ਕਰਤੂਤ ਸਿਰਫ਼ ਨੌਜਵਾਨ ਹੀ ਨਹੀਂ, ਕਈ ਚਿੱਟੇ ਵਾਲਾਂ ਵਾਲੇ ਵੀ ਕਰਦੇ ਹਨ। ਹਾਲਾਂਕਿ ਲੋਕ ਉਨ੍ਹਾਂ ਨੂੰ ਵੇਖ ਕੇ ਦੰਭੀ ਤੇ ਧੋਖੇਬਾਜ਼ ਸਮਝਦੇ ਹਨ)।

ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਹੈਲਮਟ ਦੀ ਵਰਤੋਂ ਦੀ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ਕ ਨਹੀਂ ਕਿ ਸਿੱਖ ਲਈ ਕੇਸ (ਸਿਰ ਅਤੇ ਚਿਹਰੇ ਦੇ ਵਾਲ) ਅਤੇ ਦਸਤਾਰ (ਪਗੜੀ) ਲਾਜ਼ਮੀ ਹਨ। ਸਿੱਖ ਬੀਬੀਆਂ ਲਈ ਵੀ ਕੇਸ (ਸਿਰ ਅਤੇ ਚਿਹਰੇ ਦੇ ਵਾਲ) ਲਾਜ਼ਮੀ ਹਨ ਪਰ ਉਨ੍ਹਾਂ ਨੂੰ ਰਿਆਇਤ ਹੈ ਕਿ ਉਹ ਚਾਹੁਣ ਤਾਂ ਦਸਤਾਰ ਸਜਾਉਣ ਤੇ ਇਸ ਦੀ ਬਜਾਇ ਹਿਜਾਬ, ਸਾਫ਼ਾ (ਪਟਕਾ), ਫੁਲਕਾਰੀ, ਦੁਪੱਟਾ ਜਾਂ ਚੁੰਨੀ ਵਰਤ ਸਕਦੀਆਂ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਨੂੰ ਟੋਪੀ ਤੋਂ ਰੋਕਿਆ ਗਿਆ ਹੈ ਪਰ ਹੈਲਮਟ ਟੋਪੀ ਨਹੀਂ ਹੈ, ਇਹ ਤਾਂ ਸੁਰੱਖਿਆ ਦਾ ਕਵਚ ਹੈ, ਇਕ ਕਿਸਮ ਦਾ ਸੁਰੱਖਿਆ ਦਾ ਹਥਿਆਰ ਹੈ। ਸਿੱਖ ਗੁਰੂ ਹਿਫ਼ਾਜ਼ਤ ਵਾਸਤੇ ਜਿਰਹ ਬਖ਼ਤਰ ਪਹਿਣਦੇ ਹੁੰਦੇ ਸੀ, ਅੱਜ ਬੁਲਟ ਪਰੂਫ਼ ਜੈਕਟਾਂ ਦੀ ਵਰਤੋਂ ਹੁੰਦੀ ਹੈ। ਹਾਂ ਇਹ ਗੱਲ ਜ਼ਰੂਰ ਜਾਇਜ਼ ਹੈ ਕਿ ਅਜਿਹਾ ਹੈਲਮਟ ਤਿਆਰ ਕੀਤਾ ਜਾਵੇ, ਜਿਹੜਾ ਦਸਤਾਰ ਉਤੇ ਫ਼ਿਟ ਆ ਸਕਦਾ ਹੋਵੇ।