ਹਰਿਆਣਾ ਵਿਚ ਹੁੱਡਾ ਅਤੇ ਪੰਜਾਬ ਵਿਚ ਵੇਰਕਾ ਨੂੰ ਦਿਤੀ ਜਾ ਸਕਦੀ ਹੈ ਜ਼ਿੰਮੇਵਾਰੀ
ਲੋਕ ਸਭਾ ਚੋਣਾਂ 2019 ਅਤੇ ਉਸ ਦੇ ਕੁੱਝ ਹੀ ਸਮਾਂ ਬਾਅਦ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਪੰਜਾਬ ਅਤੇ ਹਰਿਆਣਾ ਵਿਚ ਜਾਤੀਗਤ ਸਮੀਕਰਨਾਂ.......
ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਅਤੇ ਉਸ ਦੇ ਕੁੱਝ ਹੀ ਸਮਾਂ ਬਾਅਦ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਪੰਜਾਬ ਅਤੇ ਹਰਿਆਣਾ ਵਿਚ ਜਾਤੀਗਤ ਸਮੀਕਰਨਾਂ ਨੂੰ ਵੇਖਦਿਆਂ ਰਾਜਨੀਤਕ ਗੋਟੀਆਂ ਬਿਠਾਣੀਆਂ ਸ਼ੁਰੂ ਕਰ ਦਿਤੀਆਂ ਹਨ । ਪਾਰਟੀ ਪੰਜਾਬ ਵਿਚ ਦਲਿਤ ਅਤੇ ਹਰਿਆਣਾ ਵਿਚ ਜਾਟ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਇਨ੍ਹਾਂ ਜਾਤੀਆਂ ਦੇ ਨੇਤਾਵਾਂ ਨੂੰ ਅੱਗੇ ਲਿਆਉਣ ਜਾ ਰਹੀ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਪੰਜਾਬ ਵਿਚ ਅੰਮ੍ਰਿਤਸਰ ਦੇ ਵਿਧਾਇਕ ਰਾਜਕੁਮਾਰ ਵੇਰਕਾ ਅਤੇ ਹਰਿਆਣਾ ਵਿਚ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੂੰ ਆਪੋ-ਅਪਣੇ ਸੂਬੇ ਦੀ ਕਮਾਨ ਸੌਂਪਣ ਜਾ ਰਹੀ ਹੈ । ਵੇਰਕਾ ਪਾਰਟੀ ਦੇ ਦਲਿਤ ਚੇਹਰੇ ਹਨ ਤਾਂ ਹੁੱਡਾ ਜਾਟ ਆਗੂ ਮੰਨੇ ਜਾਂਦੇ ਹਨ। ਪੰਜਾਬ ਵਿਚ ਰਾਜਨੀਤੀ ਵਿਚ ਦਲਿਤ ਤੇ ਜੱਟ ਫ਼ੈਕਟਰ ਸੱਭ ਤੋਂ ਜ਼ਿਆਦਾ ਪ੍ਰਭਾਵੀ ਹੈ। ਇਸ ਵੇਲੇ ਕਾਂਗਰਸ ਸਰਕਾਰ ਜੱਟ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਹੈ ਅਤੇ ਪਾਰਟੀ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਵੀ ਜੱਟ ਭਾਈਚਾਰੇ ਨਾਲ ਸਬੰਧਤ ਹਨ ।