26 ਸਾਲਾਂ ਔਰਤ ਦਾ ਚਾਕੂ ਮਾਰ ਕੇ ਕਤਲ, ਹੱਥ-ਮੂੰਹ ਬੰਨ੍ਹ ਬੈੱਡ ‘ਚ ਲੁਕਾਈ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ‘ਚ 26 ਸਾਲ ਦੀ ਇਕ ਔਰਤ ਦੀ ਖ਼ੂਨ ਨਾਲ ਲਿਬੜੀ ਲਾਸ਼ ਬੈੱਡ ਬਾਕਸ ਵਿਚੋਂ ਮਿਲੀ ਹੈ। ਕਤਲ ਚਾਕੂ ਜਾਂ ਕਿਸੇ ਹੋਰ ਤੇਜਧਾਰ ਚੀਜ਼...

26-year-old woman stabbed to death

ਫਿਰੋਜ਼ਪੁਰ (ਸਸਸ) : ਫਿਰੋਜ਼ਪੁਰ ‘ਚ 26 ਸਾਲ ਦੀ ਇਕ ਔਰਤ ਦੀ ਖ਼ੂਨ ਨਾਲ ਲਿਬੜੀ ਲਾਸ਼ ਬੈੱਡ ਬਾਕਸ ਵਿਚੋਂ ਮਿਲੀ ਹੈ। ਕਤਲ ਚਾਕੂ ਜਾਂ ਕਿਸੇ ਹੋਰ ਤੇਜਧਾਰ ਚੀਜ਼ ਮਾਰ ਕੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਮੂੰਹ ਵਿਚ ਕੱਪੜਾ ਪਾ ਕੇ ਰੱਖਿਆ ਸੀ, ਉਥੇ ਹੀ ਹੱਥ ਵੀ ਬੰਨ੍ਹੇ ਹੋਏ ਸਨ। ਜਾਣਕਾਰੀ ਮਿਲਦੇ ਹੀ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ। ਮਾਮਲਾ ਫਿਰੋਜ਼ਪੁਰ ਦੀ ਬਸਤੀ ਟੈਂਕਾਂਵਾਲੀ ਦਾ ਹੈ।

ਇਥੇ ਨਵੀਂ ਆਬਾਦੀ ਦੀ ਗਲੀ ਨੰਬਰ 24/3 ਵਿਚ ਮੰਗਲਵਾਰ ਰਾਤ ਘਰ ਦੇ ਬੈੱਡ ਵਿਚੋਂ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਜਿਵੇਂ ਹੀ ਆਸਪਾਸ ਦੇ ਘਰਾਂ ਦੇ ਲੋਕਾਂ ਨੂੰ ਸੂਚਨਾ ਮਿਲੀ ਤਾਂ ਲੋਕ ਘਰਾਂ ਤੋਂ ਬਾਹਰ ਨਿਕਲੇ। ਨਾਲ ਹੀ ਔਰਤ ਦੇ ਪਤੀ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਿਸ ਨੂੰ ਲੋਕ ਹੌਂਸਲਾ ਦੇਣ ਵਿਚ ਲੱਗੇ ਸਨ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਛਾਉਣੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਪੜਤਾਲ ਵਿਚ ਜੁੱਟ ਗਈ।

ਪੁਲਿਸ ਨੂੰ ਦਿਤੇ ਬਿਆਨ ਵਿਚ ਮ੍ਰਿਤਕ ਔਰਤ ਪੂਜਾ (26)  ਦੇ ਪਤੀ ਮਨਮੋਹਨ ਠਾਕੁਰ ਪੁੱਤਰ ਸੁਭਾਸ਼ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 2 ਸਾਲ ਹੀ ਹੋਏ ਹਨ ਅਤੇ ਉਨ੍ਹਾਂ ਦੀ ਅਜੇ ਤੱਕ ਕੋਈ ਔਲਾਦ ਵੀ ਨਹੀਂ ਹੈ। ਹਾਲ ਹੀ ਵਿਚ 17 ਨਵੰਬਰ ਨੂੰ ਪੂਜਾ ਦਾ ਜਨਮ ਦਿਨ ਦੋਵਾਂ ਨੇ ਮਨਾਇਆ ਸੀ। ਮਨਮੋਹਨ ਨੇ ਦੱਸਿਆ ਕਿ ਉਹ ਆਪ ਇਕ ਆਯੂਰਵੈਦਿਕ ਕੰਪਨੀ ਵਿਚ ਨੌਕਰੀ ਕਰਦਾ ਹੈ ਅਤੇ ਰੋਜ਼ ਸਵੇਰੇ ਵੱਖ-2 ਸ਼ਹਿਰਾਂ ਵਿਚ ਮਾਰਕਿਟਿੰਗ ਲਈ ਨਿਕਲ ਜਾਂਦਾ ਹੈ।

ਮਾਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਘਰ ਵਿਚ ਉਸ ਦੇ ਨਾਲ ਉਸ ਦੇ ਪਿਤਾ ਅਤੇ ਪਤਨੀ ਰਹਿੰਦੇ ਹਨ। ਹੁਣ ਪਿਤਾ ਵੀ ਪਿਛਲੇ ਇਕ ਹਫ਼ਤੇ ਤੋਂ ਬਾਬਾ ਬਾਲਕ ਨਾਥ ਧਾਮ ਉਤੇ ਗਏ ਹੋਏ ਹਨ। ਮੰਗਲਵਾਰ ਸਵੇਰੇ ਕਰੀਬ ਸਾਢੇ 9 ਵਜੇ ਉਹ ਕੰਮ ਉਤੇ ਨਿਕਲ ਗਿਆ, ਜਿਸ ਤੋਂ ਬਾਅਦ ਪੂਰਾ ਦਿਨ ਪਤਨੀ ਨਾਲ ਕੋਈ ਗੱਲ ਨਹੀਂ ਹੋਈ। ਉੱਧਰ ਸੱਸ ਦਾ ਕਹਿਣਾ ਸੀ ਕਿ ਉਸ ਨੇ ਵੀ ਕਈ ਵਾਰ ਫ਼ੋਨ ਕੀਤਾ, ਪਰ ਇਕ ਵਾਰ ਵੀ ਪੂਜਾ ਨੇ ਕਾਲ ਦਾ ਜਵਾਬ ਨਹੀਂ ਦਿਤਾ।

ਸੱਸ ਦੇ ਕਹਿਣ ‘ਤੇ ਦੇਰ ਸ਼ਾਮ ਲਗਭੱਗ ਸਾਢੇ 6 ਵਜੇ ਮਨਮੋਹਣ ਘਰ ਪਹੁੰਚਿਆ ਤਾਂ ਬਾਹਰ ਮੇਨ ਗੇਟ ਖੁੱਲ੍ਹਾ ਹੋਇਆ ਸੀ ਅਤੇ ਘਰ ਵਿਚ ਐਂਟਰ ਕਰਨ ਵਾਲੇ ਦਰਵਾਜ਼ੇ ਨੂੰ ਲਾਕ ਲਗਾ ਸੀ। ਇਸ ਤੋਂ ਬਾਅਦ ਮਨਮੋਹਨ ਨੇ ਸਾਹਮਣੇ ਵਾਲੇ ਘਰ ਵਿਚ ਦੋਸਤ ਦੇ ਇਥੇ ਅਪਣੀ ਪਤਨੀ ਪੂਜੇ ਦੇ ਬਾਰੇ ਪੁੱਛਿਆ ਤਾਂ ਉਥੋਂ ਕੋਈ ਜਾਣਕਾਰੀ ਨਹੀਂ ਮਿਲੀ। ਕਾਫ਼ੀ ਦੇਰ ਤੱਕ ਜਦੋਂ ਪੂਜਾ ਦਾ ਕੋਈ ਪਤਾ ਨਾ ਲੱਗਿਆ ਤਾਂ ਦੂਜੇ ਗੁਆਂਢੀਆਂ ਨੂੰ ਇਕੱਠਾ ਕਰਕੇ ਘਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਘਰ ਦੇ ਬਾਹਰ ਬਣੀ ਰਸੋਈ ਦੀ ਖਿੜਕੀ ਐਲੂਮੀਨੀਅਮ ਦੀਆਂ ਲੱਗੀਆਂ ਦੋ ਰਾੜਾਂ ਨੂੰ ਆਰੀ ਨਾਲ ਕੱਟ ਕੇ ਘਰ ਦੇ ਅੰਦਰ ਐਂਟਰ ਕੀਤਾ। ਪੂਰੇ ਘਰ  ਦੇ ਅੰਦਰ ਵੇਖਣ ਦੇ ਬਾਅਦ ਉਨ੍ਹਾਂ ਨੇ ਦਰਵਾਜ਼ੇ ਨੂੰ ਅੰਦਰ ਤੋਂ ਝਟਕਾ ਦਿਤਾ ਤਾਂ ਦਰਵਾਜ਼ੇ ਦਾ ਲਾਕ ਟੁੱਟ ਗਿਆ ਅਤੇ ਦਰਵਾਜ਼ਾ ਖੁੱਲ ਗਿਆ। ਕਾਫ਼ੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਪਰੇਸ਼ਾਨ ਹੋ ਕੇ ਬੈਠੇ ਮਨਮੋਹਨ ਦੇ ਦੋਸਤ ਨੇ ਜਦੋਂ ਅੰਦਰ ਕਮਰੇ ਵਿਚ ਜਾ ਕੇ ਬੈੱਡ ਖੋਲਿਆ ਤਾਂ ਪੂਜਾ ਦੀ ਲਾਸ਼ ਉਸ ਦੇ ਅੰਦਰ ਪਈ ਸੀ।

ਇਸ ਤੋਂ ਬਾਅਦ ਮਨਮੋਹਣ ਨੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਸੂਚਨਾ ਦਿਤੀ, ਉਥੇ ਹੀ ਪੁਲਿਸ ਨੂੰ ਵੀ ਬੁਲਾਇਆ ਗਿਆ। ਕੈਂਟ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ। ਫਿਰ ਹੱਥ ਮੂੰਹ ਬੰਨ੍ਹ ਕੇ ਇਥੇ ਬੈੱਡ ਵਿਚ ਲੁਕੋ ਦਿਤਾ। ਇਸ ਬਾਰੇ ਐਸਪੀਡੀ ਬਲਜੀਤ ਸਿੰਘ, ਸੀਆਈ ਇਨਚਾਰਜ ਅਵਤਾਰ ਸਿੰਘ ਅਤੇ ਕੈਂਟ ਥਾਣਾ ਇਨਚਾਰਜ ਜਸਬੀਰ ਸਿੰਘ  ਦਾ ਕਹਿਣਾ ਸੀ ਕਿ ਪੁਲਿਸ ਛੇਤੀ ਹੀ ਦੋਸ਼ੀਆਂ ਤੱਕ ਪਹੁੰਚ ਜਾਵੇਗੀ।

Related Stories