ਕਿਸਾਨਾਂ ਨੂੰ ਪੁਲਿਸ ਨੇ ਸੰਸਦ ਜਾਣ ਤੋਂ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤੀ ਸੰਕਟ ਨਾਲ ਨਜਿੱਠਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਰਾਮਲੀਲਾ ਮੈਦਾਨ 'ਚ ਵੀਰਵਾਰ ਤੋਂ ਦੇਸ਼ ਭਰ ਤੋਂ ਆਏ ਹਜ਼ਾਰਾਂ ਕਿਸਾਨਾਂ ਦੀ ਸੰਸਦ ਮਾਰਚ ਦੀ ਕੋਸ਼ਿਸ਼.......

The police prevented the farmers from going to parliament

ਨਵੀਂ ਦਿੱਲੀ : ਖੇਤੀ ਸੰਕਟ ਨਾਲ ਨਜਿੱਠਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਰਾਮਲੀਲਾ ਮੈਦਾਨ 'ਚ ਵੀਰਵਾਰ ਤੋਂ ਦੇਸ਼ ਭਰ ਤੋਂ ਆਏ ਹਜ਼ਾਰਾਂ ਕਿਸਾਨਾਂ ਦੀ ਸੰਸਦ ਮਾਰਚ ਦੀ ਕੋਸ਼ਿਸ਼ ਨੂੰ ਦਿੱਲੀ ਪੁਲਿਸ ਨੇ ਮੰਜ਼ਿਲ ਤੋਂ ਕੁੱਝ ਪਹਿਲਾਂ ਹੀ ਰੋਕ ਦਿਤਾ। ਕੁਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਬੈਨਰ ਹੇਠ ਰਾਮਲੀਲਾ ਮੈਦਾਨ ਤੋਂ ਸੰਸਦ ਮਾਰਚ ਕਰ ਰਹੇ ਕਿਸਾਨ ਅੰਦੋਲਨਕਾਰੀਆਂ ਨੇ ਸੰਸਦ ਮਾਰਗ ਥਾਣ 'ਤੇ ਹੀ ਰੈਲੀ ਕੀਤੀ। ਅੰਦੋਲਨ ਦੀ ਹਮਾਇਤ ਕਰ ਰਹੇ ਲਗਭਗ ਦੋ ਸੌ ਕਿਸਾਨ ਅਤੇ ਸਮਾਜਕ ਜਥੇਬੰਦੀਆਂ ਅਤੇ 21 ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸੰਸਦ ਮਾਰਚ ਥਾਣੇ 'ਤੇ ਹੀ ਕਿਸਾਨਾਂ ਨੂੰ ਸੰਬੋਧਨ ਕੀਤਾ।

ਸਵੇਰੇ ਸਾਢੇ ਦਸ ਵਜੇ ਲਗਭਗ 35 ਹਜ਼ਾਰ ਕਿਸਾਨਾਂ ਨੇ ਭਾਰੀ ਸੁਰੱਖਿਆ ਇੰਤਜ਼ਾਮਾਂ ਵਿਚਕਾਰ ਰਾਮਲੀਲਾ ਮੈਦਾਨ ਤੋਂ ਸੰਸਦ ਭਵਨ ਤਕ ਪੈਦਲ ਮਾਰਚ ਸ਼ੁਰੂ ਕੀਤਾ। ਦਿੱਲੀ ਪੁਲਿਸ ਨੇ ਲਗਭਗ 3500 ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਆ ਇੰਤਜ਼ਾਮਾਂ ਲਈ ਤੈਨਾਤ ਕੀਤਾ ਹੈ। ਇਸ ਦੌਰਾਨ ਮੱਧ ਦਿੱਲੀ ਸਥਿਤ ਰਾਮਲੀਲਾ ਮੈਦਾਨ ਤੋਂ ਸੰਸਦ ਮਾਰਚ ਤਕ ਕਈ ਇਲਾਕਿਆਂ 'ਚ ਆਵਾਜਾਈ 'ਤੇ ਬੁਰਾ ਅਸਰ ਪਿਆ। ਪੁਲਿਸ ਨੇ ਅੰਦੋਲਨਕਾਰੀਆਂ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਸੰਸਦ ਮਾਰਗ ਥਾਣੇ ਤੋਂ ਅੱਗੇ ਵਧਣ ਤੋਂ ਰੋਕ ਦਿਤਾ। 

