ਮੋਦੀ ਦੀ ਗੁਰਦਾਸਪੁਰ ਫੇਰੀ ਕਾਂਗਰਸ ਲਈ ਚਿੰਤਾ ਦਾ ਕਾਰਨ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਪਿਛਲੇ ਦਿਨੀਂ ਦੋਹਾਂ ਮੁਲਕਾਂ ਵਲੋਂ ਕਰਤਾਰਪੁਰ ਦੇ ਲਾਂਘੇ........

Narendra Modi

ਚੰਡੀਗੜ੍ਹ : ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਪਿਛਲੇ ਦਿਨੀਂ ਦੋਹਾਂ ਮੁਲਕਾਂ ਵਲੋਂ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣ ਦੇ ਜੋ ਉਪਰਾਲੇ ਕੀਤੇ ਅੱਗੋਂ ਹੋਰ ਜਾਰੀ ਹਨ ਅਤੇ ਦੋਹਾਂ ਪਾਸਿਆਂ ਦੀਆਂ ਸੰਗਤਾਂ ਵਿਚ ਆਮ ਜੋਸ਼ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਵਾਲੇ ਪਾਸਿਉਂ ਅਤੇ ਇਧਰ ਪੰਜਾਬ ਵਿਚ ਇਕ ਪਾਸੇ ਸਿਆਸੀ ਨੇਤਾ ਤਾਂ ਆਪੋ ਅਪਣੀ ਪਿੱਠ ਥਾਪੜ ਰਹੇ ਹਨ ਜਦੋਂ ਕਿ ਧਾਰਮਕ ਸ਼ਖ਼ਸੀਅਤਾਂ ਅਤੇ ਸ਼ਰਧਾਲੂ ਸਿੱਖ, ਵਿੰਗੇ ਟੇਢੇ ਢੰਗ ਨਾਲ ਸਿਆਸੀ ਚੌਧਰ ਦਾ ਲਾਹਾ ਲੈਣ ਦੀ ਦੌੜ ਵਿਚ ਮਸ਼ਰੂਫ਼ ਹਨ।

ਜਿਸ ਦਿਨ ਤੋਂ ਬੀਜੇਪੀ ਦੀ ਪੰਜਾਬ ਯੂਨਿਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਯਾਨੀ ਗੁਰਦਾਸਪੁਰ ਫ਼ੇਰੀ ਦਾ ਐਲਾਨ ਕੀਤਾ ਹੈ ਅਤੇ ਆਰ.ਐਸ.ਐਸ. ਜਥੇਬੰਦੀ ਰਾਹੀਂ ਲੋਕ ਸਭਾ ਸੀਟ ਗੁਰਦਾਸਪੁਰ ਦੀਆਂ 9 ਵਿਧਾਨ ਸਭਾ ਹਲਕਿਆਂ ਵਿਚ ਕਾਰਕੁਨਾਂ ਨੂੰ ਹਲੂਣਾ ਦਿਤਾ ਹੈ ਉਸ ਦਿਨ ਤੋਂ ਹੀ ਪੰਜਾਬ ਕਾਂਗਰਸ ਤੇ ਵਿਸ਼ੇਸ਼ਕਰ ਕੇ ਪ੍ਰਧਾਨ ਸੁਨੀਲ ਜਾਖੜ ਨੂੰ ਚਿੰਤਾ ਲੱਗ ਗਈ ਹੈ।

ਰੋਜ਼ਾਨਾ ਸਪੋਕਸਮੈਨ ਵਲੋਂ ਸੰਪਰਕ ਕਰਨ 'ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਦਸਿਆ ਕਿ ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਦਾ ਉਜਲਾ ਭਵਿੱਖ ਹੈ, ਸਰਹੱਦੋਂ ਪਾਰ ਵਸਦੇ ਲੋਕਾਂ ਨਾਲ ਪਿਆਰ ਹਮਦਰਦੀ ਤੇ ਦਿਲਾਂ ਨੂੰ ਜੋੜਨ ਦਾ ਕੰਮ ਕਰੇਗਾ। ਜਾਖੜ ਦਾ ਕਹਿਣਾ ਹੈ ਕਿ ਇਸ ਨਿਰੋਲ ਧਾਰਮਕ ਲਾਂਘੇ ਦਾ ਸਿਆਸੀਕਰਨ ਕਰਨਾ ਜਾਂ ਖ਼ੁਦ ਨੂੰ ਹੀ ਸ਼ਾਬਾਸ਼ ਦੇਣੀ ਮੋਦੀ ਸਰਕਾਰ ਵਾਸਤੇ ਵਾਜਬ ਨਹੀਂ ਹੈ। ਪ੍ਰਧਾਨ ਮੰਤਰੀ ਦੀ 3 ਜਨਵਰੀ ਵੀਰਵਾਰ ਨੂੰ ਗੁਰਦਾਸਪੁਰ ਵਿਚ ਆਮਦ ਦਾ ਸਵਾਗਤ ਕਰਦੇ ਹੋਏ

