'ਜੀਜੇ-ਸਾਲੇ ਨੇ ਮਿਲ ਕੇ ਅਕਾਲੀ ਦਲ ਨੂੰ ਇਕ ਨਿਜੀ ਫ਼ਰਮ ਵਿਚ ਤਬਦੀਲ ਕੀਤਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ..........

Amarpal Singh Bony

ਅੰਮ੍ਰਿਤਸਰ/ਤਰਨਤਾਰਨ : ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਇਕ ਨਿਜੀ ਫ਼ਰਮ ਵਿਚ ਤਬਦੀਲ ਕਰ ਦਿਤਾ ਤੇ ਇਹ ਪਾਰਟੀ ਹੁਣ ਇਕ ਨਿਜੀ ਪ੍ਰਾਈਵੇਟ ਫ਼ਰਮ ਦੀ ਤਰਜ 'ਤੇ ਕੰਮ ਕਰ ਰਹੀ। ਸਪੋਕਸਮੈਨ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ. ਅਜਨਾਲਾ ਨੇ ਕਿਹਾ ਕਿ ਪੰਥਕ ਪੰ੍ਰਪਰਾਵਾਂ ਦਾ ਘਾਣ, ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦਿਤੇ ਜਾਣਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,

ਨਿਰਦੋਸ਼ ਸਿੰਘਾਂ ਦਾ ਕਤਲ ਇਨ੍ਹਾਂ ਘਟਨਾਵਾਂ ਨੇ ਸਾਡੀ ਰੂਹ ਨੂੰ ਜ਼ਖ਼ਮੀ ਕਰ ਦਿਤਾ ਤੇ ਸਾਡੀ ਰੂਹ ਨੂੰ ਠੇਸ ਲੱਗੀ। ਉਨ੍ਹਾਂ ਕਿਹਾ ਕਿ ਅਸੀ ਪਾਰਟੀ ਪਲੇਟਫ਼ਾਰਮ ਤੇ ਹਮੇਸ਼ਾ ਅਵਾਜ਼ ਬੁਲੰਦ ਕੀਤੀ। ਸ. ਸੁਖਦੇਵ ਸਿੰਘ ਢੀਂਡਸਾ, ਮਾਝੇ ਦੇ ਜਰਨੈਲ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਮੇਰੇ ਪਿਤਾ ਡਾਕਟਰ ਰਤਨ ਸਿੰਘ ਅਜਨਾਲਾ ਦੇ ਵਾਰ-ਵਾਰ ਵਿਰੋਧ ਕਾਰਨ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਕਰਨਾ ਪਿਆ ਜਿਸ ਦੀ ਰੀਪੋਰਟ 'ਤੇ ਨਜ਼ਰਸਾਨੀ ਕਰਨ ਦੀ ਬਜਾਏ ਉਸ ਰੀਪੋਰਟ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿਤਾ ਗਿਆ।

ਕੋਰ ਕਮੇਟੀ ਦੀਆਂ ਮਟਿੰਗਾਂ ਵਿਚ ਅਨੇਕਾ ਵਾਰ ਸ. ਢੀਂਡਸਾ, ਜਥੇਦਾਰ ਬ੍ਰਹਮਪੁਰਾ, ਸੇਖਵਾਂ ਅਤੇ ਡਾ. ਅਜਨਾਲਾ ਨੇ ਸੁਝਾਅ ਦਿਤਾ ਸੀ ਕਿ ਆਉ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਅਪਣੀਆਂ ਗ਼ਲਤੀਆਂ ਦੀ ਮਾਫ਼ੀ ਮੰਗ ਲਈਏ ਪਰ ਕਿਸੇ ਦੇ ਕੰਨ 'ਤੇ ਜੂੰ ਨਾ ਸਰਕੀ। ਉਨ੍ਹਾਂ ਦੁਹਰਾਇਆ ਕਿ ਅਕਾਲੀ ਦਲ ਨੇ ਸਿੱਖ ਸੰਸਥਾਵਾਂ ਨੂੰ ਅਪਣਾ ਗ਼ੁਲਾਮ ਬਣਾ ਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਹੁਦੇਦਾਰਾਂ ਦੀ ਚੋਣ ਸਮੇਂ ਜੋ ਕੁੱਝ ਭੈਣ ਕਿਰਨਜੋਤ ਕੌਰ ਨਾਲ ਕੀਤਾ ਗਿਆ। ਉਸ ਕੋਲੋਂ ਮਾਈਕ ਖੋਹ ਲੈਣਾ, ਬੋਲਣ ਤੋਂ ਰੋਕਣਾ, ਧੱਕਾ-ਮੁਕੀ ਕਰਨਾ ਸੰਕੇਤ ਦਿੰਦਾ ਹੈ ਕਿ ਇਹ ਸਾਰੇ ਇਕ ਨਿਜੀ ਪ੍ਰਾਈਵੇਟ ਫ਼ਰਮ ਦੇ ਕਾਰਕੁੰਨ ਹਨ।

