ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਤਿਊੜ? ਕੀ ਆਖਦੇ ਹਨ ਪਿੰਡ ਵਾਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ 13-14 ਤੋਂ ਪਿੰਡ 'ਚ ਪੱਕੀ ਸੜਕ ਨਹੀਂ ਬਣੀ

Mission Tandrust Punjab : Village Teur reoprt

ਐਸਏਐਸ ਨਗਰ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸਮੁੱਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ 'ਸਪੋਕਸਮੈਨ ਟੀਵੀ' ਦੀ ਟੀਮ ਜ਼ਿਲ੍ਹਾ ਐਸਏਐਸ ਨਗਰ ਦੇ ਪਿੰਡ ਤਿਊੜ ਪੁੱਜੀ।

'ਸਪੋਕਸਮੈਨ' ਦੇ ਪੱਤਰਕਾਰ ਨੇ ਪਿੰਡ ਤਿਊੜ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੇ ਵਸਨੀਕ ਹਰਦੇਵ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਮੋਹਾਲੀ ਅਤੇ ਖਰੜ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਨਿਊ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਹੈ। ਇੰਨੇ ਵੱਡੇ ਸ਼ਹਿਰਾਂ ਦੇ ਨੇੜੇ ਵਸੇ ਹੋਣ ਦਾ ਇਸ ਪਿੰਡ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਹੈ। ਪਿੰਡ ਦੀਆਂ ਲਿੰਕ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ 15-20 ਮਿੰਟ ਦੇ ਸਫ਼ਰ ਨੂੰ 1 ਘੰਟੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਹੈ। ਢਾਈ ਸਾਲ ਪਹਿਲਾਂ ਇਨ੍ਹਾਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਗਟਕਾ ਪਾ ਕੇ ਹੀ ਛੱਡ ਦਿੱਤਾ ਗਿਆ ਹੈ। ਸੜਕ ਦੇ ਉੱਪਰ ਅੱਜ ਤਕ ਲੁੱਕ ਨਹੀਂ ਪਾਈ ਗਈ। ਲੋਕ ਸਭਾ ਚੋਣਾਂ ਸਮੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸੜਕਾਂ ਦੀ ਮੁਰੰਮਤ ਕਰਵਾਉਣ ਦੇ ਵਾਅਦੇ ਕੀਤੇ ਗਏ ਸਨ। ਜਦੋਂ ਚੋਣਾਂ ਬਾਅਦ ਕੰਵਰ ਸੰਧੂ ਇੱਥੋਂ ਵਿਧਾਇਕ ਚੁਣੇ ਗਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤਿਊੜ ਪਿੰਡ 'ਚੋਂ ਘੱਟ ਵੋਟਾਂ ਮਿਲੀਆਂ ਹਨ। 

ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਪਿੰਡ 'ਚ ਗਲੀਆਂ ਤੇ ਨਾਲੀਆਂ ਦਾ ਬੁਰਾ ਹਾਲ ਹੈ। ਗਲੀਆਂ ਟੁੱਟੀਆਂ ਪਈਆਂ ਹਨ। ਨਾਲੀਆਂ 'ਚ ਪਾਣੀ ਭਰਿਆ ਰਹਿੰਦਾ ਹੈ। ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਮੀਂਹ ਦੇ ਦਿਨਾਂ 'ਚ ਹਰ ਸਾਲ ਨਾਲੀਆਂ ਦਾ ਪਾਣੀ ਬਰਸਾਤੀ ਪਾਣੀ ਨਾਲ ਮਿਲ ਕੇ ਘਰਾਂ ਤੇ ਦੁਕਾਨਾਂ ਅੰਦਰ ਵੜ ਜਾਂਦਾ ਹੈ। ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਮਾਰੀਆਂ ਫੈਲਦੀਆਂ ਹਨ।

