ਦਿੱਲੀ ਗੁਰਦਵਾਰਾ ਕਮੇਟੀ ਦੇ ਮੁਲਾਜ਼ਮ ਦੀ ਸਿਗਰਟ ਪੀਂਦੇ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਨਸ਼ਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਨਮਰਜ਼ੀਆਂ ਫ਼ਿਲਮ ਦਾ ਵਿਰੋਧ ਕਰਨ ਵਾਲੇ ਬਾਦਲਾਂ ਦੀ ਅਸਲ ਮਨਮਰਜ਼ੀ ਸੰਗਤ ਸਾਹਮਣੇ ਆਈ : ਹਰਵਿੰਦਰ ਸਿੰਘ ਸਰਨਾ

Harvinder Singh Sarna

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਕ ਮੁਲਾਜ਼ਮ ਦੀ ਸਿਗਰਟ ਪੀਂਦੇ ਹੋਈ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਨਸ਼ਰ ਹੋਣ ਪਿਛੋਂ ਕਮੇਟੀ ਵਲੋਂ ਮੁਲਾਜ਼ਮ ਨੂੰ ਮੁਅੱਤਲ ਕਰ ਦਿਤਾ ਗਿਆ ਹੈ, ਪਰ ਦਿੱਲੀ ਵਿਚ ਗੁਰਦਵਾਰਾ ਕਮੇਟੀ ਦੇ ਅਕਸ ਨੂੰ ਭਾਰੀ ਸੱਟ ਵੱਜੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ  ਸਿਗਰਟ ਪੀਂਦੇ ਮੁਲਾਜ਼ਮ ਦੀ ਤਸਵੀਰ ਲੋਕਾਂ ਸਾਹਮਣੇ ਆਉਣ ਨਾਲ ਹੁਣ ਬਾਦਲ ਦਲ ਦੀ ਅਸਲ ਮਨਮਰਜ਼ੀਆਂ ਸਾਹਮਣੇ ਆ ਗਈ ਹੈ। 

ਇਥੇ ਜਾਰੀ ਇਕ ਬਿਆਨ ਵਿਚ ਸ.ਸਰਨਾ ਨੇ ਦਾਅਵਾ ਕਰਦਿਆਂ ਕਿਹਾ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਦੀ ਸੇਵਾ 'ਚ ਡਿਊਟੀ ਵਿਚ ਲੱਗੇ ਹੋਏ ਤੇ ਗੁਰੂ ਦੇ ਖ਼ਜ਼ਾਨੇ ਵਿਚੋਂ ਤਨਖ਼ਾਹ ਲੈਣ ਵਾਲਾ ਪਗੜੀਧਾਰੀ ਸਿੱਖ ਗਾਰਡ/ਡਰਾਈਵਰ ਉਸ ਵੇਲੇ ਸਿਗਰਟ ਪੀਂਦਾ ਕੈਮਰੇ 'ਚ ਕੈਦ ਹੋ ਗਿਆ, ਜਦੋਂ ਬਾਦਲ ਦਲ ਦੀ ਦਿੱਲੀ ਦੀ ਸਾਰੀ ਲੀਡਰਸ਼ਿਪ 'ਮਨਮਰਜ਼ੀਆਂ' ਫ਼ਿਲਮ 'ਚ ਸਿੱਖ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਵਲੋਂ ਫ਼ਿਲਮ ਦੇ ਇਕ ਸੀਨ 'ਚ ਸਿਗਰਟ ਪੀਣ ਦੇ ਦ੍ਰਿਸ਼ ਦਾ ਵਿਰੋਧ ਕਰ ਰਹੇ ਸੀ।

ਜਦੋਂ ਕਿ ਉਨ੍ਹਾਂ ਦੇ ਅਪਣੇ ਬੰਦੇ ਹੀ ਉਨ੍ਹਾਂ ਦੀ ਨੱਕ ਹੇਠ ਤਮਾਕੂਨੋਸ਼ੀ ਕਰ ਰਹੇ ਸਨ ਤਾਂ ਬਾਦਲ ਦਲ ਦੇ ਨਸ਼ੇ ਵਿਰੋਧੀ ਹੋਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਜਾਂਦੀ ਹੈ।
ਸ. ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਦਿੱਲੀ 'ਚ ਥਾਪੇ ਬੁਲਾਰੇ ਸਿਰਸਾ ਨੂੰ ਅਪਣੇ ਨਿਜੀ ਡਰਾਈਵਰ/ਗਾਰਡ ਦੀ ਤਮਾਕੂਨੋਸ਼ੀ ਬਾਰੇ ਉਸ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ? ਸੋਸ਼ਲ ਮੀਡਿਆ 'ਤੇ ਮੁਲਾਜ਼ਮ ਦੀ ਫ਼ੋਟੋ ਵਾਇਰਲ ਹੋਣ ਤੋਂ ਬਾਅਦ, ਸੰਗਤਾਂ ਦੇ ਦਬਾਅ ਕਾਰਨ ਇਸ ਨੂੰ ਨੌਕਰੀ ਤੋਂ ਹਟਾਇਆ ਗਿਆ ਹੈ।

ਇਸ ਤਰ੍ਹਾਂ ਦੀ ਹਰਕਤ ਸਿੱਖ ਰਹਿਤ ਮਰਿਆਦਾ ਤੇ ਸਿੱਖ ਰਵਾਇਤਾਂ ਤੋਂ ਉਲਟ ਹੈ ਜਿਸ ਨੇ ਕਮੇਟੀ ਦੇ ਅਕਸ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਇਕ ਪਾਸੇ ਤੇ ਬਾਦਲ ਦਲ ਨੇ ਕੇਂਦਰੀ ਫ਼ਿਲਮ ਸਰਟੀਫ਼ੀਕੇਟ ਬੋਰਡ 'ਤੇ 'ਉੜਤਾ ਪੰਜਾਬ' ਫ਼ਿਲਮ 'ਤੇ ਰੋਕ ਲਾਉਣ ਲਈ ਦਬਾਅ ਪਾਇਆ ਸੀ ਤੇ ਦੂਜੇ ਪਾਸੇ ਉਨ੍ਹਾਂ ਦੇ ਅਪਣੇ ਰਾਜ ਦੌਰਾਨ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਦਰਿਆ 'ਚ ਰੁੜ੍ਹ ਗਿਆ।

ਇਹੀ ਲੋਕ ਕਿਸੇ ਫ਼ਿਲਮ 'ਚ ਕਿਰਦਾਰ ਦਾ ਸਿੱਖ ਵਾਲਾ ਨਾਮ ਰੱਖਣ ਦਾ ਵੀ ਵਿਰੋਧ ਕਰਦੇ ਹਨ ਤੇ ਦੂਸਰੇ ਪਾਸੇ ਸਿੱਖ ਧਰਮ ਤੇ ਪ੍ਰੰਪਰਾਵਾਂ ਦੇ ਉਲਟ ਬਣੀ 'ਨਾਨਕ ਸ਼ਾਹ ਫ਼ਕੀਰ' ਵਰਗੀ ਫ਼ਿਲਮ ਨੂੰ ਕਲੀਨ ਚਿੱਟ ਦੇ ਦੇਂਦੇ ਹਨ। ਜੋ ਇਨ੍ਹਾਂ ਦੀ ਅਸਲ ਸਿੱਖ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ।

Related Stories