ਤਾਜ ਮਹੱਲ ਯਾਤਰਾ : ਮਿੱਠੇ ਅਤੇ ਕੌੜੇ ਤਜਰਬੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਲ ਆਗਰੇ ਦੇ ਤਾਜ ਮਹੱਲ ਦੀ ਇਹ ਭਾਵੇਂ ਮੇਰੀ ਦੂਜੀ ਯਾਤਰਾ ਸੀ ਪਰ 15-20 ਸਾਲ ਪਹਿਲਾਂ ਕੀਤੀ ਯਾਤਰਾ ਦੀਆਂ ਯਾਦਾਂ ਧੁੰਦਲੀਆਂ ਪੈ ...

Taj Mahal

ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਲ ਆਗਰੇ ਦੇ ਤਾਜ ਮਹੱਲ ਦੀ ਇਹ ਭਾਵੇਂ ਮੇਰੀ ਦੂਜੀ ਯਾਤਰਾ ਸੀ ਪਰ 15-20 ਸਾਲ ਪਹਿਲਾਂ ਕੀਤੀ ਯਾਤਰਾ ਦੀਆਂ ਯਾਦਾਂ ਧੁੰਦਲੀਆਂ ਪੈ ਗਈਆਂ ਸਨ। ਇਹ ਯਾਤਰਾ 29 ਤੋਂ 31 ਅਕਤੂਬਰ ਦੀ ਸੀ। ਇਸ ਯਾਤਰਾ ਨੂੰ ਅਸੀ ਵਿਦਿਅਕ ਟੂਰ ਦਾ ਨਾਮ ਦਿਤਾ ਅਤੇ ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-20 ਬੀ ਚੰਡੀਗੜ੍ਹ ਤੋਂ ਦੋ ਬਸਾਂ ਵਿਚ ਸਵਾਰ 100 ਦੇ ਕਰੀਬ ਵਿਦਿਆਰਥਣਾਂ, 7 ਅਧਿਆਪਕ ਅਤੇ ਰੋਟੀ ਬਣਾਉਣ ਵਾਲੇ ਅਮਲੇ ਦੇ ਮੈਂਬਰ 29 ਅਕਤੂਬਰ ਨੂੰ ਸਵੇਰੇ 7.30 ਕੁ ਵਜੇ ਚੰਡੀਗੜ੍ਹ ਤੋਂ ਰਵਾਨਾ ਹੋਏ।

ਹਾਲੇ ਜ਼ੀਰਕਪੁਰ ਹੀ ਪੁੱਜੇ ਸਨ ਕਿ ਇਕ ਕੁੜੀ ਦਾ ਹੈਂਡ ਬੈੱਗ ਬੱਸ ਤੋਂ ਡਿਗ ਪਿਆ। ਉਸ ਕੁੜੀ ਨੇ ਕਈ ਕਿਲੋਮੀਟਰ ਬਾਅਦ ਰੌਲਾ ਪਾਇਆ। ਬੱਸ ਦਾ ਕੰਡਕਟਰ ਬੈੱਗ ਵੇਖਣ ਲਈ ਭਜਿਆ, ਮਗਰੋਂ ਦੋ ਕੁੜੀਆਂ, ਲਗਭਗ ਅੱਧੇ ਘੰਟੇ ਮਗਰੋਂ ਇਹ ਤਿੰਨੋ ਬੈੱਗ ਲੈ ਕੇ ਵਾਪਸ ਆਏ। ਦਿੱਲੀ ਤਕ ਗੱਡੀਆਂ ਰਫ਼ਤਾਰ ਨਾਲ ਚਲਦੀਆਂ ਗਈਆਂ। ਪਰ ਦਿੱਲੀ ਪਾਰ ਕਰਦਿਆਂ 2 ਤੋਂ 3 ਘੰਟੇ ਲਗ ਗਏ। ਫਿਰ ਨਿਓਡਾ ਗਰੇਟਰ ਪਾਰ ਕਰ ਕੇ ਯਮਨਾ ਐਕਸਪ੍ਰੈੱਸ ਸੜਕ 'ਤੇ ਚੜ੍ਹ ਗਏ। ਇਹ ਸੜਕ ਆਗਰੇ ਤਕ ਬਣੀ ਹੋਈ ਹੈ। ਇਹ ਯੂ.ਪੀ. ਸਰਕਾਰ ਦਾ ਯਾਦਗਾਰੀ ਅਤੇ ਕਾਬਲੇਤਾਰਫ਼ੀ ਪ੍ਰਾਜੈਕਟ ਹੈ।