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਮਾਫ਼ ਕਰਨ ਅਤੇ ਫ਼ਸਲ ਦਾ ਢੁਕਵਾਂ ਮੁੱਲ ਦਿਵਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਸ ਮੰਗ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਇਕਜੁਟ ਹਨ। ਗਾਂਧੀ ਨੇ ਕਰਜ਼ਾ ਮਾਫ਼ੀ ਦੀ ਮੰਗ ਨੂੰ ਜਾਇਜ਼ ਦਸਦਿਆਂ ਕਿਹਾ, ''ਕਿਸਾਨ, ਮੋਦੀ ਜੀ ਤੋਂ ਅਨਿਲ ਅੰਬਾਨੀ ਦਾ ਹਵਾਈ ਜਹਾਜ਼ ਨਹੀਂ ਮੰਗ ਰਿਹਾ ਹੈ। ਕਿਸਾਨ ਸਿਰਫ਼ ਇਹ ਕਹਿ ਰਿਹਾ ਹੈ ਕਿ ਜੇ ਤੁਸੀ ਅਨਿਲ ਅੰਬਾਨੀ ਨੂੰ ਹਿੰਦੁਸਤਾਨ ਦੀ ਏਅਰ ਫ਼ੋਰਸ ਦਾ 30 ਹਜ਼ਾਰ ਕਰੋੜ ਰੁਪਏ ਦੇ ਸਕਤੇ ਹਨ,

ਤੁਸੀ ਖ਼ੁਦ ਅਪਣੇ ਮਿੱਤਰਾਂ ਨੂੰ 3 ਲੱਖ 50 ਹਜ਼ਾਰ ਕਰੋੜ ਰੁਪਏ ਦੇ ਸਕਦੇ ਹੋ ਤਾਂ ਸਾਡੀ ਮਿਹਨਤ ਲਈ ਸਾਡੇ ਖ਼ੂਨ ਲਈ, ਸਾਡੇ ਪਸੀਨੇ ਲਈ ਤੁਹਾਨੂੰ ਸਾਡਾ ਕਰਜ਼ਾ ਮਾਫ਼ ਕਰ ਕੇ ਦੇਣਾ ਹੀ ਹੋਵੇਗ।'' ਕਿਸਾਨ ਰੈਲੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀ.ਪੀ.ਐਮ. ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਨੀਅਰ ਸਮਾਜਵਾਦੀ ਆਗੂ ਸ਼ਰਦ ਯਾਦਵ ਅਤੇ ਸੀ.ਪੀ.ਐਮ. ਆਗੂ ਡੀ. ਰਾਜਾ ਸਮੇਤ ਕੋਈ ਹੋਰ ਪਾਰਟੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।

ਤਾਲਮੇਲ ਕਮੇਟੀ ਦੇ ਸਕੱਤਰ ਆਸ਼ੀਸ਼ ਮਿੱਤਲ ਨੇ ਕਿਹਾ ਕਿ ਲਗਭਗ 24 ਸੂਬਿਆਂ ਦੇ ਕਿਸਾਨਾਂ ਅਤੇ ਹਰ ਸਮਾਜਕ ਜਥੇਬੰਦੀਆਂ ਨੇ ਕਿਸਾਨਾਂ ਨੂੰ ਕਰਜ਼ਾ ਮੁਕਤਕਰਨ ਅਤੇ ਉਪਜ ਦਾ ਡੇਢ ਗੁਣਾ ਮੁੱਲ ਦਿਵਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਦੋ ਦਿਨਾਂ ਦਾ ਅੰਦੋਲਨ ਸਦਿਆ ਹੈ। ਜੰਤਰ ਮੰਤਰ ਵਿਖੇ ਰੈਲੀ ਦਾ ਰੂਪ ਧਾਰ ਗਏ 35 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਕਮੇਟੀ ਦੇ ਮੁਖ ਆਗੂ ਤੇ ਸਵਰਾਜ ਇੰਡੀਆ ਪਾਰਟੀ ਦੇ ਮੋਢੀ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਸਾਨਾਂ ਦੀਆਂ 21 ਨੁਕਾਤੀ ਮੰਗਾਂ, ਜਿਨ੍ਹਾਂ ਵਿਚ ਖੇਤ ਮਜ਼ਦੂਰਾਂ, ਪਸ਼ੂ ਪਾਲਕਾਂ ਤੇ ਹੋਰ ਮੰਗਾਂ ਸ਼ਾਮਲ ਹਨ,

