ਸੰਸਦ ਮੈਂਬਰ ਔਜਲਾ ਦਰਬਾਰ ਸਾਹਿਬ ਦਾ ਜਲ ਲੈ ਕੇ ਸਿੱਧੂ ਨਾਲ ਗਏ ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਪਾਕਿਸਤਾਨ ਸਰਕਾਰ 28 ਨਵੰਬਰ ਨੂੰ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖ ਰਹੀ ਹੈ........

Parliament Member Aujla going to Pak with water of Darbar Sahib

ਅੰਮ੍ਰਿਤਸਰ  : ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਪਾਕਿਸਤਾਨ ਸਰਕਾਰ 28 ਨਵੰਬਰ ਨੂੰ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖ ਰਹੀ ਹੈ। ਪਾਕਿ 'ਚ ਉਕਤ ਪ੍ਰੋਗਰਾਮ ਲਈ ਕਈ ਦਿਨਾਂ ਤੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਕ੍ਰਿਕਟਰ ਦੋਸਤ ਨਵਜੋਤ ਸਿੰਘ ਸਿੱਧੂ ਅਤੇ ਕੁੱਝ ਹੋਰ ਮੰਤਰੀਆਂ ਨੂੰ ਬੁਲਾਵਾ ਭੇਜਿਆ ਜਿਸ ਨੂੰ ਪ੍ਰਵਾਨ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਪਹੁੰਚੇ। 

ਇਸ ਤੋਂ ਪਹਿਲਾਂ ਸਿੱਧੂ ਅਤੇ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 70 ਸਾਲ ਤੋਂ ਸਿੱਖ ਸੰਗਤ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਅਰਦਾਸਾਂ ਕਰਦੀ ਆ ਰਹੀ ਹੈ। ਸਿੱਖ ਕੌਮ ਦੀ ਪੁਰਾਣੀ ਮੰਗ ਪਾਕਿ ਦੀ ਹਕੂਮਤ ਅਤੇ ਭਾਰਤ ਸਰਕਾਰ ਨੇ ਪ੍ਰਵਾਨ ਕੀਤੀ ਹੈ। ਇਸ ਪ੍ਰਵਾਨਗੀ ਨਾਲ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਖ਼ੁਸ਼ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਮਨਜ਼ੂਰ ਕੀਤੀ ਹੈ। ਸਿੱਧੂ ਨੇ ਕਿਹਾ ਕਿ ਗੁਰਦਵਾਰਾ ਕਰਤਾਰਪੁਰ ਸਾਹਿਬ ਨੂੰ ਜਾਣ ਦਾ ਲਾਂਘਾ ਖੁਲਣ ਨਾਲ ਭਾਰਤ ਹੀ ਨਹੀਂ, ਦੁਨੀਆਂ 'ਚ ਵਸਦੇ ਸਿੱਖ ਸ਼ਰਧਾਲੂਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਉਹ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰ ਸਕਣਗੇ।

ਔਜਲਾ ਨੇ ਦਸਿਆ ਕਿ ਉਹ ਸੱਚਖੰਡ ਦਰਬਾਰ ਸਾਹਿਬ ਦਾ ਪਵਿੱਤਰ ਜਲ ਲੈ ਕੇ ਪਾਕਿਸਤਾਨ ਜਾ ਰਹੇ ਹਨ। ਉਦਘਾਟਨ ਮੌਕੇ ਪਵਿੱਤਰ ਜਲ ਦਾ ਛਿੜਕਾਅ ਕੀਤਾ ਜਾਵੇਗਾ ਅਤੇ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਜਾਵੇਗੀ ਕਿ ਭਾਰਤ-ਪਾਕਿ ਦੋਹਾਂ ਗੁਆਂਢੀ ਦੇਸ਼ਾਂ 'ਚ ਖ਼ੁਸ਼ੀ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਅਤੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੀ ਸੰਗਤ ਨੂੰ ਦਰਸ਼ਨ ਦੀਦਾਰੇ ਹੁੰਦੇ ਰਹਿਣ।

ਉਨ੍ਹਾਂ ਕਿਹਾ ਕਿ ਗੁਰਦਵਾਰਾ ਨਨਕਾਣਾ ਸਾਹਿਬ ਆਦਿ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ ਉਹ ਵਤਨ ਪਰਤ ਆਉਣਗੇ। ਅਟਾਰੀ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਪੰਜਾਬ ਦੇ ਨਾਮਵਰ ਪਹਿਲਵਾਨ ਕੁਲਦੀਪ ਸਿੰਘ ਕਾਹਨਗੜ੍ਹ, ਆੜ੍ਹਤੀ ਐਸੋਸੀਏਸ਼ਨ ਅਟਾਰੀ ਦਾਣਾ ਮੰਡੀ ਦੇ ਪ੍ਰਧਾਨ ਜੋਗਿੰਦਰ ਸਿੰਘ ਰਾਣਾ, ਪਹਿਲਵਾਨ ਮੋਹਣਾ, ਪਹਿਲਵਾਨ ਯੋਧਾ ਅਟਾਰੀ, ਸਾਹਿਬ ਸਿੰਘ, ਚੰਨ ਅਟਾਰੀ ਤੇ ਹੋਰਨਾਂ ਨੇ ਕੀਤਾ। ਉਨ੍ਹਾਂ ਨੂੰ ਸਿਰੋਪਾਉ ਪਾਏ ਗਏ ਅਤੇ ਫੁੱਲਾਂ ਦਾ ਗੁਲਦਸਤਾ ਦਿਤਾ ਗਿਆ।

Related Stories