ਭਾਰਤ ਅਤੇ ਪਾਕਿਸਤਾਨ ਨੇ ਇਕ-ਦੂਜੇ ਨੂੰ ਮਿਜ਼ਾਈਲ ਹਮਲੇ ਦੀ ਧਮਕੀ ਦਿੱਤੀ ਸੀ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕਾ ਦੀ ਦਖ਼ਲਅੰਦਾਜ਼ੀ ਮਗਰੋਂ ਸ਼ਾਂਤ ਹੋਇਆ ਮੁੱਦਾ

Missile

ਨਵੀਂ ਦਿੱਲੀ : ਵਿੰਗ ਕਮਾਂਡਰ ਅਭਿਨੰਦਨ ਦੇ ਫੜੇ ਜਾਣ ਮਗਰੋਂ ਭਾਰਤ ਨੇ ਪਾਕਿਸਤਾਨ 'ਤੇ ਮਿਜ਼ਾਈਲ ਹਮਲੇ ਦੀ ਤਿਆਰੀ ਕਰ ਲਈ ਸੀ। ਹਾਲਾਂਕਿ ਅਮਰੀਕਾ ਦੀ ਦਖ਼ਲਅੰਦਾਜ਼ੀ ਮਗਰੋਂ ਭਾਰਤ ਨੇ ਹਮਲੇ ਦੀ ਸ਼ੁਰੂਆਤ ਨਾ ਕਰਨ ਦਾ ਫ਼ੈਸਲਾ ਕੀਤਾ। ਇਹ ਸਨਸਨੀਖੇਜ ਪ੍ਰਗਟਾਵਾ ਨਿਊਜ਼ ਏਜੰਸੀ ਰਾਇਟਰਜ਼ ਨੇ ਆਪਣੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕੀਤਾ ਹੈ।

ਰਾਇਟਰਜ਼ ਨੇ ਪੰਜ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੋਨ ਬੋਲਟਨ ਸਮੇਤ ਅਮਰੀਕੀ ਉੱਚ ਅਧਿਕਾਰੀਆਂ ਦੀ ਦਖ਼ਲਅੰਦਾਜੀ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਡੀ ਜੰਗ ਨੂੰ ਟਾਲ ਦਿੱਤਾ ਗਿਆ। ਰਿਪੋਰਟ ਮੁਤਾਬਕ ਪਛਮੀ ਡਿਪਲੋਮੈਟ ਅਤੇ ਨਵੀਂ ਦਿੱਲੀ, ਇਸਲਾਮਾਬਾਦ ਤੇ ਵਾਸ਼ਿੰਗਟਨ ਸਥਿਤ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਕ ਸਮੇਂ ਤਾਂ ਭਾਰਤ ਨੇ ਪਾਕਿਸਤਾਨ ਉੱਤੇ ਘੱਟੋ-ਘੱਟ 6 ਮਿਜ਼ਾਈਲਾਂ ਸੁੱਟਣ ਦੀ ਧਮਕੀ ਦਿੱਤੀ ਸੀ। ਜਵਾਬ 'ਚ ਪਾਕਿਸਤਾਨ ਨੇ ਵੀ ਤਿੰਨ ਗੁਣਾ ਵੱਧ ਮਿਜ਼ਾਈਲਾਂ ਦਾਗਣ ਦੀ ਧਮਕੀ ਦਿੱਤੀ ਸੀ।

ਨਿਊਜ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਾਲਾਕੋਟ 'ਚ ਅਤਿਵਾਦੀ ਟਿਕਾਣਿਆਂ 'ਤੇ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਦੇ ਅਗਲੇ ਦਿਨ 27 ਫ਼ਰਵਰੀ ਨੂੰ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਲੜਾਕੂ ਜਹਾਜ਼ ਆਹਮੋ-ਸਾਹਮਣੇ ਹੋਏ ਤਾਂ ਉਦੋਂ ਤਣਾਅ ਬਹੁਤ ਵੱਧ ਗਿਆ। ਇਸ ਦੌਰਾਨ ਭਾਰਤੀ ਹਵਾਈ ਫ਼ੌਜ ਦਾ ਪਾਇਲਟ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ 'ਚ ਚਲਾ ਗਿਆ।

ਰਿਪੋਟਰ ਮੁਤਾਬਕ ਉਸ ਸ਼ਾਮ (27 ਫ਼ਰਵਰੀ) ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੇ ਮੁਖੀ ਆਸਿਮ ਮੁਨੀਰ ਨੂੰ ਫ਼ੋਨ ਕੀਤਾ। ਡੋਭਾਲ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਅਭਿਨੰਦਨ ਦੇ ਪਾਕਿਸਤਾਨ ਦੇ ਕਬਜ਼ੇ 'ਚ ਹੋਣ ਦੇ ਬਾਵਜੂਦ ਭਾਰਤ ਆਪਣੀ ਅਤਿਵਾਦੀ ਰੋਕੂ ਮੁਹਿੰਮ ਤੋਂ ਪਿੱਛੇ ਨਹੀਂ ਹਟੇਗਾ।