ਕਈ ਦਿਨਾਂ ਤਕ ਪਾਣੀ ਖੜਾ ਰਹਿਣ ਕਾਰਨ ਮਕਾਨ ਦੀਆਂ ਨੀਹਾਂ ਕਮਜੋਰ ਹੋ ਰਹੀਆਂ ਹਨ, ਜਿਸ ਕਾਰਨ ਪਿੰਡ ਦੇ ਕਈ ਘਰਾਂ ਦੀਆਂ ਕੰਧਾਂ 'ਚ ਤ੍ਰੇੜਾਂ ਆ ਗਈਆਂ ਹਨ। ਪਿੰਡ ਅੰਦਰ ਡਿਸਪੈਂਸਰੀ ਵੀ ਬਣੀ ਹੋਈ ਹੈ, ਪਰ ਦਵਾਈਆਂ ਨਾਮਾਤਰ ਹੀ ਮਿਲਦੀਆਂ ਹਨ। ਹਰੇਕ ਮਰੀਜ਼ ਨੂੰ ਦਵਾਈ ਮੈਡੀਕਲ ਸਟੋਰ ਤੋਂ ਹੀ ਖਰੀਦਣੀ ਪੈਂਦੀ ਹੈ। ਸਾਡੀ ਮੰਗ ਹੈ ਕਿ ਪਿੰਡ ਅੰਦਰ 10-12 ਬੈਡਾਂ ਦਾ ਛੋਟਾ ਹਸਪਤਾਲ ਹੋਣਾ ਚਾਹੀਦਾ ਹੈ, ਜਿਸ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ। 

ਪਿੰਡ ਦੇ ਇਕ ਹੋਰ ਵਸਨੀਕ ਨੇ ਦੱਸਿਆ ਕਿ ਪੰਜਾਬ 'ਚ ਨਿੱਤ ਰੋਜ਼ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕਿਧਰੇ ਚਿੱਟੇ ਨਾਲ ਨੌਜਵਾਨ ਮਰ ਰਹੇ ਹਨ, ਕਿਤੇ ਟੀਕਾ ਲਾਉਣ ਨਾਲ, ਕਿਧਰੇ ਨਸ਼ੀਲੀਆਂ ਗੋਲੀਆਂ ਖਾਹ ਕੇ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ ਤੇ ਕਿਤੇ ਸ਼ਰਾਬ ਪੀ ਕੇ ਆਪਣੇ ਆਪ ਨੂੰ ਖਤਮ ਕਰਨ 'ਚ ਲਗੇ ਹੋਏ ਹਨ। ਸਰਕਾਰ ਜਿਹੜੇ ਨਸ਼ਾ ਛੁਡਾਉ ਕੇਂਦਰਾਂ ਦੀ ਗੱਲ ਕਰ ਰਹੀ ਹੈ, ਉਥੇ ਕੋਈ ਸਹੂਲਤ ਨਹੀਂ ਹੈ। ਹਸਪਤਾਲਾਂ ਵਿਚ ਨਸ਼ਾ ਛੁਡਾਉਣ ਵਾਲੇ ਮਾਹਰ ਡਾਕਟਰਾਂ ਦੀ ਘਾਟ ਹੈ, ਕਿਧਰੇ ਵੀ ਪੂਰੀਆਂ ਦਵਾਈਆਂ ਨਹੀਂ ਹਨ। ਇਕ ਪਿੰਡ ਵਾਸੀ ਨੇ ਦੱਸਿਆ ਕਿ ਜਿੰਨਾ ਨਸ਼ਾ ਪਿਛਲੀ ਸਰਕਾਰ ਸਮੇਂ ਵਿਕਦਾ ਸੀ, ਹੁਣ ਵੀ ਉਹੀ ਹਾਲ ਹੈ। ਅਖ਼ਬਾਰਾਂ 'ਚ ਹੀ ਪੜ੍ਹਨ ਨੂੰ ਮਿਲਦਾ ਹੈ ਕਿ ਪੰਜਾਬ 'ਚ ਨਸ਼ਾ ਘੱਟ ਗਿਆ ਹੈ, ਪਰ ਜ਼ਮੀਨੀ ਪੱਧਰ 'ਚ ਹਕੀਕਤ ਕੁਝ ਹੋਰ ਹੀ ਹੈ। ਸਾਡੇ ਪਿੰਡ 'ਚ ਸਰੇਆਮ ਨਸ਼ਾ ਵਿਕਦਾ ਹੈ। ਪਿੰਡ ਦੇ ਕਈ ਨੌਜਵਾਨ ਨਸ਼ੇ ਦੀ ਭੈੜੀ ਅਲਾਮਤ 'ਚ ਫਸ ਚੁੱਕੇ ਹਨ। ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ੇ ਵੱਲ ਜਾ ਰਹੇ ਹਨ। ਨਸ਼ੇ ਦੀ ਪੂਰਤੀ ਲਈ ਮਾਰਕੁੱਟ, ਚੋਰੀ, ਧੋਖਾਧੜੀ, ਝਪਟਮਾਰੀ ਆਦਿ ਕਰ ਰਹੇ ਹਨ। 

ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਹੋਏ ਨੂੰ 72 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਹੁਣ ਵੀ ਪਿੰਡ ਅੰਦਰ ਮੁੱਖ ਸਮੱਸਿਆ ਗਲੀਆਂ-ਨਾਲੀਆਂ ਦੀ ਬਣੀ ਹੋਈ ਹੈ। ਪੀਣ ਵਾਲਾ ਪਾਣੀ ਵੀ ਗੰਧਲਾ ਆਉਂਦਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਜਿਸ ਕਾਰਨ ਕਈ ਬੋਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਪਿੰਡ ਦੀ ਮਾੜੀ ਹਾਲਤ ਵੇਖ ਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਇਥੇ ਆਉਣ ਤੋਂ ਕਤਰਾਉਂਦੇ ਹਨ। ਪਿੰਡ 'ਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਮੱਛਰ-ਮੱਖੀਆਂ ਨੇ ਲੋਕਾਂ ਦਾ ਜਿਊਣਾ ਦੂਭਰ ਕਰ ਦਿੱਤਾ ਹੈ। ਪਿਛਲੇ ਸਾਲ ਪਿੰਡ ਅੰਦਰ ਡੇਂਗੂ ਅਤੇ ਮਲੇਰੀਆ ਦੇ ਕਈ ਮਾਮਲੇ ਸਾਹਮਣੇ ਆਏ ਸਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਅੱਜ ਤਕ ਉਨ੍ਹਾਂ ਦੇ ਪਿੰਡ ਅੰਦਰ ਕਦੇ ਸਫ਼ਾਈ ਮੁਹਿੰਮ ਜਾਂ ਪੱਕੀਆਂ ਨਾਲੀਆਂ ਬਣਵਾਉਣ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ।

ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਪਿੰਡ ਅੰਦਰ ਦੋ ਖੇਡ ਮੈਦਾਨ ਹਨ। ਇਕ ਸਰਕਾਰੀ ਸਕੂਲ ਦਾ ਅਤੇ ਦੂਜਾ ਪੰਚਾਇਤ ਵੱਲੋਂ ਬਣਾਇਆ ਗਿਆ ਹੈ। ਪੰਚਾਇਤੀ ਮੈਦਾਨ ਦੇ ਰੱਖਰਖਾਅ ਦਾ ਵਧੀਆ ਪ੍ਰਬੰਧ ਨਹੀਂ ਹੈ। ਮੀਂਹ ਦੇ ਦਿਨਾਂ 'ਚ ਇਹ ਮੈਦਾਨ ਟੋਭਾ ਬਣ ਜਾਂਦਾ ਹੈ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਜੇ ਇਕ ਵਾਰ ਮੀਂਹ ਪੈ ਜਾਵੇ ਤਾਂ 10-12 ਦਿਨ ਪਾਣੀ ਭਰਿਆ ਰਹਿੰਦਾ ਹੈ ਅਤੇ ਹੌਲੀ-ਹੌਲੀ ਧੁੱਪ ਨਾਲ ਸੁੱਕਦਾ ਹੈ। ਇਸ ਤੋਂ ਇਲਾਵਾ ਪਿੰਡ ਦੀ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣਾ ਹੈ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਹੁਤ ਸਾਰੇ ਨੌਜਵਾਨ ਫ਼ੌਜ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਖੇਡਾਂ 'ਚ ਵੀ ਕਈ ਨੌਜਵਾਨ ਨੈਸ਼ਨਲ ਪੱਧਰ ਤਕ ਤਮਗ਼ੇ ਜਿੱਤ ਚੁੱਕੇ ਹਨ। ਇਸ ਦੇ ਬਾਵਜੂਦ ਪਿੰਡ ਦੀ ਇੰਨੀ ਮਾੜੀ ਹਾਲਤ ਲਈ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਪਿੰਡ ਦੀ ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਅੱਗੇ ਸ਼ਾਮਲਾਟ ਜ਼ਮੀਨ ਹੈ, ਜਿਥੇ ਜੰਗਲੀ ਬੂਟਿਆਂ ਅਤੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ। ਪਿੰਡ ਦੀ ਪੰਚਾਇਤ ਨੂੰ ਕਾਫ਼ੀ ਵਾਰ ਇਸ ਥਾਂ ਦੀ ਸਾਫ਼-ਸਫ਼ਾਈ ਲਈ ਕਿਹਾ ਗਿਆ ਹੈ, ਪਰ ਅੱਜ ਤਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੂੰ ਸਾਰਾ ਦਿਨ ਆਪਣੇ ਘਰ ਅੰਦਰ ਹੀ ਰਹਿਣਾ ਪੈਂਦਾ ਹੈ। ਬਾਹਰ ਵਿਹੜੇ 'ਚ ਬੈਠਣ 'ਤੇ ਮੱਛਰਾਂ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਜਦੋਂ ਹਵਾ ਚੱਲਦੀ ਹੈ ਤਾਂ ਕੂੜੇ ਦੇ ਢੇਰ ਦੀ ਬਦਬੋ ਅੰਦਰ ਕਮਰਿਆਂ ਤਕ ਆ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਤਕ ਲੈਣਾ ਔਖਾ ਹੋ ਜਾਂਦਾ ਹੈ।

ਪਿੰਡ ਵਾਸੀ ਇਕ ਔਰਤ ਨੇ ਦੱਸਿਆ ਕਿ ਸਫ਼ਾਈ ਪੱਖੋਂ ਪਿੰਡ ਦਾ ਬਹੁਤ ਮਾੜਾ ਹਾਲ ਹੈ। ਗਲੀਆਂ-ਨਾਲੀਆਂ ਟੁੱਟੀਆਂ ਪਈਆਂ ਹਨ। ਸਟ੍ਰੀਟ ਲਾਈਟਾਂ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ। ਰਾਤ ਨੂੰ ਪਿੰਡ ਅੰਦਰੋਂ ਲੰਘਣਾ ਔਖਾ ਹੋ ਜਾਂਦਾ ਹੈ। ਮੀਂਹ ਦੇ ਦਿਨਾਂ 'ਚ ਗਲੀਆਂ ਪਾਣੀ ਨਾਲ ਭਰ ਜਾਂਦੀਆਂ ਹਨ। ਜੇ ਕਿਸੇ ਲੀਡਰ ਨੂੰ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਕਹਿੰਦੇ ਹਨ ਤਾਂ ਉਹ ਕਦੇ ਕਹਿ ਦਿੰਦੇ ਹਨ ਕਿ ਤੁਸੀ ਬਾਦਲਾਂ ਨੂੰ ਵੋਟ ਪਾਈ, ਤੁਸੀ ਕਾਂਗਰਸੀਆਂ ਨੂੰ ਵੋਟ ਪਾਈ। ਪੰਚ-ਸਰਪੰਚ ਆਪੋ-ਆਪਣੀ ਗਲੀ 'ਚ ਮਜ਼ਦੂਰ ਲਗਵਾ ਕੇ ਸਫ਼ਾਈ ਕਰਵਾ ਲੈਂਦੇ ਹਨ। 