ਉਨ੍ਹਾਂ ਸ਼੍ਰੋਮਣੀ ਕਮੇਟੀ ਵਿਚ ਬੈਠੇ ਮੈਂਬਰਾਂ ਨੂੰ ਵੀ ਸੱਦਾ ਦਿਤਾ ਕਿ ਉਹ ਇਸ ਨਿਜੀ ਕੰਪਨੀ ਦਾ ਸਾਥ ਛੱਡ ਕੇ ਪੰਥ ਨਾਲ ਖੜੇ ਹੋਣ। ਸ. ਅਜਨਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਨੂੰ ਮਜ਼ਾਕ ਬਣਾ ਕੇ ਰਖ ਦਿਤਾ। ਜਦੋਂ ਮਰਜ਼ੀ ਜਿਸ ਨੂੰ ਮਰਜ਼ੀ ਪੰਥ ਵਿਚੋਂ ਛੇਕ ਦਿਤਾ ਜਾਂਦਾ, ਇਸ ਦਾ ਸਬੂਤ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਪਿਛਲੇ ਸਮੇਂ ਵਿਚ ਦਿਤੇ ਬਿਆਨ ਹਨ।

ਜਿਨ੍ਹਾਂ ਅਪਣੇ ਬਿਆਨਾਂ ਵਿਚ ਮੰਨਿਆ ਕਿ ਜਦ ਸਾਨੂੰ ਭਾਵ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਬੁਲਾਇਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਅੱਜ ਇਉਂ ਲੱਗ ਰਿਹਾ ਹੈ ਕਿ ਜਿਵੇਂ ਸਾਨੂੰ ਤਲਬ ਕੀਤਾ ਗਿਆ ਹੋਵੇ। ਫਿਰ ਸੌਦਾ ਸਾਧ ਦੀ ਚਿੱਠੀ ਜੋ ਜਥੇਦਾਰਾਂ ਨੂੰ ਚੰਡੀਗੜ੍ਹ ਵਿਚ ਦਿਖਾਈ ਗਈ ਸੀ ਉਹ ਹਿੰਦੀ ਵਿਚ ਸੀ ਤੇ ਬਾਅਦ ਵਿਚ ਉਹ ਚਿੱਠੀ ਅਕਾਲ ਤਖ਼ਤ ਸਾਹਿਬ 'ਤੇ ਜਦ ਆਈ ਤਾਂ ਪੰਜਾਬੀ ਦੀ ਕਿਵੇਂ ਹੋ ਗਈ।

ਇਨ੍ਹਾਂ ਅਕਾਲ ਤਖ਼ਤ ਸਾਹਿਬ ਨੂੰ ਮਜ਼ਾਕ ਬਣਾ ਕੇ ਰੱਖ ਦਿਤਾ ਹੈ : ਅਜਨਾਲਾ ਨੇ ਕਿਹਾ ਕਿ ਅਸੀ ਹੋਕਾ ਦਿੰਦੇ ਹਾਂ ਕਿ ਜਿਥੇ ਜਿਥੇ ਵੀ ਟਕਸਾਲੀ ਅਕਾਲੀ ਹਨ ਜਿਨ੍ਹਾਂ ਦੀਆਂ ਰਗਾਂ ਵਿਚ ਅਕਾਲੀ ਦਲ ਦਾ ਖ਼ੂਨ ਦੌੜਦਾ ਹੈ ਬਾਦਲ ਪ੍ਰਵਾਰ ਤੇ ਮਜੀਠੀਆ ਦੇ ਸਤਾਏ ਹੋਏ ਹਨ, ਇਕ ਹੋਈਏ ਤੇ ਇਸ ਪ੍ਰਵਾਰ ਨੂੰ ਭਜਾਈਏ ਤੇ ਪੰਥ ਦਾ ਬਚਾਅ ਕਰੀਏ। ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਹੋਏ ਵਿਕਾਸ ਕਾਰਜਾਂ 'ਤੇ ਬੋਲਦਿਆਂ ਸ. ਅਜਨਾਲਾ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਇੱਕਲੇ ਸੁਖਬੀਰ ਬਾਦਲ ਨੇ ਨਹੀਂ ਕਰਵਾਇਆ ਉਸ ਪਿਛੇ ਟਕਸਾਲੀ ਅਕਾਲੀਆਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ,

ਸੇਵਾ ਸਿੰਘ ਸੇਖਵਾਂ ਅਤੇ ਮੇਰੇ ਪਿਤਾ ਡਾਕਟਰ ਰਤਨ ਸਿੰਘ ਅਜਨਾਲਾ ਦਾ ਵੀ ਹੱਥ। ਪੰਜਾਬ ਦੇ ਵਿਕਾਸ ਦਾ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੇ ਹੋਟਲ ਦਾ ਵੀ ਪੂਰਾ ਵਿਕਾਸ ਹੋਇਆ। ਉਸ ਦੇ ਹੋਟਲ ਤਕ ਪੱਕੀਆਂ ਸੜਕਾਂ ਵੀ ਸਰਕਾਰੀ ਖ਼ਜ਼ਾਨੇ ਵਿਚੋਂ ਬਣੀਆਂ। ਪੰਜਾਬ ਦੇ ਵਿਕਾਸ ਲਈ ਸਾਰੇ ਅਕਾਲੀ ਦਲ ਨੇ ਜ਼ੋਰ ਲਗਾਇਆ ਸੀ ਇੱਕਲਾ ਸ. ਸੁਖਬੀਰ ਸਿੰਘ ਬਾਦਲ ਹੀ ਇਸ ਲਈ ਕੰਮ ਨਹੀਂ ਕਰਦਾ ਰਿਹਾ। ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ 'ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਦਿਆਂ ਸ. ਅਜਨਾਲਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਡੀ ਸਾਜ਼ਸ਼ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰ ਰਿਹਾ ਹੈ।

ਇਸ ਦੇ ਵਡੇਰੇ ਵੀ ਅਜਿਹਾ ਹੀ ਕਰਦੇ ਰਹੇ ਸਨ। ਅਜਨਾਲਾ ਨੇ ਕਿਹਾ ਕਿ ਅਕਾਲੀ ਹਲਕਿਆਂ ਵਿਚ ਕਿਹਾ ਜਾਂਦਾ  ਕਿ ਬਿਕਰਮ ਸਿੰਘ ਪੁਠੀ ਸੋਚ ਰਖਦਾ। ਉਸ ਨੇ ਇਕ ਸਾਜ਼ਸ਼ ਨਾਲ ਟਕਸਾਲੀ ਅਕਾਲੀਆਂ ਨੂੰ ਲਾਂਭੇ ਕਰ ਦਿਤਾ। ਅਜਨਾਲਾ ਤੇ ਰੇਤ ਮਾਫ਼ੀਆ ਨਾਲ ਮਿਲੇ ਹੋਣ ਦੇ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਿਜੀ ਫ਼ਰਮ ਵਾਲੇ ਜੀਜਾ ਸਾਲਾ ਜਿਸ 'ਤੇ ਚਾਹੁੰਣ ਜੋ ਚਾਹੁੰਣ ਦੋਸ਼ ਲਗਾ ਸਕਦੇ ਹਨ।

ਇਨ੍ਹਾਂ ਤੋਂ ਪੁਛੋ ਕਿ ਗੱਲੇ 'ਤੇ ਕੋਣ ਬੈਠਦਾ ਸੀ, ਸਾਰੇ ਕੰਮ ਦਾ ਕਿੰਗ ਪਿੰਨ ਕੌਣ ਸੀ, ਪੈਸੇ ਦਾ ਲੈਣ-ਦੇਣ ਕੌਣ ਕਰਦਾ ਸੀ ਆਦਿ। ਮੈਂ ਸਿਰਫ਼ ਅਪਣੇ ਹਲਕੇ ਦੇ ਗ਼ਰੀਬਾਂ, ਲੋੜਵੰਦਾਂ ਅਤੇ ਹਲਕੇ ਦੇ ਧਾਰਮਕ ਅਸਥਾਨਾਂ ਲਈ ਮੁਫ਼ਤ ਰੇਤ ਦਾ ਪ੍ਰਬੰਧ ਕਰਦਾ ਰਿਹਾ ਹਾਂ। ਉਨ੍ਹਾਂ ਟਕਸਾਲੀ ਅਕਾਲੀਆਂ ਨੂੰ ਮੁੜ ਸੱਦਾ ਦਿਤਾ ਕਿ ਉਹ ਇੱਕਠੇ ਹੋਣ ਤੇ ਇਸ ਪ੍ਰਵਾਰਕ ਫ਼ਰਮ ਨੂੰ ਬੰਦ ਕਰੀਏ ਤਾਕਿ ਪੰਜਾਬ ਨੂੰ ਮੁੜ ਦੇਸ਼ ਦਾ ਇਕ ਨੰਬਰ ਸੂਬਾ ਬਣਾਇਆ ਜਾ ਸਕੇ। 

(ਪੂਰਾ ਇੰਟਰਵਿਉ ਸਪੋਕਸਮੈਨ ਟੀਵੀ 'ਤੇ ਦੇਖੋ)

Related Stories