ਸਿੱਖਾਂ ਨਾਲ ਹੁੰਦੀ ਵਿਤਕਰੇਬਾਜ਼ੀ ਦੇ ਵਿਰੋਧ 'ਚ 15 ਅਗੱਸਤ ਨੂੰ ਕਾਲਾ ਦਿਨ ਮਨਾਉਣ ਦਾ ਫ਼ੈਸਲਾ
ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਵਾਲੀਆਂ ਕਾਰਵਾਈਆਂ ਜਾਰੀ : ਬਠਿੰਡਾ
ਕੋਟਕਪੂਰਾ (ਗੁਰਿੰਦਰ ਸਿੰਘ) : ਸਿੱਖ ਕੌਮ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਵਿਤਕਰੇਬਾਜ਼ੀ ਦੇ ਵਿਰੋਧ 'ਚ ਯੂਨਾਈਟਿਡ ਅਕਾਲੀ ਦਲ ਨੇ 15 ਅਗੱਸਤ ਨੂੰ ਆਜ਼ਾਦੀ ਦਿਵਸ ਦੀ ਬਜਾਇ ਗੁਲਾਮੀ ਦਿਵਸ ਅਰਥਾਤ ਕਾਲਾ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅੱਜ ਸਥਾਨਕ ਮੋਗਾ ਸੜਕ 'ਤੇ ਸਥਿਤ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਵਾਲਾ, ਗੁਰਦੀਪ ਸਿੰਘ ਢੁੱਡੀ, ਰਣਜੀਤ ਸਿੰਘ ਵਾਂਦਰ, ਸੁਖਪਾਲ ਸਿੰਘ ਬਰਗਾੜੀ ਆਦਿ ਨੇ ਆਖਿਆ
ਕਿ ਗੁਰੂ ਗ੍ਰ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਬਾਦਲਾਂ ਦੇ ਕਹਿਣ 'ਤੇ ਭਾਜਪਾ ਵਲੋਂ ਕਲੀਨ ਚਿੱਟ ਦੇਣ, ਕੈਪਟਨ ਅਮਰਿੰਦਰ ਸਿੰਘ ਵਲੋਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਨਾ ਕਰਨ, ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਬਜਾਇ ਅਦਾਲਤ ਵਲੋਂ ਦੋਸ਼ੀ ਠਹਿਰਾਏ ਗਏ ਨਿਰਦੋਸ਼ ਸਿੰਘਾਂ ਦੇ ਕਾਤਲ ਪੁਲਿਸੀਆਂ ਨੂੰ ਬਿਨ ਮੰਗੀ ਮਾਫ਼ੀ ਦੇ ਕੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਵਾਲੀਆਂ ਕਾਰਵਾਈਆਂ ਕਰਨ ਦੇ ਰੋਸ ਵਜੋਂ ਦੇਸ਼ ਭਰ ਦੇ ਸਿੱਖ 15 ਅਗੱਸਤ ਨੂੰ ਸ਼ਾਂਤਮਈ ਰੋਸ ਮੁਜ਼ਾਹਰੇ ਜਾਂ ਧਰਨੇ ਦੇਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਜੰਮੂ ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕਰ ਕੇ ਸੰਵਿਧਾਨਕ ਲੋਕ ਰਾਜ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਲੋਕ ਰਾਜ ਨੂੰ ਬਚਾਉਣ, ਸਿੱਖ ਕੌਮ ਨਾਲ ਧੱਕੇਸ਼ਾਹੀ ਤੇ ਵਿਤਕਰੇਬਾਜ਼ੀ ਨੂੰ ਬੰਦ ਕਰਾਉਣ ਅਤੇ ਇਨਸਾਫ਼ ਪ੍ਰਾਪਤੀ ਤਕ ਪੂਰੀ ਸ਼ਕਤੀ ਨਾਲ ਸੰਘਰਸ਼ ਕਰੇਗਾ। ਉਨ੍ਹਾਂ ਦਸਿਆ ਕਿ 15 ਅਗਸਤ ਨੂੰ ਸਵੇਰੇ 10 ਤੋਂ 12 ਵਜੇ ਤਕ ਉਹ ਕਾਲੀਆਂ ਝੰਡੀਆਂ ਲੈ ਕੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨਗੇ।