ਪੁਲਿਸ ਨੇ 72 ਘੰਟਿਆਂ 'ਚ ਸੁਲਝਾਈ ਬੰਬ ਧਮਾਕੇ ਦੀ ਗੁਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਤਵਾਰ ਨੂੰ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੁੰਦਾ ਹੈ ਅਤੇ ਤਕਰੀਬਨ 72 ਘੰਟਿਆਂ ਬਾਅਦ ਇਹ ਮਾਮਲਾ ਪੰਜਾਬ...

Bikramjeet Singh

ਚੰਡੀਗੜ੍ਹ (ਸ.ਸ.ਸ) : ਐਤਵਾਰ ਨੂੰ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੁੰਦਾ ਹੈ ਅਤੇ ਤਕਰੀਬਨ 72 ਘੰਟਿਆਂ ਬਾਅਦ ਇਹ ਮਾਮਲਾ ਪੰਜਾਬ ਪੁਲਿਸ ਵੱਲੋਂ ਸੁਲਝਾ ਲਿਆ ਜਾਂਦਾ ਹੈ। ਨਿਰੰਕਾਰੀ ਬੰਬ ਧਮਾਕੇ ਨੂੰ ਲੈ ਕੇ ਪੰਜਾਬ ਪੁਲਿਸ ਆਪਣੀ ਕਾਰਵਾਈ ਵਿਚ ਜੋ ਗਰਮਜੋਸ਼ੀ ਦਿਖਾਈ ਹੈ ਉਹ ਬਹੁਤ ਹੀ ਕਬੀਲੇ ਤਾਰੀਫ ਹੈ। ਪੁਲਿਸ ਵੱਲੋਂ ਬੰਬ ਧਮਾਕੇ ਦੇ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ  ਇਕ ਦੋਸ਼ੀ ਬਿਕਰਮ ਸਿੰਘ ਨੂੰ ਗ੍ਰਿਫਤਾਰ ਕਰ 5 ਦਿਨਾਂ ਦੇ ਰੀਮਾਂਡ 'ਤੇ ਵੀ ਭੇਜਿਆ ਜਾਂਦਾ ਹੈ।

ਪੁਲਿਸ ਨੇ ਇਸ ਮਾਮਲੇ ਵਿਚ ਵੱਡੀ ਕਾਰਜਸ਼ੀਲਤਾ ਦਿਖਾਈ ਹੈ ਅਤੇ ਬਹੁਤ ਜਲਦ ਇਸ ਮਾਮਲੇ ਨੂੰ ਬੇਨਕਾਬ ਕੀਤਾ ਹੈ। ਪਰ ਇਸ ਸਭ ਦੇ ਵਿਚ ਬਿਕਰਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਪੁਲਿਸ ਦੀ ਕਾਰਵਾਈ ਨੂੰ ਸ਼ੱਕ ਦੇ ਘੇਰੇ ਵਿਚ ਖੜਾ ਕਰਦੀ ਹੈ। ਬਿਕਰਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਇੱਕ ਕਿਸਾਨ ਹੈ ਕੋਈ ਅੱਤਵਾਦੀ ਨਹੀਂ ਅਤੇ ਜਿਸ ਦਿਨ ਇਹ ਬੰਬ ਧਮਾਕਾ ਹੋਇਆ ਉਸ ਦਿਨ ਬਿਕਰਮ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ।

ਫੜੇ ਗਏ ਬਿਕਰਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਬਿਆਨ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕਣ ਲਈ ਮਜਬੂਰ ਕਰਦਾ ਹੈ ਕਿ ਕਿਤੇ ਪੁਲਿਸ ਨੇ ਜਲਦਬਾਜ਼ੀ ਵਿਚ ਕਿਸੇ ਬੇਦੋਸ਼ੇ ਨੂੰ ਤਾ ਨਹੀਂ ਗ੍ਰਿਫਤਾਰ ਕਰ ਲਿਆ ? ਬੇਸ਼ੱਕ ਸੂਬਾ ਸਰਕਾਰ ਅਤੇ ਪੁਲਿਸ ਵੱਲੋਂ ਇਸ ਧਮਾਕੇ ਨੂੰ ਆਈ ਐੱਸ ਆਈ ਤੇ ਲਿਬਰੇਸ਼ਨ ਖਾਲਸਾ ਫੋਰਸ ਨਾਲ ਜੋੜਿਆ ਜਾ ਰਿਹਾ ਹੈ ਅਤੇ ਬਿਕਰਮ ਸਿੰਘ ਤੇ ਅਵਤਾਰ ਸਿੰਘ ਨੂੰ ਖਾਲਸਾ ਲਿਬਰੇਸ਼ਨ ਫੋਰਸ ਦੇ ਨੁਮਾਇੰਦੇ ਦੱਸਿਆ ਜਾ ਰਿਹਾ ਹੈ। ਪਰ ਬਿਕਰਮ ਦੇ ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਅੱਤਵਾਦੀ ਨਹੀਂ ਕਿਸਾਨ ਹੈ।

ਬੇਸ਼ੱਕ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਬਿਕਰਮ ਬੇਕਸੂਰ ਸਾਬਿਤ ਨਹੀਂ ਹੋ ਸਕਦੈ, ਪਰ ਕਿਤੇ ਨਾ ਕਿਤੇ ਇਹ ਸਵਾਲ ਵੀ ਜਰੂਰ ਖੜਾ ਹੁੰਦਾ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਿਲਕੁਲ ਸਹੀ ਦਿਸ਼ਾ ਵਿਚ ਜਾ ਰਹੀ ਹੈ। ਕਿਉਂ ਕਿ ਅਜਿਹੀਆਂ ਕਈ ਉਦਾਹਰਨਾਂ ਹਨ ਜਿਨ੍ਹਾਂ ਵਿਚ ਪੁਲਿਸ ਨੇ ਜਲਦਬਾਜ਼ੀ ਕਰਦੇ ਹੋਏ ਬੇਕਸੂਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ। ਇਕ ਝਾਤ ਬਰਗਾੜੀ ਘਟਨਾ ਵੱਲ ਵੀ ਮਾਰਦੇ ਹਾਂ, ਪੁਲਿਸ ਨੇ ਬੇਅਬਦੀ ਘਟਨਾ ਦੇ ਮਾਮਲੇ ਵਿਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਮ ਦੇ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ ਤੇ ਉਨ੍ਹਾਂ ਉਪਰ ਅੰਨੇਵਾਹ ਜ਼ੁਲਮ ਕੀਤਾ ਸੀ ।

ਪਰ ਬਾਅਦ ਵਿਚ ਉਹ ਦੋਨੋ ਨੌਜਵਾਨ ਬੇਕਸੂਰ ਸਾਬਿਤ ਹੋਏ ਅਤੇ ਪੁਲਿਸ ਨੂੰ ਮਜ਼ਬੂਰਨ ਉਹ ਦੋਨੋ ਰਿਹਾਅ ਕਰਨੇ ਪਏ। ਬੇਸ਼ੱਕ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਅੱਜ ਆਜ਼ਾਦ ਹਨ ਪਰ ਉਨ੍ਹਾਂ ਨਾਲ ਜੋ ਹੋਇਆ ਉਸਦੇ ਜ਼ਖਮ ਸ਼ਾਇਦ ਕਦੇ ਨਹੀਂ ਮਿਟਣਗੇ। ਪੁਲਿਸ ਵੱਲੋਂ ਕੀਤੀ ਗਈ ਇਸ ਗ਼ਲਤੀ ਨਾਲ ਉਨ੍ਹਾਂ ਦੋ ਨੌਜਵਾਨਾਂ ਸਮੇਤ ਹੋਰ ਵੀ ਬਹੁਤ ਸਾਰੇ ਨੌਜਵਾਨਾਂ 'ਤੇ ਪੁਲਿਸ ਦਾ ਮਾੜਾ ਪ੍ਰਭਾਵ ਪਿਆ ਹੋਵੇਗਾ। ਅਜਿਹੀਆਂ ਕਿੰਨੀਆਂ ਹੋਰ ਘਟਨਾਵਾਂ ਨੇ ਜੋ ਵਾਰ ਵਾਰ ਪੁਲਿਸ ਦੀ ਕਾਰਵਾਈ ਨੂੰ ਸ਼ੱਕ ਦੇ ਘੇਰੇ ਵਿਚ ਖੜਾ ਕਰਦੀਆਂ ਹਨ।

 ਹਾਲ ਹੀ ਵਿਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਿਕਰਮ ਸਿੰਘ ਨਾਲ ਵੀ ਕਿਤੇ ਅਜਿਹਾ ਤਾਂ ਨਹੀਂ ਹੋਇਆ, ਇਹ ਵੱਡਾ ਸਵਾਲ ਹੈ ? ਕੀ ਪੁਲਿਸ ਦੀ ਕਾਰਵਾਈ ਸਹੀ ਹੈ, ਕੀ ਬਿਕਰਮ ਸਿੰਘ ਅਤੇ ਅਵਤਾਰ ਸਿੰਘ ਸੱਚ ਮੁੱਚ ਅੱਤਵਾਦੀ ਹਨ ਜਾਂ ਫਿਰ ਉਨ੍ਹਾਂ ਨਾਲ ਵੀ ਉਹੀ ਸਭ ਹੋ ਰਿਹਾ ਜੋ ਬਰਗਾੜੀ ਮਾਮਲੇ ਦੌਰਾਨ ਹੋਇਆ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ?