ਕੈਨੇਡਾ ਦੇ ਮੰਤਰਾਲੇ ਦੀ ਰੀਪੋਰਟ 'ਚ ਵਰਤੇ 'ਸਿੱਖ ਕੱਟੜਵਾਦ'’ਸ਼ਬਦ ਦੀ ਐਮਪੀ ਜਤੀ ਸਿੱਧੂ ਵਲੋਂ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸ ਫ਼ੋਰਡ-ਮਿਸ਼ਨ ਹਲਕੇ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਜਤਿੰਦਰ ਮੋਹਨਜੀਤ ਸਿੰਘ ਸਿੱਧੂ (ਜਤੀ ਸਿੱਧੂ)..........

MP Jati Sidhu

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸ ਫ਼ੋਰਡ-ਮਿਸ਼ਨ ਹਲਕੇ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਜਤਿੰਦਰ ਮੋਹਨਜੀਤ ਸਿੰਘ ਸਿੱਧੂ (ਜਤੀ ਸਿੱਧੂ) ਨੇ ਕੈਨੇਡਾ ਦੇ ਪਬਲਿਕ ਸੁਰੱਖਿਆ ਮੰਤਰਾਲੇ ਵਲੋਂ ਹਾਲ ਹੀ ਵਿਚ ਜਾਰੀ ਸਾਲਾਨਾ ਰੀਪੋਰਟ ਵਿਚ ਵਰਤੇ ਗਏ 'ਸਿੱਖ ਕੱਟੜਵਾਦ' ਸ਼ਬਦ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸਾਂਸਦ ਮੈਂਬਰ ਜਤੀ ਸਿੱਧੂ ਨੇ ਅਜਿਹੀਆਂ ਟਿਪਣੀਆਂ ਨੂੰ ਗ਼ੈਰ ਵਾਜਬ ਠਹਿਰਾਉਂਦਿਆਂ ਮੰਗ ਕੀਤੀ ਹੈ ਕਿ ਰੀਪੋਰਟ ਵਿਚੋਂ ਇਨ੍ਹਾਂ ਨੂੰ ਤੁਰਤ ਹਟਾਇਆ ਜਾਵੇ। ਉਨ੍ਹਾਂ ਨੇ ਜਾਰੀ ਬਿਆਨ ਵਿਚ ਕਿਹਾ ਕਿ ਕੈਨੇਡਾ ਵਿਕਾਸ ਵਿਚ ਸਿੱਖਾਂ ਵਲੋਂ ਪਿਛਲੇ 100 ਵਰ੍ਹਿਆਂ ਦੌਰਾਨ ਵੱਡਮੁਲਾ ਯੋਗਦਾਨ ਪਾਇਆ ਗਿਆ ਹੈ

ਅਤੇ ਉਨ੍ਹਾਂ ਦੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਹੀ ਠੀਕ ਨਹੀਂ ਕਿ ਪਬਲਿਕ ਸੁਰੱਖਿਆ ਮੰਤਰਾਲੇ ਵਲੋਂ ਰੀਪੋਰਟ ਵਿਚ ਸਮੁੱਚੇ ਭਾਈਚਾਰੇ ਨੂੰ ਗ਼ਲਤ ਸੁਰਖੀਆਂ ਰਾਹੀਂ ਆਲੋਚਨਾ ਦਾ ਨਿਸ਼ਾਨਾ ਬਣਾਇਆ ਜਾਵੇ। ਅਪਣੇ ਭਾਈਚਾਰਕ ਅਕਸ ਨੂੰ ਸੁਰੱਖਿਅਤ ਕਰਨ ਲਈ ਸਾਂਸਦ ਮੈਂਬਰ ਨੇ ਕੈਨੇਡਾ ਦੇ ਇਸ ਪਬਲਿਕ ਸੁਰੱਖਿਆ ਮੰਤਰਾਲੇ ਤੋਂ ਮੰਗ ਕੀਤੀ ਕਿ ਰੀਪੋਰਟ ਵਿਚ ਸਿੱਖਾਂ ਪ੍ਰਤੀ ਵਰਤੇ ਗਏ ਸ਼ਬਦਾਂ ਨੂੰ ਬੇ-ਬੁਨਿਆਦ ਅਤੇ ਗ਼ੈਰ ਵਾਜਬ ਕਰਾਰ ਦਿੰਦਿਆਂ ਤੁਰਤ ਕਢਿਆ ਜਾਵੇ।

ਇਸ ਤੋਂ ਇਲਾਵਾ ਕੈਨੇਡਾ ਵਾਸਤੇ ਸਿੱਖਾਂ ਦੇ ਅਕਸ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਗ਼ੈਰ ਜ਼ਿੰਮੇਵਾਰਾਨਾ ਟਿਪਣੀਆਂ ਅਤੇ ਦੋਸ਼ਾਂ ਪ੍ਰਤੀ ਸੁਰੱਖਿਆ ਮੰਤਰਾਲਾ ਸੁਚੇਤ ਹੋਵੇ ਤਾਕਿ ਭਵਿੱਖ ਵਿਚ ਕਦੇ ਵੀ ਅਜਿਹਾ ਨਾ ਵਾਪਰੇ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਪਬਲਿਕ ਸੁਰੱਖਿਆ ਮੰਤਰੀ ਰਾਫ਼ੇਲ ਗੁਡੇਲ ਪਹਿਲਾਂ ਹੀ ਸਪੱਸ਼ਟ ਕਰ ਚੁਕੇ ਹਨ ਕਿ ਉਹ ਇਸ ਰੀਪੋਰਟ ਦੀਆਂ ਖ਼ਾਮੀਆਂ ਨੂੰ ਵਾਚਦੇ ਹੋਏ ਗ਼ਲਤ ਟਿਪਣੀਆਂ ਹਟਾਉਣ ਲਈ ਵਚਨਬੱਧ ਹਨ ਅਤੇ ਸਿੱਖਾਂ ਵਲੋਂ ਕੈਨੇਡਾ ਦੇ ਵਿਕਾਸ’ਵਿਚ ਪਾਏ ਭਾਰੀ ਯੋਗਦਾਨ ਨੂੰ ਧਿਆਨ ਵਿਚ ਰਖਦੇ ਹੋਏ ਕਿਸੇ ਵੀ ਆਧਾਰਹੀਣ ਅਤੇ ਗ਼ੈਰ ਮੁਨਾਸਬ ਦੋਸ਼ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਨਗੇ।