ਰਾਮ ਮੰਦਰ ਦੇ ਨਾਂ ਤੇ ਰੌਲਾ ਰੱਪਾ ਪਿੱਛੇ ਰਹਿ ਕੇ ਪਵਾਇਆ ਜਾ ਰਿਹੈ?

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਬਿਨਾਂ ਚੋਣਾਂ ਦੇ ਨਤੀਜੇ 'ਚੰਗੇ' ਨਹੀਂ ਆ ਸਕਦੇ¸ਅਜਿਹਾ ਸੋਚਦੇ ਹਨ ਸੱਤਾਧਾਰੀ ਲੋਕ.........

Uma Bharti

ਹੁਣ ਮੰਦਰ ਨਾ ਬਣਿਆ ਤਾਂ ਅਗਲੇ 50 ਸਾਲਾਂ ਤਕ ਨਹੀਂ ਬਣਦਾ : ਸ਼ਿਆਮਾ ਚਰਨ ਗੁਪਤਾ, ਭਾਜਪਾ ਸੰਸਦ ਮੈਂਬਰ 

ਰਾਮ ਮੰਦਰ ਨੇੜੇ ਮਸਜਿਦ ਉਸਾਰੀ ਦੀ ਗੱਲ ਹਿੰਦੂਆਂ ਨੂੰ ਅਸਹਿਣਸ਼ੀਲ ਬਣਾ ਸਕਦੀ ਹੈ : ਉਮਾ ਭਾਰਤੀ

ਨਵੀਂ ਦਿੱਲੀ : ਰਾਜਸੀ ਹਲਕਿਆਂ ਵਿਚ ਇਹ ਗੱਲ ਆਮ ਆਖੀ ਜਾ ਰਹੀ ਹੈ ਕਿ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਰਾਮ ਮੰਦਰ ਦੇ ਨਾਂ 'ਤੇ ਰੌਲਾ ਤੇਜ਼ ਕਰਨ ਦਾ ਕੰਮ ਬੜੇ ਯੋਜਨਾਬੱਧ ਢੰਗ ਨਾਲ ਜਥੇਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਹਰ ਬੀਤਦੇ ਦਿਨ ਨਾਲ ਇਹ ਪੱਕਾ ਹੁੰਦਾ ਜਾ ਰਿਹਾ ਹੈ ਕਿ ਰਾਮ ਮੰਦਰ ਬਿਨਾਂ ਚੋਣਾਂ ਦੇ ਨਤੀਜੇ ਕੁੱਝ ਵੀ ਹੋ ਸਕਦੇ ਹਨ ਜੋ ਸੱਤਾਧਾਰੀ ਪਾਰਟੀ ਲਈ ਮਾਰੂ ਵੀ ਸਾਬਤ ਹੋ ਸਕਦੇ ਹਨ। ਇਸੇ ਸਬੰਧ ਵਿਚ ਹੀ ਬੀ.ਜੇ.ਪੀ. ਨੇਤਾਵਾਂ ਦੇ ਬਿਆਨਾਂ ਵਿਚ ਦਿਨ ਬ ਦਿਨ ਤਿੱਖਾਪਨ ਅਤੇ ਖਿੱਝ ਸਾਫ਼ ਨਜ਼ਰ ਆ ਰਹੇ ਹਨ। 

ਅਯੋਧਿਆ 'ਚ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਉਠ ਰਹੀਆਂ ਵੱਖੋ-ਵੱਖ ਸੁਰਾਂ ਵਿਚਕਾਰ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਅੱਜ ਕਿਹਾ ਕਿ ਹਿੰਦੂ ਦੁਨੀਆਂ 'ਚ 'ਸੱਭ ਤੋਂ ਜ਼ਿਆਦਾ ਸਹਿਣਸ਼ੀਲ' ਲੋਕ ਹਨ ਪਰ ਅਯੋਧਿਆ 'ਚ ਰਾਮ ਮੰਦਰ ਕੋਲ ਮਸਜਿਦ ਉਸਾਰਨ ਦੀ ਗੱਲ ਉਨ੍ਹਾਂ ਨੂੰ 'ਅਸਹਿਣਸ਼ੀਲ' ਬਣਾ ਸਕਦੀ ਹੈ। ਉਮਾ ਭਾਰਤੀ ਨੇ ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਨਾਲ ਅਯੋਧਿਆ 'ਚ ਮੰਦਰ ਨਿਰਮਾਣ ਦੀ ਨੀਂਹ ਰੱਖਣ ਲਈ ਸੱਦਾ ਦਿਤਾ ਅਤੇ ਕਿਹਾ ਕਿ ਉਹ ਅਜਿਹਾ ਕਰ ਕੇ ਅਪਣੀ ਪਾਰਟੀ ਦੇ 'ਪਾਪਾਂ ਦਾ ਪਰਾਸ਼ਚਿਤ' ਕਰ ਲੈਣਗੇ।

