ਈਰਾਨ ਦੇ ਰਾਸ਼ਟਰਪਤੀ ਵਲੋਂ ਅਮਰੀਕੀ ਪਾਬੰਦੀਆਂ ਵਿਰੁਧ ਤੇਲ ਕਟੌਤੀ ਦੀ ਧਮਕੀ
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁਧ ਸਖਤ ਰਵੱਈਆ ਅਪਣਾਇਆ ਹੈ..........
ਤੇਹਰਾਨ : ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁਧ ਸਖਤ ਰਵੱਈਆ ਅਪਣਾਇਆ ਹੈ। ਰੂਹਾਨੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਕਿ ਉਹ ਖਾੜੀ ਤੋਂ ਕੌਮਾਂਤਰੀ ਤੇਲ ਦੀ ਵਿਕਰੀ ਵਿਚ ਕਟੌਤੀ ਕਰਨਗੇ। ਸੇਮਨਾਨ ਸੂਬੇ ਵਿਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਈਰਾਨ ਦੀ ਤੇਲ ਦੀ ਬਰਾਮਦ ਨੂੰ ਰੋਕ ਪਾਉਣ ਵਿਚ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਬ ਦੀ ਖਾੜੀ ਤੋਂ ਕੋਈ ਤੇਲ ਬਰਾਮਦ ਨਹੀਂ ਹੋਵੇਗਾ।
ਸਾਲ 1980 ਦੇ ਦਹਾਕੇ ਤੋਂ ਹੀ ਈਰਾਨ ਨੇ ਬਾਰ-ਬਾਰ ਕਿਹਾ ਹੈ ਕਿ ਉਹ ਕੌਮਾਂਤਰੀ ਦਬਾਅ ਦੇ ਜਵਾਬ ਵਿਚ ਖਾੜੀ ਤੋਂ ਤੇਲ ਦੀ ਬਰਾਮਦ ਨੂੰ ਰੋਕ ਦੇਵੇਗਾ ਪਰ ਕਦੇ ਵੀ ਉਸ ਨੇ ਅਜਿਹਾ ਨਹੀਂ ਕੀਤਾ। ਇਸ ਸਾਲ ਮਈ ਵਿਚ ਈਰਾਨ ਅਤੇ ਗਲੋਬਲ ਤਾਕਤਾਂ ਵਿਚਕਾਰ ਸਾਲ 2015 ਵਿਚ ਹੋਏ ਮਹੱਤਵਪੂਰਣ ਪਰਮਾਣੂ ਸਮਝੌਤੇ ਨੂੰ ਅਮਰੀਕਾ ਨੇ ਖਤਮ ਕਰ ਦਿਤਾ। ਇਸ ਮਗਰੋਂ ਈਰਾਨ 'ਤੇ ਇਕ ਵਾਰ ਫਿਰ ਤੇਲ ਸਮੇਤ ਹੋਰ ਪਾਬੰਦੀਆਂ ਲਗਾ ਦਿਤੀਆਂ।
ਇਸ ਨਾਲ ਈਰਾਨ ਨੇ ਅਪਣੀ ਤੇਲ ਬਰਾਮਦ ਨੂੰ ਜ਼ੀਰੋ ਕਰਨ ਦੀ ਕਸਮ ਖਾਧੀ ਭਾਵੇਂ ਕਿ ਭਾਰਤ ਸਮੇਤ 8 ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਦੀ ਛੋਟ ਮਿਲ ਗਈ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਰਾਨ ਦੀ ਇਸ ਧਮਕੀ ਨਾਲ ਅਮਰੀਕਾ ਕੀ ਰੁੱਖ ਅਖਤਿਆਰ ਕਰਦਾ ਹੈ ਅਤੇ ਦੇਸ਼ ਵਿਚ ਤੇਲ ਦੇ ਉਪਭੋਗਤਾਵਾਂ 'ਤੇ ਇਸ ਕਾਰਵਾਈ ਦਾ ਕੀ ਅਸਰ ਪੈਂਦਾ ਹੈ? ਅਮਰੀਕਾ ਅਤੇ ਇਰਾਨ ਅਪਣੇ ਅੜੀਅਲ ਰਵੱਈਏ 'ਤੇ ਅਡਿੱਗ ਬਣੇ ਹੋਏ ਹਨ। (ਏਜੰਸੀ)