ਭਾਈ ਰਾਜੋਆਣਾ ਬਾਰੇ ਫੈਲਾਈਆਂ ਜਾ ਰਹੀਆਂ ਖ਼ਬਰਾਂ ਸੋਚੀ ਸਮਝੀ ਸਾਜ਼ਸ਼ : ਕਮਲਦੀਪ ਕੌਰ
ਕੇਂਦਰੀ ਜੇਲ ਪਟਿਆਲਾ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ.............
ਪਟਿਆਲਾ : ਕੇਂਦਰੀ ਜੇਲ ਪਟਿਆਲਾ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਅੱਜ ਪਟਿਆਲਾ ਵਿਖੇ ਪ੍ਰੈਸ ਦੇ ਨਾਂ ਇਕ ਪੱਤਰ ਜਾਰੀ ਕਰਦਿਆਂ ਬੜਾ ਸਨਸਨੀਖੇਜ਼ ਪ੍ਰਗਟਾਵਾ ਕੀਤਾ ਹੈ ਜਿਸ ਵਿਚ ਉਨ੍ਹਾਂ ਦਸਿਆ ਕਿ ਅੱਜ ਜੋ ਅਖ਼ਬਾਰਾਂ ਵਿਚ ਅਤੇ ਸੋਸ਼ਲ ਮੀਡੀਆ 'ਤੇ ਸ.ਬਲਵੰਤ ਸਿੰਘ ਰਾਜੋਆਣਾ ਬਾਰੇ ਗ਼ਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ , ਇਹ ਸੱਭ ਕੁਝ ਇਕ ਸੋਚੀ ਸਮਝੀ ਸਾਜ਼ਸ਼ ਤਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ 2012 ਵਿਚ ਭਾਈ ਸ. ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਖ਼ਤਮ ਕਰਾਉਣ ਲਈ ਖ਼ਾਲਸਾ ਪੰਥ ਸੜਕਾਂ 'ਤੇ ਆ ਗਿਆ ਸੀ, ਉਸ ਸਮੇਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਅਖ਼ਬਾਰ ਵਿਚ ਕਿਹਾ ਸੀ,''ਮੈਂ ਜਥੇਦਾਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ ਤੇ ਮੇਰੀ ਜਗ੍ਹਾਂ 'ਤੇ ਵੀਰ ਜੀ ਸ.ਬਲਵੰਤ ਸਿੰਘ ਰਾਜੋਆਣਾ ਨੂੰ 'ਜਥੇਦਾਰ' ਬਣਾਇਆ ਜਾਵੇ, ਇਹੀ ਗੱਲ ਮੈਨੂੰ ਫ਼ੋਨ ਕਰ ਕੇ 2012 ਵਿਚ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਨੇ ਕਹੀ ਸੀ ਕਿ ਉਹ ਅਪਣੀ 'ਜਥੇਦਾਰੀ' ਛੱਡ ਦੇਣਗੇ ਜੇਕਰ ਵੀਰ ਜੀ 'ਜਥੇਦਾਰ' ਬਣਨ ਲਈ ਤਿਆਰ ਹਨ।
ਉਸ ਸਮੇਂ ਵੀ ਸ.ਬਲਵੰਤ ਸਿੰਘ ਰਾਜੋਆਣਾ ਦਾ ਇਹ ਜਵਾਬ ਸੀ ਕਿ ਮੈਂ ਅਪਣੇ ਕੌਮੀ ਫ਼ਰਜ਼ ਪੂਰੇ ਕੀਤੇ ਹਨ ਤੇ ਮੇਰਾ ਜੀਵਨ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੈ, ਮੈਂ ਅਪਣੀ ਸਜ਼ਾ ਘਟਾਉਣ ਲਈ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਦੀ ਵਰਤੋਂ ਨਹੀਂ ਕਰਾਂਗਾ, ਇਸ ਲਈ ਮੈਂ 'ਜਥੇਦਾਰੀ' ਦਾ ਅਹੁਦਾ ਨਹੀਂ ਲੈਣਾ।'' ਵੀਰ ਜੀ ਸ.ਬਲਵੰਤ ਸਿੰਘ ਰਾਜੋਆਣਾ ਅੱਜ ਵੀ ਅਪਣੇ ਉਸੇ ਸਟੈਂਡ 'ਤੇ ਕਾਇਮ ਹਨ, ਵੀਰ ਜੀ ਦਾ ਜੀਵਨ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੈ, ਗੁਰੂ ਸਾਹਿਬ ਨੂੰ ਸਮਰਪਤ ਹੈ।