ਰਾਜਸਥਾਨ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰੜਾ ਝਟਕਾ ਸੰਸਦ ਮੈਂਬਰ ਅਤੇ ਵਿਧਾਇਕ ਕਾਂਗਰਸ 'ਚ ਸ਼ਾਮਲ
ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋਣ ਵਿਚਕਾਰ ਭਾਰਤੀ ਜਨਤਾ ਪਾਰਟੀ ਦੇ ਇਕ ਮੌਜੂਦਾ ਸੰਸਦ ਮੈਂਬਰ ਹਰੀਸ਼ ਮੀਣਾ.........
ਜੈਪੁਰ : ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋਣ ਵਿਚਕਾਰ ਭਾਰਤੀ ਜਨਤਾ ਪਾਰਟੀ ਦੇ ਇਕ ਮੌਜੂਦਾ ਸੰਸਦ ਮੈਂਬਰ ਹਰੀਸ਼ ਮੀਣਾ ਅਤੇ ਵਿਧਾਇਕ ਹਬੀਬੁਰਹਿਮਾਨ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ। ਚੋਣਾਂ ਤੋਂ ਬਿਲਕੁਲ ਪਹਿਲਾਂ ਇਸ ਸਿਆਸੀ ਘਟਨਾ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋਹਾਂ ਪਾਰਟੀਆਂ 'ਚ 'ਮੌਕਾਪ੍ਰਸਤ ਆਗੂਆਂ' ਨੂੰ ਲੈ ਕੇ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਕਾਂਗਰਸ ਦੇ ਸੀਨੀਅਰ ਆਗੂ ਨਮੋਨਾਰਾਇਣ ਮੀਣਾ ਦੇ ਛੋਟੇ ਭਰਾ ਅਤੇ ਦੌਸਾ ਤੋਂ ਸੰਸਦ ਮੈਂਬਰ ਹਰੀਸ਼ ਮੀਣਾ ਨੇ ਨਵੀਂ ਦਿੱਲੀ 'ਚ ਜਦਕਿ ਨਾਗੌਰ ਤੋਂ ਵਿਧਾਇਕ ਹਬੀਬੁਰ ਰਹਿਮਾਨ ਨੇ ਜੈਪੂਰ 'ਚ ਸੂਬਾ ਦਫ਼ਤਰ 'ਚ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਨਵੀਂ ਦਿੱਲੀ 'ਚ ਸੂਬਾ ਕਾਂਗਰਸ ਪ੍ਰਧਾਨ ਸਚਿਨ ਪਾਈਲਟ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਪਾਰਟੀ ਦੇ ਸੂਬਾ ਇੰਚਾਰਜ ਅਵਿਨਾਸ਼ ਪਾਂਡੇ ਨੇ ਮੀਣਾ ਦਾ ਸਵਾਗਤ ਕੀਤਾ। ਇਸ ਮੌਕੇ ਮੀਣਾ ਨੇ ਕਿਹਾ ਕਿ ਉਹ ਬਗ਼ੈਰ ਸ਼ਰਤ ਤੋਂ ਕਾਂਗਰਸ 'ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ, ''ਮੈਂ ਅੱਜ ਘਰ ਵਾਪਸ ਆ ਗਿਆ ਹਾਂ। ਪਾਰਟੀ ਨਾਲ ਜੁੜਨ ਦੀ ਕੋਈ ਸ਼ਰਤ ਨਹੀਂ ਰੱਖੀ ਗਈ।''