ਪਿੰਡ ਦੇ ਇਕ ਹੋਰ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਸੀ ਜ਼ਿਆਦਾਤਰ ਕੰਮ-ਧੰਦੇ ਲਈ ਚੰਡੀਗੜ੍ਹ, ਮੋਹਾਲੀ, ਖਰੜ ਵੱਲ ਜਾਂਦੇ ਹਨ। ਇਨ੍ਹਾਂ ਸਾਰੀਆਂ ਥਾਵਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਬੁਰੀ ਹੈ। ਜੇ ਕਿਸੇ ਮਰੀਜ਼ ਨੂੰ ਪੀਜੀਆਈ ਲੈ ਕੇ ਜਾਣਾ ਹੋਵੇ ਤਾਂ ਬਹੁਤ ਪ੍ਰੇਸ਼ਾਨੀ ਆਉਂਦੀ ਹੈ। ਟੁੱਟੀਆਂ ਸੜਕਾਂ ਕਾਰਨ ਉਨ੍ਹਾਂ ਦੀਆਂ ਗੱਡੀਆਂ ਅਤੇ ਦੋਪਹੀਆ ਵਾਹਨ ਕਬਾੜ ਬਣ ਰਹੇ ਹਨ। ਪਿਛਲੇ 13-14 ਤੋਂ ਪਿੰਡ 'ਚ ਪੱਕੀ ਸੜਕ ਨਹੀਂ ਬਣੀ। ਪਿੰਡ ਦਾ ਸਾਰਾ ਗੰਦਾ ਪਾਣੀ ਛੱਪੜ 'ਚ ਹੀ ਡਿੱਗਦਾ ਹੈ ਅਤੇ ਇਸ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਮੀਂਹ ਦੇ ਮੌਸਮ 'ਚ ਇਹ ਛੱਪੜ ਨੱਕੋ-ਨੱਕ ਭਰ ਜਾਂਦਾ ਹੈ, ਜੋ ਪਿੰਡ ਅੰਦਰ ਵੜ ਜਾਂਦਾ ਹੈ।

ਇਕ ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਅੰਦਰ ਬਣੀ ਡਿਸਪੈਂਸਰੀ ਦਾ ਕੋਈ ਲਾਭ ਨਹੀਂ ਮਿਲ ਰਿਹਾ। ਡਿਸਪੈਂਸਰੀ 'ਚ ਸਿਰ ਦਰਦ ਦੀ ਵੀ ਦਵਾਈ ਨਹੀਂ ਮਿਲਦੀ। ਡਾਕਟਰਾਂ ਵੱਲੋਂ ਪਰਚੀ 'ਤੇ ਦਵਾਈਆਂ ਲਿਖ ਦਿੱਤੀ ਜਾਂਦੀ ਹੈ, ਜੋ ਸਾਨੂੰ ਮੈਡੀਕਲ ਸਟੋਰ ਤੋਂ ਲੈਣੀ ਪੈਂਦੀ ਹੈ।

ਤਿਊੜ ਪਿੰਡ ਅੰਦਰ ਬਣੇ ਸਰਕਾਰੀ ਸਕੂਲ ਦੀ ਇਮਾਰਤ ਕਾਫੀ ਵਧੀਆ ਤਰੀਕੇ ਨਾਲ ਬਣੀ ਹੋਈ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਮੈਦਾਨ ਅਤੇ ਫੁੱਲ ਬੂਟੇ ਵੀ ਲੱਗੇ ਹੋਏ ਹਨ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਅੰਦਰ ਲਗਭਗ 550 ਬੱਚੇ ਪੜ੍ਹ ਰਹੇ ਹਨ। ਅਧਿਆਪਕਾਂ ਵੱਲੋਂ ਬੜੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਪਿਛਲੇ ਪਾਸੇ ਖੇਤ ਹਨ। ਜਦੋਂ ਕਾਫ਼ੀ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਖੇਤਾਂ ਦਾ ਪਾਣੀ ਸਕੂਲ ਅੰਦਰ ਤਕ ਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ।