
ਦਿੱਲੀ 'ਚ ਕਈ ਸੀਨੀਅਰ ਨੇਤਾ ਗ੍ਰਿਫ਼ਤਾਰ......
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਰਕਰਾਂ ਨੇ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਮੌਕੇ ਨਰਿੰਦਰ ਮੋਦੀ ਸਰਕਾਰ ਦੇ ਇਸ ਕਦਮ ਵਿਰੁਧ ਸ਼ੁਕਰਵਾਰ ਨੂੰ ਦੇਸ਼ਪੱਧਰੀ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ 2019 'ਚ ਪਾਰਟੀ ਦੀ ਸਰਕਾਰ ਬਣੀ ਤਾਂ ਇਸ 'ਘਪਲੇ' ਦੀ ਜਾਂਚ ਕਰਵਾਈ ਜਾਵੇਗੀ। ਪਾਰਟੀ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਹ ਪਤਾ ਕਰਨ ਲਈ ਵਾਈਟ ਪੇਪਰ ਲਿਆਉਣਾ ਚਾਹੀਦਾ ਹੈ ਕਿ ਨੋਟਬੰਦੀ ਨਾਲ ਕੀ ਫ਼ਾਇਦਾ ਅਤੇ ਨੁਕਸਾਨ ਹੋਇਆ। ਦਿੱਲੀ ਵਿਚ ਭਾਰਤੀ ਰਿਜ਼ਰਵ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ, ਸੀਨੀਅਰ ਨੇਤਾ ਆਨੰਦ ਸ਼ਰਮਾ, ਮੁਕੁਲ ਵਾਸਨਿਕ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁਡਾ, ਅਖਿਲ ਭਾਰਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ, ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਅਤੇ ਪਾਰਟੀ ਦੇ ਰਾਸ਼ਟਰੀ ਸਕੱਤਰ ਮਨੀਸ਼ ਚਤਰਥ ਅਤੇ ਨਸੀਬ ਸਿੰਘ ਅਤੇ ਪਾਰਟੀ ਦੇ ਕਈ ਵਰਕਰ ਸ਼ਾਮਲ ਹੋਏ। ਆਰ.ਬੀ.ਆਈ. ਦਫ਼ਤਰ ਵਲ ਵਧ ਰਹੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਅਤੇ ਸੰਸਦ ਮਾਰਗ ਥਾਣੇ ਲੈ ਗਏ।
ਹਿਰਾਸਤ ਵਿਚ ਲਏ ਜਾਣ ਨੂੰ ਮੋਦੀ ਸਰਕਾਰ ਦਾ 'ਤਾਨਾਸ਼ਾਹੀ' ਵਾਲਾ ਕਦਮ ਕਰਾਰ ਦਿੰਦਿਆਂ ਗਹਲੋਤ ਨੇ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ ਗ਼ਰੀਬਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਕਾਂਗਰਸ ਨੇ ਵੀਰਵਾਰ ਨੂੰ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਮੌਕੇ ਐਲਾਨ ਕੀਤਾ ਸੀ ਕਿ ਪਾਰਟੀ ਨੋਟਬੰਦੀ ਵਿਰੁਧ ਰਾਸ਼ਟਰ ਪੱਧਰ 'ਤੇ ਪ੍ਰਦਰਸ਼ਨ ਕਰੇਗੀ। ਪਾਰਟੀ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਅਤੇ ਇਸ ਕਦਮ ਨਾਲ 'ਅਰਥਚਾਰੇ ਨੂੰ ਨੁਕਸਾਨ ਪਹੁੰਚਾਉਣ ਅਤੇ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕਰਨ' ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਇਆ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਵਿਸ਼ੇ ਸਬੰਧੀ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੰਮ ਕੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਸੀ ਕਿ ਮੋਦੀ ਸਰਕਾਰ ਦਾ ਇਹ ਕਦਮ ਖ਼ੁਦ ਪੈਦਾ ਕੀਤੀ ਗਈ 'ਤਰਾਸਦੀ' ਅਤੇ 'ਆਤਮਘਾਤੀ ਹਮਲਾ' ਸੀ ਜਿਸ ਨਾਲ ਪ੍ਰਧਾਨ ਮੰਤਰੀ ਦੇ 'ਸੂਟ-ਬੂਟ ਵਾਲੇ ਮਿੱਤਰਾਂ' ਨੇ ਅਪਣੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਕੰਮ ਕੀਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ, 2016 ਨੂੰ ਨੋਟਬੰਦੀ ਆ ਐਲਾਨ ਕੀਤਾ ਸੀ ਜਿਸ ਕਾਰਨ ਉਨ੍ਹਾਂ ਦਿਨਾਂ ਵਿਚ ਚਲ ਰਹੇ 500 ਰੁਪਏ ਅਤੇ ਇਕ ਹਜ਼ਾਰ ਰੁਪਏ ਦੇ ਨੋਟ ਚਲਣ ਤੋਂ ਬਾਹਰ ਹੋ ਗਏ ਸਨ।
ਕਾਂਗਰਸ ਨੇ ਦੋਸ਼ ਲਾਇਆ ਕਿ ਇਹ ਕਾਲੇ ਧਨ ਨੂੰ ਸਫ਼ੈਦ ਕਰਨ ਦਾ 'ਘਪਲਾ' ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਇਹ ਦਸਣਾ ਚਾਹੀਦਾ ਹੈ ਕਿ ਨੋਟਬੰਦੀ ਨਾਲ ਹੋਏ ਭਾਰੀ ਆਰਥਕ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਕ ਬਿਆਨ ਵਿਚ ਕਿਹਾ ਕਿ 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ 'ਨੋਟਬੰਦੀ' ਦੀ ਤਬਾਹੀ ਨੂੰ ਆਰਥਕ ਕ੍ਰਾਂਤੀ ਦਾ ਨਵਾਂ ਸੂਤਰ ਦਸਦਿਆਂ ਤਿੰਨ ਕਾਰਨ ਦਿਤੇ: ਸਾਰਾ ਕਾਲਾ ਧਨ ਫੜਿਆ ਜਾਵੇਗਾ, ਫ਼ਰਜ਼ੀ ਨੋਟ ਫੜੇ ਜਾਣਗੇ, ਅੱਤਵਾਦ ਅਤੇ ਨਕਸਲਵਾਦ ਖ਼ਤਮ ਹੋ ਜਾਵੇਗਾ।
ਪਰ ਆਰ.ਬੀ.ਆਈ. ਦੀ ਰੀਪੋਰਟ ਕਹਿੰਦੀ ਹੈ ਕਿ 99 ਫ਼ੀ ਸਦੀ ਨੋਟ ਜਮ੍ਹਾ ਹੋ ਗਏ। ਉਨ੍ਹਾਂ ਨਕਲੀ ਨੋਟਾਂ 'ਤੇ ਲਗਾਮ ਲਾਉਣ ਦੇ ਦਾਵੇ ਨੂੰ 'ਭਾਜਪਾਈ ਜ਼ੁਲਮ' ਕਰਾਰ ਦਿੰਦਿਆਂ ਕਿਹਾ ਕਿ ਹੁਣ ਭਾਜਪਾ ਨੂੰ ਦਸਣਾ ਚਾਹੀਦੈ ਕਿ ਭਾਰੀ ਆਰਥਕ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਨੋਟਬੰਦੀ ਤੋਂ ਪਹਿਲਾਂ ਭਾਜਪਾ ਅਤੇ ਆਰਐਸਐਸ ਨੇ ਸੈਂਕੜੇ ਕਰੋੜ ਰੁਪਏ ਦੀ ਸੰਪਤੀ ਪੂਰੇ ਦੇਸ਼ ਵਿਚ ਖ਼ਰੀਦੀ।
ਕੀ ਭਾਜਪਾ ਅਤੇ ਆਰਐਸਐਸ ਨੂੰ ਨੋਟਬੰਦੀ ਦੇ ਫੈਸਲੇ ਦੀ ਜਾਣਕਾਰੀ ਪਹਿਲਾਂ ਹੀ ਸੀ? ਕੀ ਕਾਰਨ ਹੈ ਕਿ ਭਾਜਪਾ ਅਤੇ ਆਰਐਸਐਸ ਨੇ ਇਨੇ ਸੈਂਕੜੈ ਅਤੇ ਹਜ਼ਾਰਾਂ ਕਰੋੜ ਦੀ ਜਾਇਦਾਦ ਖ਼ਰੀਦੀ ਅਤੇ ਉਸ ਨੂੰ ਜਨਤਕ ਕਰਨ ਤੀ ਇਨਕਾਰ ਕਰ ਦਿਤਾ? ਕੀ ਇਸ ਦੀ ਜਾਂਚ ਨਹੀਂ ਹੋਣੀ ਚਾਹੀਦੀ? ਉਨ੍ਹਾਂ ਦੋਸ਼ ਲਾਇਆ ਕਿ ਨੋਟਬੰਦੀ ਕਾਲੇਧਨ ਨੂੰ ਸਫ਼ੈਦ ਕਰਨ ਦਾ ਘੋਟਾਲਾ ਸੀ। (ਪੀਟੀਆਈ)