ਗਣਤੰਤਰ ਦਿਵਸ ਮੌਕੇ ਪੰਜਾਬ ਤੇ ਵਿਦੇਸ਼ ‘ਚ ਰਹਿੰਦੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈ : ਬਦਨੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ, ਸਾਡੇ 70ਵੇਂ ਗਣਤੰਤਰ ਦਿਵਸ ਦੇ ਸ਼ੁਭ...

V.P. Singh Badnore

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ, ਸਾਡੇ 70ਵੇਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਮੈਂ ਪੰਜਾਬ ਅਤੇ ਵਿਦੇਸ਼ਾਂ ਵਿਚ ਰਹਿੰਦੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਮੈਂ, ਸਾਡੀਆਂ ਹਥਿਆਰਬੰਦ ਫ਼ੌਜਾਂ ਦੇ ਬਹਾਦਰ ਜਵਾਨਾਂ ਨੂੰ ਵੀ ਵਧਾਈ ਦਿੰਦਾ ਹਾਂ ਜੋ ਕਿ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਦੇਸ਼ ਦੀ ਏਕਤਾ ਅਤੇ ਸੰਪ੍ਰਭੂਤਾ ਦੇ ਜ਼ਾਮਿਨ ਹਨ। ਉਨ੍ਹਾਂ ਕਿਹਾ, ਆਜ਼ਾਦੀ ਤੋਂ ਬਾਅਦ ਸਾਡੇ ਲੋਕਾਂ ਦੇ ਸੁਪਨਿਆਂ ਨੂੰ ਸੱਚ ਕਰਨ ਦੀ ਦਿਸ਼ਾ ਵਿਚ 26 ਜਨਵਰੀ, 1950 ਨੂੰ ਗਣਤੰਤਰ ਦੀ ਸਥਾਪਨਾ ਹੋਣਾ ਪਹਿਲਾ ਵੱਡਾ ਕਦਮ ਸੀ।

ਸਾਡੇ ਸੰਵਿਧਾਨ ਨੇ ਸਾਡੇ ਆਜ਼ਾਦੀ ਦੇ ਅੰਦੋਲਨ ਨੂੰ ਰਾਹ ਦਿਖਾਉਣ ਵਾਲੀਆਂ ਕਦਰਾਂ-ਕੀਮਤਾਂ ਅਤੇ ਟੀਚਿਆਂ ਨੂੰ ਬਿਲਕੁਲ ਸਪੱਸ਼ਟ ਕੀਤਾ। ਪੰਜਾਬ ਵਲੋਂ ਸਾਡੇ ਦੇਸ਼ ਦੀ ਆਜ਼ਾਦੀ ਲਈ ਦਿਤੇ ਗਏ ਯੋਗਦਾਨ ਦਾ ਦੁਨੀਆਂ ਦੇ ਇਤਿਹਾਸ ਵਿਚ ਕੋਈ ਵੀ ਸਾਨੀ ਨਹੀਂ ਹੈ। ਮਹਾਨ ਸ਼ਹੀਦਾਂ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਕਈ ਹੋਰਨਾਂ ਆਜ਼ਾਦੀ ਦੇ ਪਰਵਾਨਿਆਂ ਨੇ ਆਪਣੇ ਲਹੂ ਦਾ ਆਖਰੀ ਕਤਰਾ ਤੱਕ ਵਹਾ ਦਿਤਾ ਅਤੇ ਜੇਲ੍ਹਾਂ ਵਿਚ ਤਸੀਹੇ ਝੱਲ ਕੇ ਸਾਨੂੰ ਇਕ ਬਹੁਤ ਵੱਡੀ ਦੇਣ ਦਿਤੀ

ਜੋ ਕਿ ਇਹ ਮੰਗ ਕਰਦੀ ਹੈ ਕਿ ਅਸੀਂ ਆਪਣੀ ਮਾਤਰਭੂਮੀ ਦੀ ਤਹਿ ਦਿਲੋਂ ਇੱਜ਼ਤ ਕਰਦੇ ਹੋਏ ਭਾਰਤ ਦੀ ਸ਼ਾਨ ਬਰਕਰਾਰ ਰੱਖਣ ਦਾ ਪ੍ਰਣ ਕਰੀਏ। ਉਨ੍ਹਾਂ ਕਿਹਾ, ਅਸੀਂ ਆਪਣੇ ਕਿਸਾਨਾਂ, ਮਜ਼ਦੂਰਾਂ, ਉਦਯੋਗਪਤੀਆਂ ਅਤੇ ਵਪਾਰੀਆਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸੂਬੇ ਨੂੰ ਖੁਸ਼ਹਾਲੀ ਦੇ ਰਾਹ ਤੋਰਨ ਲਈ ਭਰਪੂਰ ਸਾਥ ਦਿਤਾ। ਪੰਜਾਬ ਜੋ ਕਿ ਮੁੱਖ ਤੌਰ 'ਤੇ ਖੇਤੀਬਾੜੀ ਪ੍ਰਧਾਨ ਸੂਬਾ ਹੈ, ਹਰੀ ਕ੍ਰਾਂਤੀ ਦਾ ਰਾਹ-ਦਿਸੇਰਾ ਬਣਿਆ ਅਤੇ ਦੇਸ਼ ਨੂੰ ਅੰਨ ਪੈਦਾ ਕਰਨ ਦੇ ਮਾਮਲੇ ਵਿਚ ਸਵੈ-ਨਿਰਭਰ ਬਣਾਇਆ।

