ਸ਼ਰਾਬ ਦੇ ਨਸ਼ੇ ‘ਚ ਨਿਊਰੋ ਸਰਜਨ ਨੇ 5 ਨਰਸਾਂ ਨਾਲ ਕੀਤੀ ਕੁੱਟਮਾਰ
ਕਪੂਰਥਲਾ ਚੌਕ ਤੋਂ ਕੁੱਝ ਦੂਰ ਇਕ ਨਿਜੀ ਹਸਪਤਾਲ ਵਿਚ ਸ਼ਨਿਚਰਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਇਕ ਨਿਊਰੋ ਸਰਜਨ ਨੇ...
ਜਲੰਧਰ (ਸਸਸ) : ਕਪੂਰਥਲਾ ਚੌਕ ਤੋਂ ਕੁੱਝ ਦੂਰ ਇਕ ਨਿਜੀ ਹਸਪਤਾਲ ਵਿਚ ਸ਼ਨਿਚਰਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਇਕ ਨਿਊਰੋ ਸਰਜਨ ਨੇ ਛੋਟੀ ਜਿਹੀ ਗੱਲ ‘ਤੇ ਸ਼ਰਾਬ ਦੇ ਨਸ਼ੇ ਵਿਚ ਪੰਜ ਨਰਸਾਂ ਨਾਲ ਕੁੱਟਮਾਰ ਕਰ ਦਿਤੀ। ਹਾਲਾਂਕਿ ਜਦੋਂ ਸਵੇਰੇ ਡਾਕਟਰ ਦਾ ਨਸ਼ਾ ਉਤਰਿਆ ਤਾਂ ਉਸ ਨੇ ਨਰਸਾਂ ਤੋਂ ਮਾਫ਼ੀ ਮੰਗ ਕੇ ਮਾਮਲੇ ਵਿਚ ਸਮਝੌਤਾ ਕਰ ਲਿਆ। ਦਰਅਸਲ, ਰਾਤ ਨੂੰ ਹਸਪਤਾਲ ਵਿਚ ਦਾਖ਼ਲ ਇਕ ਮਰੀਜ ਨੂੰ ਇਕ ਨਰਸ ਨੇ ਇੰਜੈਕਸ਼ਨ ਲਗਾਇਆ ਸੀ।
ਇਸ ਦੌਰਾਨ ਉਥੇ ਪਹੁੰਚੇ ਹਸਪਤਾਲ ਦੇ ਸੰਚਾਲਕ ਡਾਕਟਰ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿਤੀ ਕਿ ਉਸ ਨੇ ਇੰਜੈਕਸ਼ਨ ਵਿਚ ਘੱਟ ਡੋਜ਼ ਦਿਤੀ ਹੈ। ਨਰਸ ਨੇ ਜਦੋਂ ਅਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਨੀ ਚਾਹੀ ਤਾਂ ਡਾਕਟਰ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਉਥੇ ਮੌਜੂਦ ਹੋਰ ਚਾਰ ਨਰਸਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਵੀ ਕੁੱਟ ਦਿਤਾ।
ਹਸਪਤਾਲ ਸੂਤਰਾਂ ਦੇ ਮੁਤਾਬਕ ਡਾਕਟਰ ਦੀ ਹਾਲਤ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਵੇਖਦੇ ਹੀ ਵੇਖਦੇ ਉਸ ਨੇ ਨਰਸਾਂ ‘ਤੇ ਹੱਥ ਅਤੇ ਲੱਤਾਂ ਚੁੱਕਣੀਆਂ ਸ਼ੁਰੂ ਕਰ ਦਿਤੀਆਂ। ਹੋਰ ਸਟਾਫ਼ ਮੈਬਰਾਂ ਨੇ ਕਿਸੇ ਤਰ੍ਹਾਂ ਵਿਚ ਪੈ ਕੇ ਨਰਸਾਂ ਨੂੰ ਬਚਾਇਆ। ਇਸ ਤੋਂ ਬਾਅਦ ਡਾਕਟਰ ਉਥੇ ਚਲਾ ਗਿਆ। ਨਰਸਾਂ ਨੇ ਸਵੇਰੇ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਮਨ ਬਣਾ ਲਿਆ।
ਇਸ ਦਾ ਪਤਾ ਚਲਦੇ ਹੀ ਡਾਕਟਰ ਹਸਪਤਾਲ ਪਹੁੰਚਿਆ ਅਤੇ ਨਰਸਾਂ ਨੂੰ ਸੱਦ ਕੇ ਪੈਰ ਫੜ ਕੇ ਮਾਫ਼ੀ ਮੰਗੀ ਅਤੇ ਪੁਲਿਸ ਨੂੰ ਸ਼ਿਕਾਇਤ ਨਾ ਕਰਨ ਦੀ ਅਪੀਲ ਕੀਤੀ। ਸਟਾਫ਼ ਦੇ ਕਹਿਣ ‘ਤੇ ਨਰਸਾਂ ਨੇ ਡਾਕਟਰ ਨੂੰ ਮੁਆਫ਼ ਕਰ ਦਿਤਾ ਅਤੇ ਦੋਵਾਂ ਪੱਖਾਂ ਵਿਚ ਸਮਝੌਤਾ ਹੋ ਗਿਆ। ਜਦੋਂ ਉਕਤ ਡਾਕਟਰ ਤੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਤਾਂ ਮੰਨਿਆ ਕਿ ਰਾਤ ਨੂੰ ਉਨ੍ਹਾਂ ਦਾ ਨਰਸਾਂ ਦੇ ਨਾਲ ਹੰਗਾਮਾ ਹੋਇਆ ਸੀ ਪਰ ਨਰਸਾਂ ਨਾਲ ਮਾਰ ਕੁੱਟ ਦੀ ਗੱਲ ਤੋਂ ਇਨਕਾਰ ਕਰ ਦਿਤਾ। ਇਹ ਵੀ ਕਿਹਾ ਕਿ ਹੁਣ ਉਨ੍ਹਾਂ ਵਿਚ ਸਮਝੌਤਾ ਹੋ ਗਿਆ ਹੈ।