ਨਸਲੀ ਵਿਤਕਰਾ: ਗੋਰਿਆਂ ਨੇ ਸਿੱਖ ਦੀ ਕੀਤੀ ਕੁੱਟਮਾਰ
ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਵਿਚ ਦੋ ਗੋਰਿਆਂ ਵਲੋਂ ਇਕ 50 ਸਾਲਾ ਸਿੱਖ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ...............
ਨਿਊਯਾਰਕ : ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਵਿਚ ਦੋ ਗੋਰਿਆਂ ਵਲੋਂ ਇਕ 50 ਸਾਲਾ ਸਿੱਖ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਗੋਰਿਆਂ ਨੇ ਸਿੱਖ 'ਤੇ ਨਸਲੀ ਟਿਪਣੀ ਕਰਦੇ ਹੋਏ ਕਿਹਾ,''ਤੁਹਾਡਾ ਇਥੇ ਸਵਾਗਤ ਨਹੀਂ ਹੈ।'' ਗੋਰਿਆਂ ਨੇ ਸਿੱਖ ਨੂੰ ਅਪਣੇ ਦੇਸ਼ ਵਾਪਸ ਜਾਣ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ,''ਗੋ ਬੈਕ ਟੂ ਯੂਅਰ ਕੰਟਰੀ।'' ਸਿੱਖ ਨਾਲ ਇਹ ਘਟਨਾ ਬੀਤੇ ਹਫ਼ਤੇ ਕੈਲੀਫ਼ੋਰਨੀਆ ਵਿਚ ਕੀਜ਼ ਅਤੇ ਫੁਟਈ ਰੋਡ 'ਤੇ ਵਾਪਰੀ। ਸ਼ੈਰਿਫ਼ ਸਾਰਜੈਂਟ ਟੌਮ ਲੇਤਰਾਸ ਨੇ ਦਸਿਆ ਕਿ ਉਕਤ ਪੀੜਤ ਸਿੱਖ ਸਥਾਨਕ ਉਮੀਦਵਾਰ ਦੇ ਪ੍ਰਚਾਰ ਲਈ ਬਾਹਰੀ ਇਲਾਕੇ ਵਿਚ ਕੁੱਝ ਲਗਾ ਰਿਹਾ ਸੀ।
ਉਸ ਸਮੇਂ ਦੋ ਗੋਰਿਆਂ ਨੇ ਉਸ ਦੀ ਕੁੱਟਮਾਰ ਕੀਤੀ। ਇਕ ਰੀਪੋਰਟ ਮੁਤਾਬਕ ਇਹ ਸਾਰੀ ਘਟਨਾ ਫੇਸਬੁਕ 'ਤੇ ਪੋਸਟ ਕੀਤੀ ਗਈ ਹੈ। ਇਸ ਪੋਸਟ ਮੁਤਾਬਕ ਗੋਰਿਆਂ ਨੇ ਸਿੱਖ ਦੇ ਸਿਰ 'ਤੇ ਰਾਡ ਨਾਲ ਹਮਲਾ ਕੀਤਾ ਪਰ ਉਹ ਬਚ ਗਿਆ ਪ੍ਰੰਤੂ ਉਹ ਜ਼ਖ਼ਮੀ ਹੋ ਗਿਆ ਕਿਉਂਕਿ ਉਸ ਨੇ ਦਸਤਾਰ ਬੰਨ੍ਹੀ ਹੋਈ ਸੀ। ਇਸ ਪੋਸਟ ਨਾਲ ਹੀ ਪਿਕਅੱਪ ਟਰੱਕ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ ਜਿਸ 'ਤੇ ਸਪਰੇਅ ਨਾਲ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ, ''ਗੋ ਬੈਕ ਟੂ ਯੂਅਰ ਕੰਟਰੀ।'' ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ। ਉਧਰ ਸਿੱਖਾਂ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ।
ਪਿਛਲੇ ਕੁੱਝ ਸਾਲਾਂ ਵਿਚ ਕੈਲੀਫ਼ੋਰਨੀਆ ਵਿਚ ਸਿੱਖਾਂ ਵਿਰੁਧ ਨਫ਼ਰਤੀ ਅਪਰਾਧ ਵੱਧ ਗਏ ਹਨ। ਇਸ ਸੂਬੇ ਵਿਚ ਸਿੱਖਾਂ ਦੀ ਸੱਭ ਤੋਂ ਵੱਡੀ ਆਬਾਦੀ ਰਹਿੰਦੀ ਹੈ। ਕੈਲੀਫ਼ੋਰਨੀਆ ਦੇ ਸ਼ਹਿਰ ਸਟਾਕਟਨ ਵਿਚ 1912 'ਚ ਪਹਿਲਾ ਗੁਰਦਵਾਰਾ ਉਸਾਰਿਆ ਗਿਆ। ਲਗਭਗ ਪੰਜ ਲੱਖ ਸਿੱਖ ਅਮਰੀਕਾ ਵਿਚ ਵਸਦੇ ਹਨ ਅਤੇ ਦੁਨੀਆਂ ਭਰ ਵਿਚ 25 ਮਿਲੀਅਨ ਦੀ ਆਬਾਦੀ ਵਾਲੇ ਸਿੱਖ ਧਰਮ ਨੂੰ ਪੰਜਵਾਂ ਸਥਾਨ ਪ੍ਰਾਪਤ ਹੈ। (ਪੀ.ਟੀ.ਆਈ)