ਭਾਜਪਾ ਦੀ ਨਜ਼ਰ ਵਿਚ ਸਾਰੇ ਘੁਸਪੈਠੀਏ : ਮਮਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਆਸਾਮ ਵਿਚ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (ਕੌਮੀ ਨਾਗਰਿਕ ਰਜਿਸਟਰ) ਦੇ ਮਸੌਦੇ ਦੀ ਛਪਾਈ ਕਾਰਨ.............

During the meeting with Rahul Gandhi and Sonia Gandhi, Mamata Banerjee

ਨਵੀਂ ਦਿੱਲੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਆਸਾਮ ਵਿਚ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (ਕੌਮੀ ਨਾਗਰਿਕ ਰਜਿਸਟਰ) ਦੇ ਮਸੌਦੇ ਦੀ ਛਪਾਈ ਕਾਰਨ ਗੁਆਂਢੀ ਬੰਗਲਾਦੇਸ਼ ਨਾਲ ਭਾਰਤ ਦੇ ਰਿਸ਼ਤੇ ਖ਼ਰਾਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਚਾਲੀ ਲੱਖ ਤੋਂ ਵੱਧ ਲੋਕਾਂ ਦੇ ਨਾਮ ਐਨਆਰਸੀ ਜਿਹੜਾ 30 ਜੁਲਾਈ ਨੂੰ ਛਪਿਆ ਹੈ, ਦੇ ਅੰਤਮ ਖਰੜੇ ਵਿਚ ਨਹੀਂ ਹਨ, ਸਿਰਫ਼ ਇਕ ਫ਼ੀ ਸਦੀ ਘੁਸਪੈਠੀਏ ਹੋ ਸਕਦੇ ਹਨ ਪਰ ਭਾਜਪਾ ਸਾਰਿਆਂ ਨੂੰ ਹੀ ਘੁਸਪੈਠੀਏ ਦੱਸਣ 'ਤੇ ਜ਼ੋਰ ਲਾ ਰਹੀ ਹੈ। 

ਉਨ੍ਹਾਂ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਕੌਮੀ ਨਾਗਰਿਕ ਰਜਿਸਟਰ ਭਾਰਤ ਦੇ ਬੰਗਲਾਦੇਸ਼ ਨਾਲ ਰਿਸ਼ਤੇ ਖ਼ਰਾਬ ਕਰ ਦੇਵੇਗਾ।' ਉਨ੍ਹਾਂ ਇਹ ਵੀ ਕਿਹਾ ਕਿ ਉਸ ਦੇ ਸੂਬੇ ਦੇ 833 ਲੋਕ ਜਿਹੜੇ ਮੁੱਖ ਤੌਰ 'ਤੇ ਮੁਰਸ਼ਿਦਾਬਾਦ ਜ਼ਿਲ੍ਹੇ ਤੋਂ ਹਨ, ਆਸਾਮ ਦੀਆਂ ਜੇਲਾਂ ਵਿਚ ਹਨ। ਉਨ੍ਹਾਂ ਕਿਹਾ, 'ਭਾਜਪਾ ਵੋਟ ਬੈਂਕ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਨਆਰਸੀ ਦਾ ਅਸਰ ਸਾਰੀ ਦੁਨੀਆਂ 'ਤੇ ਪਵੇਗਾ। ਸਰਹੱਦਾਂ ਦੀ ਰਾਖੀ ਕੇਂਦਰ ਦੀ ਜ਼ਿੰਮੇਵਾਰੀ ਹੈ। ਕੇਂਦਰੀ ਫ਼ੌਜਾਂ ਵੇਖਦੀਆ ਹਨ ਕਿ ਕਿਵੇਂ ਕਈ ਘੁਸਪੈਠੀਏ ਦੇਸ਼ ਵਿਚ ਵੜ ਰਹੇ ਹਨ ਪਰ ਘੁਸਪੈਠੀਆਂ ਦੇ ਨਾਮ 'ਤੇ ਉਹ ਲੋਕਾਂ ਨੂੰ ਤੰਗ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀ ਨੌਕਰ ਨਹੀਂ ਹੈ।ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ-ਅਪਣੇ ਵਫ਼ਦ ਆਸਾਮ ਵਿਚ ਭੇਜਣ। ਉਨ੍ਹਾਂ ਕਿਹਾ ਕਿ ਉਨ੍ਹਾਂ ਭਾਜਪਾ ਦੇ ਸਾਬਕਾ ਆਗੂ ਯਸ਼ਵੰਤ ਸਿਨਹਾ ਨੂੰ ਆਸਾਮ ਜਾਣ ਲਈ ਕਿਹਾ ਹੈ। ਇਸ ਮਾਮਲੇ ਵਿਚ ਅੱਜ ਰਾਜ ਸਭਾ ਵਿਚ ਵੀ ਹੰਗਾਮਾ ਹੋਇਆ ਅਤੇ ਸਦਨ ਦੀ ਕਾਰਵਾਈ ਕੁੱਝ ਸਮੇਂ ਲਈ ਮੁਲਤਵੀ ਕਰਨੀ ਪਈ।  (ਪੀਟੀਆਈ)