ਅਸੀਂ ਪੰਜਾਬ ਦੀ ਕਿਸਾਨੀ ਨੂੰ ਵੀ ਵਧਾਈ ਦਿੰਦੇ ਹਾਂ ਜਿਸ ਨੇ ਪਰਾਲੀ ਸਾੜਣ ਦੇ ਮਾਮਲਿਆਂ ਨੂੰ ਕਾਫੀ ਹੱਦ ਤੱਕ ਘਟਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਕਿਹਾ, ਪੰਜਾਬ ਸਰਕਾਰ ਨੇ ਸੂਬੇ ਦੇ ਸਮੁੱਚੇ ਵਿਕਾਸ ਲਈ ਕਈ ਠੋਸ ਕਦਮ ਚੁੱਕੇ ਹਨ। ਸੂਬੇ ਵਿਚ ਅਮਨ-ਕਾਨੂੰਨ ਕਾਇਮ ਰੱਖਣਾ ਸੂਬਾ ਸਰਕਾਰ ਦੀ ਤਰਜੀਹ ਹੈ। ਅੱਜ ਸਾਡੇ ਸਨਮੁੱਖ ਕਈ ਚੁਣੌਤੀਆਂ ਦਰਪੇਸ਼ ਹਨ ਅਤੇ ਸਾਨੂੰ ਨਸ਼ਿਆਂ, ਘਟਦੇ ਜਾ ਰਹੇ ਲਿੰਗ ਅਨੁਪਾਤ ਅਤੇ ਵਾਤਾਵਰਣ ਦੇ ਸੰਤੁਲਨ ਵਿਚ ਆ ਰਹੇ ਨਿਘਾਰ ਵਰਗੀਆਂ ਸਮਾਜਿਕ ਬੁਰਾਈਆਂ ਨਾਲ ਨਜਿੱਠਣ ਵੱਲ ਖਾਸ ਧਿਆਨ ਦੇਣਾ ਪੈਣਾ ਹੈ।

ਲਗਾਤਾਰ ਤਰੱਕੀ ਦੀਆਂ ਪੈੜ੍ਹਾਂ ਤੈਅ ਕਰ ਰਹੇ ਪੰਜਾਬ ਸੂਬੇ ਵਿਚ ਮਿਸ਼ਨ ਤੰਦਰੁਸਤ ਪੰਜਾਬ ਵੀ ਸ਼ੁਰੂ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਇਲਾਵਾ ਸਾਨੂੰ ਖੁਸ਼ਹਾਲ ਪੰਜਾਬ ਸਿਰਜਣ ਵੱਲ ਵੀ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ, ਇਹ ਸਾਡੇ ਸਾਰਿਆਂ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਅਸੀਂ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮ ਪੁਰਬ ਨੂੰ ਮਨਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨਾ ਸਿਰਫ ਸਿੱਖਾਂ ਦੇ ਪਹਿਲੇ ਗੁਰੂ ਸਨ ਸਗੋਂ ਸਮੁੱਚੀ ਦੁਨੀਆਂ ਲਈ ਗੁਰੂ ਦਾ ਦਰਜ਼ਾ ਰੱਖਦੇ ਸਨ।

ਉਨ੍ਹਾਂ ਸਮੁੱਚੀ ਲੋਕਾਈ ਦੀ ਭਲਾਈ ਨੂੰ ਚਿਤਵਿਆ ਅਤੇ ਸਾਰੀਆਂ ਜਾਤਾਂ ਨੂੰ ਇਕ ਸਮਾਨ ਮੰਨਿਆ। ਅੱਜ ਅਸੀਂ ਪੰਜਾਬ ਦਾ ਮੁਹਾਂਦਰਾ ਬਦਲਣ ਦੀ ਦਿਸ਼ਾ ਵਿਚ ਤੇਜ਼ੀ ਨਾਲ ਕਦਮ ਪੁੱਟ ਰਹੇ ਹਾਂ। ਇਸੇ ਤਰ੍ਹਾਂ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਵੀ 'ਸਬਕਾ ਸਾਥ ਸਬਕਾ ਵਿਕਾਸ' ਅਤੇ ਨਵੇਂ ਭਾਰਤ ਦੀ ਸਿਰਜਣਾ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸੱਚ ਕਰਨ ਦੀ ਦਿਸ਼ਾ ਵਿਚ ਕਾਫੀ ਤੇਜ਼ੀ ਨਾਲ ਕਦਮ ਵਧਾਏ ਹਨ। ਨਿਵੇਕਲੀਆਂ ਪੇਸ਼ਕਦਮੀਆਂ ਰਾਹੀਂ ਸ਼ਹਿਰ ਵਿਚ ਸਿੱਖਿਆ, ਸਿਹਤ, ਆਵਾਸ ਤੇ ਸਮਾਜਿਕ ਢਾਂਚਾ ਉੱਨਤ ਕਰਨ ਲਈ ਵਿਸ਼ੇਸ਼ ਕਦਮ ਪੁੱਟੇ ਗਏ ਹਨ।

ਉਨ੍ਹਾਂ ਕਿਹਾ, ਸਾਨੂੰ ਆਪਣੇ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੂਰੀ ਪ੍ਰਤੀਬੱਧਤਾ, ਸਮਰਪਣ ਅਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾ ਕੇ ਕੌਮੀ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਅਹਿਦ ਕਰਨਾ ਪਵੇਗਾ। ਉਨ੍ਹਾਂ ਕਿਹਾ, ਆਓ, ਇਸ ਦਿਹਾੜੇ ਮੌਕੇ ਅਸੀਂ ਆਪਣੇ ਮਹਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹਰ ਹੀਲੇ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨ ਦਾ ਅਪਣਾ ਪ੍ਰਣ ਦੁਹਰਾਈਏ ਅਤੇ ਵੱਖੋ-ਵੱਖ ਖੇਤਰਾਂ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਈਏ। ਇਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਾ ਹਾਂ। ਜੈ ਹਿੰਦ