ਕਾਂਗਰਸੀ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਥੋਂ ਦੀ ਇੰਡਸਟਰੀ ਮਜ਼ਬੂਤ ਕਰਨੀ ਚਾਹੀਦੀ ਹੈ। ਜਾਖੜ ਵਾਸਤੇ ਫ਼ਿਕਰ ਵਾਲੀ ਗੱਲ ਇਹ ਹੈ ਕਿ ਰੀਕਾਰਡ 1,93,000 ਵੋਟਾਂ ਦੇ ਫ਼ਰਕ ਨਾਲ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਲੀਡ ਲੈ ਕੇ ਜਿੱਤਣ ਵਾਲੇ ਇਸ ਕਾਂਗਰਸੀ ਨੇਤਾ ਨੂੰ ਅਜੇ ਵੀ ਮਝੈਲ, ਬਾਹਰੀ ਨੁਮਾਇੰਦਾ ਸਮਝਦੇ ਹਨ। ਅਕਤੂਬਰ 2017 ਵਿਚ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ ਸੀ ਅਤੇ ਪ੍ਰਤਾਪ ਬਾਜਵਾ ਦੇ ਰਾਜ ਸਭਾ ਵਿਚ ਜਾਣ ਉਪਰੰਤ ਉਸ ਦੇ ਵਿਰੋਧੀ ਗੁੱਟ ਨੇ ਅਬੋਹਰ ਤੋਂ ਵਿਧਾਇਕ ਦੀ ਸੀਟ ਹਾਰੇ ਹੋਏ

ਜਾਖੜ ਨੂੰ ਬਾਜਵਾ ਦਾ ਸਦਾ ਵਾਸਤੇ ਪੱਤਾ ਸਾਫ਼ ਕਰਨ ਵਾਸਤੇ ਇਥੋਂ ਰੀਕਾਰਡ ਬਹੁਮਤ ਨਾਲ ਜਿਤਾਇਆ ਸੀ। ਗੁਰਦਾਸਪੁਰ ਲੋਕ ਸਭਾ ਸੀਟ ਵਿਚ ਕੇਵਲ ਬਟਾਲਾ ਹਲਕੇ ਤੋਂ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਅਤੇ ਸੁਜਾਨਪੁਰ ਹਲਕੇ ਤੋਂ ਬੀਜੇਪੀ ਦੇ ਦਿਨੇਸ਼ ਬੱਬੂ ਜੇਤੂ ਹਨ ਜਦੋਂ ਕਿ ਮਾਰਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਾਕੀ 7 ਹਲਕਿਆਂ ਵਿਚੋਂ ਸਾਰੇ ਕਾਂਗਰਸ ਦੇ ਮੈਂਬਰ ਜੇਤੂ ਰਹੇ ਸਨ। ਇਨ੍ਹਾਂ ਵਿਚੋਂ ਤਿੰਨ ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ ਤੇ ਅਰੁਣਾ ਚੌਧਰੀ ਪੰਜਾਬ ਮੰਤਰੀ ਮੰਡਲ ਵਿਚ ਸੀਨੀਅਰ ਮੰਤਰੀ ਹਨ।

2014 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਪਹਿਲਾਂ ਵੀ ਨਰਿੰਦਰ ਮੋਦੀ ਨੇ ਪਠਾਨਕੋਟ-ਮਾਧੋਪੁਰ ਤੋਂ ਸ਼ੁਰੂ ਕੀਤਾ ਸੀ ਅਤੇ ਵਿਨੋਦ ਖੰਨਾ ਨੇ ਇਹ ਗੁਰਦਾਸਪੁਰ ਲੋਕ ਸਭਾ ਸੀਟ ਕਾਂਗਰਸ ਦੇ ਪ੍ਰਤਾਪ ਬਾਜਵਾ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਤੀਸਰੀ ਵਾਰ ਲਗਾਤਾਰ ਜਿੱਤੀ ਸੀ। ਮੋਦੀ ਦੀ ਇਹ 3 ਜਨਵਰੀ ਦੀ ਫੇਰੀ ਅਪ੍ਰੈਲ-ਮਈ 2019 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਸਮਝੀ ਜਾ ਰਹੀ ਹੈ

ਜਿਸ ਕਰ ਕੇ ਕਾਂਗਰਸ ਦੇ ਹਲਕਿਆਂ ਵਿਚ ਸੁਭਾਵਕ ਹੀ ਫ਼ਿਕਰ ਹੈ। ਹੋ ਸਕਦਾ ਹੈ ਪੰਜਾਬ ਦੀ ਕਾਂਗਰਸ ਵਿਚ ਕੋਈ ਜ਼ਿਆਦਾ ਮਜ਼ਬੂਤੀ ਆ ਜਾਵੇ ਅਤੇ ਆਪਸੀ ਗੁੱਟਬੰਦੀ ਛੱਡ ਕੇ ਇਹ 78 ਵਿਧਾਇਕਾਂ ਵਾਲੀ ਪਾਰਟੀ ਆਉਂਦੇ 5 ਮਹੀਨਿਆਂ ਵਿਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਤੇ ਕੇਵਲ ਫ਼ੋਕੀ ਬਿਆਨਬਾਜ਼ੀ ਤੋਂ ਗੁਰੇਜ਼ ਕਰੇ।

Related Stories