ਇਸ ਵਿਚਕਾਰ ਕਾਂਗਰਸ ਅਤੇ ਭਾਜਪਾ 'ਚ 'ਮੌਕਾਪ੍ਰਸਤ ਆਗੂਆਂ' ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹਰੀਸ਼ ਮੀਣਾ ਦੇ ਕਾਂਗਰਸ 'ਚ ਜਾਣ 'ਤੇ ਭਾਜਪਾ ਆਗੂ ਅਤੇ ਰਾਜ ਸਭਾ ਸੰਸਦ ਮੈਂਬਰ ਕਿਰੋੜੀ ਲਾਲ ਮੀਣਾ ਨੇ ਉਨ੍ਹਾਂ ਨੂੰ ਮੌਕਾਪ੍ਰਸਤ ਕਰਾਰ ਦਿਤਾ। ਉਨ੍ਹਾਂ ਕਿਹਾ, ''ਇਸ ਦਾ ਆਦਿਵਾਸੀ ਬਹੁਗਿਣਤੀ ਇਲਾਕਿਆਂ 'ਚ ਵੋਟਰਾਂ 'ਤੇ ਕੋਈ ਅਸਰ ਨਹੀਂ ਪਵੇਗਾ। ਲੋਕ ਜਾਣਦੇ ਹਨ ਕਿ ਕੌਣ ਮੌਕਾਪ੍ਰਸਤ ਹੈ ਅਤੇ ਮੌਕਾਪ੍ਰਸਤ ਕਿਤੇ ਵੀ ਜਾ ਸਕਦਾ ਹੈ।''
ਜਦਕਿ ਕਾਂਗਰਸ ਸੰਸਦ ਮੈਂਬਰ ਰਘੂ ਸ਼ਰਮਾ ਨੇ ਕਿਹਾ ਕਿ ਕਿਰੋੜੀ ਲਾਲ ਮੀਣਾ ਖ਼ੁਦ ਮੌਕਾਪ੍ਰਸਤੀ ਦੇ 'ਸੱਭ ਤੋਂ ਵੱਡੇ' ਉਦਾਹਰਣ ਹਨ।
ਉਨ੍ਹਾਂ ਕਿਹਾ, ''ਕਿਰੋੜੀ ਲਾਲ ਦੀ ਪਤਨੀ ਗੋਲਮਾ ਦੇਵੀ ਪਿਛਲੀ ਕਾਂਗਰਸ ਸਰਕਾਰ 'ਚ ਮੰਤਰੀ ਸੀ। ਮੀਣਾ ਨੇ 2013 ਦੀਆਂ ਵਿਧਾਨ ਸਭਾ ਚੋਣਾਂ ਨੈਸ਼ਨਲ ਪੀਪਲਜ਼ ਪਾਰਟੀ ਦੇ ਉਮੀਦਵਾਰ ਵਜੋਂ ਲੜੀਆਂ ਅਤੇ ਫਿਰ ਭਾਜਪਾ 'ਚ ਸ਼ਾਮਲ ਹੋ ਗਏ। ਉਹ ਭਾਜਵਾ ਵਲੋਂ ਰਾਜ ਸਭਾ ਮੈਂਬਰ ਬਣ ਗਏ ਅਤੇ ਹੁਣ ਉਨ੍ਹਾਂ ਦੀ ਪਤਨੀ ਨੂੰ ਭਾਜਪਾ ਨੇ ਅਪਣੀ ਪਹਿਲੀ ਹੀ ਸੂਚੀ 'ਚ ਟਿਕਟ ਦੇ ਦਿਤਾ ਹੈ। ਉਹ ਮੌਕਾਪ੍ਰਸਤੀ ਦਾ ਬਿਹਤਰੀਨ ਉਦਾਹਰਣ ਹਨ।''
ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ 'ਚ ਸੂਬੇ ਪੁਲਿਸ ਡਾਇਰੈਕਟਰ ਜਨਰਲ ਰਹਿ ਚੁੱਕੇ ਭਾਰਤੀ ਪੁਲਿਸ ਸੇਵਾ ਦੇ ਸਾਬਕਾ ਅਧਿਕਾਰੀ ਹਰੀਸ਼ ਮੀਣਾ ਮਾਰਚ 2014 'ਚ ਭਾਜਪਾ ਨਾਲ ਜੁੜੇ ਅਤੇ ਤਤਕਾਲੀ ਕੇਂਦਰੀ ਮੰਤਰੀ ਅਤੇ ਅਪਣੇ ਭਰਾ ਨਮੋਨਾਰਾਇਣ ਮੀਣਾ ਵਿਰੁਧ ਚੋਣ ਲੜੀ। ਇਸ ਚੋਣ 'ਚ ਹਰੀਸ਼ ਜਿੱਤੇ ਜਦਕਿ ਕਿਰੋੜੀ ਲਾਲ ਮੀਣਾ ਦੂਜੇ ਅਤੇ ਨਮੋਨਾਰਾਇਣ ਤੀਜੇ ਨੰਬਰ 'ਤੇ ਰਹੇ।
ਜਦਕਿ ਜੈਪੁਰ 'ਚ ਨਾਗੌਰ ਤੋਂ ਭਾਜਪਾ ਵਿਧਾਇਕ ਹਬੀਬੁਰ ਰਹਿਮਾਨ 2001-03 ਦੀ ਕਾਂਗਰਸ ਸਰਕਾਰ 'ਚ ਮੰਤਰੀ ਰਹੇ ਸਨ। ਉਹ 2008 'ਚ ਟਿਕਟ ਨਾ ਮਿਲਣ 'ਤੇ ਭਾਜਪਾ 'ਚ ਚਲੇ ਗਏ ਸਨ। ਉਨ੍ਹਾਂ ਨੇ 2008 ਅਤੇ 2013 ਦੀ ਚੋਣ ਭਾਜਪਾ ਦੀ ਟਿਕਟ 'ਤੇ ਲੜੀ ਸੀ। ਪਰ ਇਸ ਵਾਰੀ ਉਨ੍ਹਾਂ ਨੂੰ ਟਿਕਟ ਨਹੀਂ ਦਿਤਾ ਗਿਆ ਤਾਂ ਉਨ੍ਹਾਂ ਫਿਰ ਕਾਂਗਰਸ ਦਾ ਪੱਲਾ ਫੜ ਲਿਆ। (ਪੀਟੀਆਈ)