ਦਾ ਜ਼ਿਕਰ ਕਰਦਿਆਂ ਸਪਸ਼ਟ ਐਲਾਨ ਕੀਤਾ, “ਹੁਣ ਤੱਕ ਦੀ ਸਭ ਤੋਂ ਵੱਡੀ ਕਿਸਾਨ ਵਿਰੋਧੀ ਮੋਦੀ ਸਰਕਾਰ ਨੂੰ ਜੜ੍ਹੋ ਉਖਾੜ ਸੁਟਣਾ ਹੈ ਤੇ ਕਿਸਾਨਾਂ ਦੇ ਬਿਲ ਦੀ ਹਮਾਇਤ ਕਰ ਰਹੀਆਂ 21 ਸਿਆਸੀ ਪਾਰਟੀਆਂ ਨੂੰ ਵੀ ਡਰਾ ਕੇ ਰੱਖਣਾ ਹੈ ਤਾ ਕਿ ਉਹ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਲੈਣ।“ਕਿਸਾਨ ਆਗੂ  ਅਭਿਕ ਸਾਹਾ ਨੇ ਕਿਹਾ, “ਜੇ ਕਾਰਪੋਰਟਾਂ ਲਈ ਮੋਦੀ ਸਰਕਾਰ ਅੱਧੀ ਰਾਤ ਪਾਰਲੀਮੈਂਟ ਦਾ ਇਜਲਾਸ ਸੱਦ ਸਕਦੀ ਹੈ ਤਾਂ ਕਿਸਾਨੀ ਲਈ ਕਿਉਂ ਵਿਸ਼ੇਸ਼ ਇਜਲਾਸ ਨਹੀਂ ਸੱਦਿਆ ਜਾ ਸਕਦਾ?”

ਸੇਵਾਮੁਕਤ ਮੇਜਰ ਜਨਰਲ ਸ.ਸਤਬੀਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਵਿਚ ਕਿਹਾ, “ਮੋਦੀ ਸਰਕਾਰ ਬੜੀ ਢੀਠ ਸਰਕਾਰ ਹੈ, ਇਸਨੂੰੰ ਕਿਸਾਨਾਂ ਦੀ ਕੋਈ ਪਰਵਾਹ ਨਹੀਂ, ਹੁਣ ਕਿਸਾਨ ਲੋਕ ਸਭਾ ਚੋਣਾਂ ਵਿਚ ਸਬਕ ਸਿਖਾਉਣਗੇ।“ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ, “ਇਹ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਆਪਣੇ ਕਰਜ਼ਿਆਂ ਦੀ ਮਾਫ਼ੀ ਲਈ ਦਿੱਲੀ ਸੜ੍ਹਕਾਂ 'ਤੇ ਉਤਰਨਾ ਪਿਆ ਹੈ।

ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸਵਾਮੀਨਾਥਨ ਦੀ ਰੀਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਪਿਛੋਂ ਸੁਪਰੀਮ ਕੋਰਟ ਵਿਚ ਰੀਪੋਰਟ ਲਾਗੂ ਨਾ ਕਰਨ ਦਾ ਹਲਫਨਾਮਾ ਦੇ ਕੇ, ਮੋਦੀ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਹੁਣ 5 ਮਹੀਨੇ ਰਹਿ ਗਏ ਹਨ, ਸੁਪਰੀਮ ਕੋਰਟ 'ਚੋਂ ਹਲਫ਼ਨਾਮਾ ਵਾਪਸ ਲਉ ਨਹੀਂ ਤਾਂ ਕਿਸਾਨਾਂ ਦੇ ਰੋਹ ਲਈ ਤਿਆਰ ਰਹੋ।“ ਖੱਬੇ ਪੱਖੀ ਆਗੂ ਸੀਤਾ ਰਾਮ ਯੇਚੁਰੀ ਨੇ ਕਿਹਾ ਲੋਕ ਸਭਾ ਚੋਣਾਂ  ਨੇੜੇ ਆਉਂਦਿਆਂ ਵੇਖ ਕੇ, ਭਾਜਪਾ, ਮੋਦੀ ਤੇ ਆਰ.ਐਸ.ਐਸ. ਨੇ ਮੁੜ ਰਾਮ ਮੰਦਰ ਦਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੈ ਜੋ ਇਨਾਂ੍ਹ ਕੋਲ ਇਕੋ ਇਕ ਹਥਿਆਰ ਹੈ।

Related Stories