ਬਾਸਮਤੀ ਦੀਆਂ ਮਹਿਕਾਂ ਨੇ ਖਿੱਚੇ ਵਿਦੇਸ਼ੀ ਵਪਾਰੀ, ਕਿਸਾਨ ਬਾਗ਼ੋ-ਬਾਗ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਸਾਡੀ ਸਲਾਹ ਮੰਨ ਕੇ ਰਸਾਇਣਾਂ ਦੀ ਵਰਤੋਂ ਘਟਾਈ : ਪਨੂੰ

Basmati

ਬਠਿੰਡਾ  : ਪੰਜਾਬ 'ਚ ਬਾਸਮਤੀ ਦੀ ਗੁਣਵੱਤਾ ਪ੍ਰਭਾਵਤ ਕਰਨ ਵਾਲੀਆਂ ਪੰਜ ਹਾਨੀਕਾਰਕ ਜ਼ਹਿਰਾਂ ਦੀ ਵਰਤੋਂ ਘਟਣ ਨਾਲ ਕਿਸਾਨਾਂ ਦੀਆਂ ਜੇਬਾਂ ਭਾਰੀਆਂ ਹੋਣ ਲੱਗ ਪਈਆਂ ਹਨ। ਹਰ ਸਾਲ ਪੰਜਾਬ ਦੀ ਬਾਸਮਤੀ ਨੂੰ ਖ਼ਰੀਦਣ ਤੋਂ ਨੱਕ ਮੂੰਹ ਸਿਕੋੜਨ ਵਾਲੇ ਅੰਤਰਰਾਸ਼ਟਰੀ ਵਪਾਰੀ ਹੁਣ ਇਸ ਦੀ ਖ਼ਾਸ ਮੰਗ ਕਰ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਬਾਸਮਤੀ ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਮਿਲ ਰਿਹਾ ਹੈ। ਮੰਡੀ ਵਿਚ ਇਸ ਸਮੇਂ ਬਾਸਮਤੀ ਦੀ ਕੀਮਤ 3350 ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਚੱਲ ਰਹੀ ਹੈ ਜਦਕਿ ਪਿਛਲੇ ਸਾਲ ਕੀਮਤਾਂ ਘੱਟ ਸਨ।

ਉਂਜ ਝੋਨੇ ਵਾਂਗ ਬਾਸਮਤੀ ਦੇ ਝਾੜ 'ਚ ਆਈ ਕਮੀ ਕਿਸਾਨਾਂ ਨੂੰ ਜ਼ਰੂਰ ਰੜਕ ਰਹੀ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਆਖਦੇ ਹਨ ਕਿ ਜ਼ਹਿਰਾਂ ਵਰਤਣ ਨਾਲ ਹਾਨੀਕਾਰਕ ਤੱਤਾਂ ਦੇ ਅਵਸ਼ੇਸ਼ ਫ਼ਸਲ ਵਿਚ ਰਹਿ ਜਾਂਦੇ ਸਨ ਜਿਸ ਨਾਲ ਅਜਿਹੀ ਉਪਜ ਨੂੰ ਵਿਦੇਸ਼ੀ ਮੰਡੀ ਵਿਚ ਵੇਚਣਾ ਮੁਸ਼ਕਲ ਹੋ ਜਾਂਦਾ ਹੈ। ਬਾਸਮਤੀ ਦਾ ਚੰਗਾ ਭਾਅ ਤਦ ਹੀ ਮਿਲਦਾ ਹੈ ਜਦ ਇਸ ਦਾ ਨਿਰਯਾਤ ਹੋਵੇ। ਇਸ ਵਾਰ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੀ ਸਲਾਹ ਮੰਨ ਕੇ ਵਰਜਿਤ ਰਸਾਇਣਾਂ ਦੀ ਵਰਤੋਂ ਘਟਾਈ ਹੈ।

ਸੂਬੇ ਦੀਆਂ ਘਰੇਲੂ ਮੰਡੀਆਂ 'ਚ ਬਾਸਮਤੀ ਦੀ ਸਿਰਫ਼ ਅੱਠ-ਦਸ ਲੱਖ ਮੀਟਰਕ ਟਨ ਦੀ ਖਪਤ ਹੈ ਜਦਕਿ ਬਾਕੀ ਦੀ ਬਾਸਮਤੀ ਅਰਬ ਅਤੇ ਯੂਰਪੀਅਨ ਦੇਸ਼ਾਂ 'ਚ ਭੇਜੀ ਜਾਂਦੀ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ ਨੇ ਦਸਿਆ ਕਿ ਇਸ ਵਾਰ ਸੂਬੇ 'ਚ ਆਮ ਝੋਨੇ ਹੇਠ 30 ਲੱਖ 42 ਹਜ਼ਾਰ ਹੈਕਟੇਅਰ ਰਕਬਾ ਸੀ ਜਦਕਿ ਬਾਸਮਤੀ ਦੇ ਅਧੀਨ ਸਵਾ ਪੰਜ ਲੱਖ ਹੈਕਟੇਅਰ ਰਕਬਾ ਸੀ। ਇਸ ਰਕਬੇ ਵਿਚੋਂ ਵਧੀਆਂ ਕਿਸਮ ਵਾਲੀ 1121 ਕਿਸਮ ਅਧੀਨ 75 ਫ਼ੀ ਸਦੀ ਰਕਬਾ ਹੈ ਜਦਕਿ 1509 ਤੇ ਹੋਰ ਕਿਸਮਾਂ ਅਧੀਨ ਬਾਕੀ 25 ਫ਼ੀ ਸਦੀ ਰਕਬਾ ਸੀ।

ਡਾ. ਬੈਂਸ ਮੁਤਾਬਕ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਲਾਹੇਵੰਦ ਭਾਅ ਲੈ ਰਹੇ ਹਨ। ਇਸ ਵਾਰ ਬਾਸਮਤੀ ਦੀ ਸੂਬੇ 'ਚ 40 ਲੱਖ ਮੀਟਰਕ ਟਨ ਆਮਦ ਹੋਣ ਦੀ ਆਸ ਹੈ। ਡਿਪਟੀ ਕਮਿਸ਼ਨਰ ਪ੍ਰਨੀਤ ਨੇ ਵੀ ਦਾਅਵਾ ਕੀਤਾ ਕਿ ਖੇਤੀਬਾੜੀ ਵਿਭਾਗ ਨੇ ਪਿੰਡ- ਪਿੰਡ ਕੈਂਪਾਂ ਦੀ ਲੜੀ ਚਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਸੀ ਜਿਸ ਕਾਰਨ ਬਾਸਮਤੀ ਝੋਨੇ ਦੀ ਚੰਗੀ ਕੁਆਲਿਟੀ ਦੀ ਪੈਦਾਵਾਰ ਹੋਈ ਹੈ।

Related Stories