ਉਨ੍ਹਾਂ ਇਕ ਇੰਟਰਵਿਊ 'ਚ ਕਿਹਾ, ''ਹਿੰਦੂ ਦੁਨੀਆਂ 'ਚ ਸੱਭ ਤੋਂ ਜ਼ਿਆਦਾ ਸਹਿਣਸ਼ੀਲ ਲੋਕ ਹਨ। ਮੈਂ ਸਾਰੇ ਸਿਆਸਤਦਾਨਾਂ ਨੂੰ ਅਪੀਲ ਕਰਦੀ ਹਾਂ, ਕ੍ਰਿਪਾ ਕਰ ਕੇ ਅਯੋਧਿਆ 'ਚ ਭਗਵਾਨ ਰਾਮ ਦੇ ਜਨਮ ਅਸਥਾਨ ਦੇ ਬਾਹਰੀ ਘੇਰੇ 'ਚ ਇਕ ਮਸਜਿਦ ਉਸਾਰੀ ਦੀ ਗੱਲ ਕਰ ਕੇ ਉਨ੍ਹਾਂ ਨੂੰ ਅਹਿਣਸ਼ੀਲ ਨਾ ਬਣਾਉਣ।'' ਉਨ੍ਹਾਂ ਕਿਹਾ ਕਿ ਜਦੋਂ ਪਵਿੱਤਰ ਮਦੀਨਾ ਨਗਰ 'ਚ ਇਕ ਵੀ ਮੰਦਰ ਨਹੀਂ ਹੋ ਸਕਦਾ ਜਾਂ ਵੈਟੀਕਨ ਸਿਟੀ 'ਚ ਇਕ ਵੀ ਮਸਜਿਦ ਨਹੀਂ ਹੋ ਸਕਦੀ ਤਾਂ ਅਯੋਧਿਆ 'ਚ ਕਿਸੇ ਮਸਜਿਦ ਦੀ ਗੱਲ ਕਰਨਾ 'ਅਣਉਚਿਤ' ਹੋਵੇਗਾ। ਉਨ੍ਹਾਂ ਕਿਹਾ ਕਿ ਅਯੋਧਿਆ ਵਿਵਾਦ ਸ਼ਰਧਾ ਦਾ ਨਹੀਂ ਬਲਕਿ ਜ਼ਮੀਨ ਦਾ ਵਿਵਾਦ ਹੈ।

ਉਨ੍ਹਾਂ ਕਿਹਾ, ''ਇਹ ਤੈਅ ਹੈ ਕਿ ਅਯੋਧਿਆ ਭਗਵਾਨ ਰਾਮ ਦਾ ਜਨਮ ਅਸਥਾਨ ਹੈ।'' ਉਨ੍ਹਾਂ ਨੇ ਇਸ ਮੁੱਦੇ ਦਾ ਅਦਾਲਤ ਦੇ ਬਾਹਰ ਹੱਲ ਕੀਤੇ ਜਾਣ 'ਤੇ ਜ਼ੋਰ ਦਿਤਾ ਅਤੇ ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮਾਇਆਵਤੀ ਅਤੇ ਮਮਤਾ ਬੈਨਰਜੀ ਸਮੇਤ ਸਾਰੇ ਸਿਆਸੀ ਆਗੂਆਂ ਨੂੰ ਇਸ ਦੀ ਹਮਾਇਤ ਕਰਨ ਦੀ ਅਪੀਲ ਕੀਤੀ। 
ਦੂਜੇ ਪਾਸੇ ਪਰਿਆਗਰਾਜ ਤੋਂ ਲੋਕ ਸਭਾ ਸੰਸਦ ਮੈਂਬਰ ਸ਼ਿਆਮਾ ਚਰਨ ਗੁਪਤਾ ਨੇ ਅੱਜ ਕਿਹਾ ਕਿ ਇਹ ਮਾਮਲਾ ਬਹੁਤ ਦਿਨਾਂ ਤੋਂ ਚਲਦਾ ਆ ਰਿਹਾ ਹੈ ਅਤੇ ਅੱਜ ਬਹੁਮਤ, ਲੋਕਾਂ ਦੀ ਹਮਾਇਤ ਉਨ੍ਹਾਂ ਕੋਲ ਹੋਣ ਦੇ ਬਾਵਜੂਦ ਜੇਕਰ ਮੰਦਰ ਨਹੀਂ ਬਣ ਸਕਿਆ ਤਾਂ ਅਗਲੇ 50 ਸਾਲਾਂ ਤਕ ਨਹੀਂ ਬਣ ਸਕੇਗਾ।

ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕਿਉਂਕਿ ਇਹ ਮਾਹੌਲ ਫਿਰ 50 ਸਾਲ ਬਾਅਦ ਹੀ ਬਣੇਗਾ। ਉਨ੍ਹਾਂ ਕਿਹਾ ਕਿ ਅਜਿਹਾ ਭਾਵੇਂ ਸੁਪਰੀਮ ਕੋਰਟ ਦੇ ਹੁਕਮ ਨਾਲ ਕੀਤਾ ਜਾਵੇ ਜਾਂ ਕਾਨੂੰਨ ਲਿਆ ਕੇ। ਹਿੰਦੂ ਸੰਤਾਂ ਦੇ ਸਿਖਰਲੇ ਸੰਗਠਨ ਅਖਿਲ ਭਾਰਤੀ ਸੰਤ ਕਮੇਟੀ ਨੇ ਐਤਵਾਰ ਨੂੰ ਸਰਕਾਰ ਨੂੰ 'ਹੁਕਮ' ਦਿਤਾ ਕਿ ਅਯੋਧਿਆ 'ਚ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਜਾਂ ਆਰਡੀਨੈਂਸ ਲਿਆਂਦਾ ਜਾਵੇ। ਕਮੇਟੀ ਦੇ ਦੋ ਦਿਨਾਂ ਦੇ ਸੰਮੇਲਨ 'ਚ ਦੇਸ਼ ਭਰ ਤੋਂ ਤਿੰਨ ਹਜ਼ਾਰ ਤੋਂ ਜ਼ਿਆਦਾ ਸੰਤਾਂ ਨੇ ਹਿੱਸਾ ਲਿਆ ਜਿਸ 'ਚ ਗਊਰਖਿਆ, ਗੰਗਾ ਨਦੀ ਦੀ ਸਫ਼ਾਈ ਅਤੇ ਰਾਮ ਮੰਦਰ ਦੀ ਉਸਾਰੀ ਸਮੇਤ ਕਈ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਗਈ।

ਰਾਮ ਮੰਦਰ ਤੋਂ ਇਲਾਵਾ ਕਮੇਟੀ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੇ ਮੁੜ ਜਿੱਤਣ ਦਾ ਪੱਖ ਲਿਆ ਹੈ। ਉਧਰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਅੱਜ ਕਿਹਾ ਕਿ ਭਾਜਪਾ ਹਮੇਸ਼ਾ ਤੋਂ ਹੀ ਅਯੋਧਿਆ 'ਚ ਰਾਮ ਮੰਦਰ ਬਣਾਉਣ ਦੀ ਹਮਾਇਤੀ ਰਹੀ ਹੈ ਅਤੇ ਅੱਗੇ ਵੀ ਰਹੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਕਿਉਂਕਿ ਰਾਮ ਮੰਦਰ ਦਾ ਮਾਮਲਾ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਹੈ, ਲਿਹਾਜ਼ਾ ਉਹ ਇਸ ਬਾਰੇ ਕੋਈ ਟਿਪਣੀ ਨਹੀਂ ਕਰਨਗੇ। ਉਹ ਸਿਰਫ਼ ਏਨਾ ਹੀ ਕਹਿ ਸਕਦੇ ਹਾਂ ਕਿ ਜਦੋਂ ਵੀ ਸਮਾਂ ਆਏਗਾ, ਅਯੋਧਿਆ 'ਚ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ। 

ਹਾਲਾਂਕਿ ਲਖਨਊ 'ਚ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ.ਆਈ.ਐਮ.ਪੀ.ਐਲ.ਬੀ.) ਨੇ ਅਯੋਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ ਸਾਲ 1992 ਵਰਗਾ ਅੰਦੋਲਨ ਸ਼ੁਰੂ ਕਰਨ ਦੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇਰਾਦੇ ਨੂੰ ਦੇਸ਼ ਲਈ ਬਹੁਤ ਖ਼ਤਰਨਾਕ ਦਸਦਿਆਂ ਅੱਜ ਕਿਹਾ ਕਿ ਮੰਦਰ ਨੂੰ ਲੈ ਕੇ ਅਚਾਨਕ ਤੇਜ਼ ਹੋਈਆਂ ਗਤੀਵਿਧੀਆਂ ਪੂਰੀ ਤਰ੍ਹਾਂ ਸਿਆਸੀ ਹਨ। ਏ.ਆਈ.ਐਮ.ਪੀ.ਐਲ.ਬੀ. ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਇਕ ਗੱਲਬਾਤ 'ਚ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਇਹ ਦਬਾਅ ਬਣਾਇਆ ਜਾ ਰਿਹਾ ਹੈ।  (ਪੀਟੀਆਈ)

Related Stories