ਸੜਕ ਤੇ ਕੋਈ ਜਾਮ ਨਹੀਂ ਲਗਦਾ, ਕੋਈ ਬੱਤੀਆਂ ਦੀ ਰੁਕਾਵਟ ਨਹੀਂ, ਸੜਕ ਦੇ ਦੂਰ ਦੂਰ ਤਕ ਕੋਈ ਦੁਕਾਨ ਜਾਂ ਮਕਾਨ ਨਹੀਂ, ਕੋਈ ਪੁਲਿਸ ਦਾ ਦਖ਼ਲ ਨਹੀਂ, ਇਨਾ ਹੀ ਨਹੀਂ ਸੜਕ ਦੇ ਦੋਵੇਂ ਪਾਸੇ ਤਾਰ ਲਾ ਕੇ ਪਾਸਿਉਂ ਦਖ਼ਲ ਹੋਣ ਦੀ ਗੁੰਜਾਇਸ਼ ਵੀ ਖ਼ਤਮ ਕੀਤੀ ਹੋਈ ਹੈ। ਲਗਭਗ 350 ਕਿ.ਮੀ. ਲੰਮੀ ਸੜਕ ਤੇ 2 ਟੋਲ ਪਲਾਜ਼ਾ ਹਨ ਜਿਥੇ ਰੁਕਣਾ ਪੈਂਦਾ ਹੈ। ਸੜਕ ਦੀ ਦੇਖਭਾਲ ਲਈ ਮਜ਼ਦੂਰ, ਕਾਰੀਗਰ ਹਰ ਸਮੇਂ ਲੱਗੇ ਰਹਿੰਦੇ ਹਨ। ਆਵਾਜਾਈ ਬਹੁਤ ਘੱਟ ਹੈ, ਵੱਡੀਆਂ ਕਾਰਾਂ ਵਾਲੇ 100-150 ਦੀ ਸਪੀਡ ਤੇ ਜਾਂਦੇ ਹਨ ਪਰ ਸਾਡੀ ਬਸਾਂ ਦੇ ਡਰਾਈਵਰ 75-80 ਕਿ.ਮੀ. ਦੀ ਸਪੀਡ 'ਤੇ ਚਲਦੇ ਰਹੇ।

ਫਿਰ ਵੀ ਸਪੀਡ ਘੱਟ ਲਗਦੀ ਸੀ। ਦਿੱਲੀ ਤੋਂ ਆਗਰੇ ਤਕ ਦਾ ਟੋਲ ਕਿਰਆਇਆ 1050 ਰੁਪਏ ਹੈ। ਸ਼ਾਇਦ ਇਸੇ ਕਰ ਕੇ ਆਮ ਗੱਡੀਆਂ ਵਾਲੇ ਇਸ ਐਕਸਪ੍ਰੈੱਸ ਸੜਕ ਦਾ ਨਜ਼ਰਾ ਲੈਣ ਤੋਂ ਗੁਰੇਜ਼ ਕਰਦੇ ਹੋਣ। ਦਿਲਚਸਪ ਗੱਲ ਇਹ ਜਾਣਨ ਨੂੰ ਮਿਲੀ ਕਿ ਪੈਦਲ ਯਾਤਰੀਆਂ ਨੂੰ ਇਸ ਸੜਕ ਤੇ ਚਲਣ ਦੀ ਇਜਾਜ਼ਤ ਨਹੀਂ; ਬਕਾਇਦਾ ਬੋਰਡ ਲੱਗਾ ਹੈ। ਖ਼ੈਰ ਗੱਲ ਹੋ ਰਹੀ ਸੀ ਯਾਤਰਾ ਦੀ, ਸਾਡਾ ਪਹਿਲਾ ਪੜਾਅ 'ਬਿੰਦਰਾਵਨ' ਦਾ ਸੀ ਜਿਥੇ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਜੀ ਨੇ ਬਾਲ ਅਵਸਥਾ ਵਿਚ ਅਪਣਾ ਜੀਵਨ ਗੁਜਾਰਿਆ। ਫਿਰ ਗੋਪੀਆਂ ਨਾਲ ਰਾਸ ਲੀਲਾ ਕੀਤੀ।

ਰਾਧਾ ਨਾਲ ਮੇਲ ਮਿਲਾਪ ਵੀ ਇਥੇ ਹੀ ਹੋਇਆ। ਦਸਿਆ ਜਾਂਦਾ ਹੈ ਕਿ ਗਵਰਧਨ ਪਰਬਤ ਵੀ ਇਸੇ ਖੇਤਰ ਵਿਚ ਪੈਂਦਾ ਹੈ। ਅਸੀ ਸਾਮੀਂ 6.30 ਕੁ ਵਜੇ ਰਮਨ-ਵਾਟਿਕਾ ਨਾਮਕ ਧਰਮਸ਼ਾਲਾ ਵਿਚ ਵਿਸ਼ਰਾਮ ਕੀਤਾ। ਸਫ਼ਾਈ ਪੱਖੋਂ ਇਹ ਸਥਾਨ ਕਾਫ਼ੀ ਤਰਸਯੋਗ ਸਥਿਤੀ ਵਿਚ ਹੈ। ਵੱਡੇ ਵੱਡੇ ਹੋਟਲ ਜ਼ਰੂਰ ਬਣ ਗਏ ਹਨ ਪਰ ਕਸਬੇ ਦੀਆਂ ਸੜਕਾਂ ਅਤੇ ਬਾਜ਼ਾਰ ਵੇਖ ਕੇ ਤਰਸ ਆਉਂਦਾ ਹੈ। ਲੋਕ ਯੂ.ਪੀ. ਸਰਕਾਰ ਨੂੰ ਤਾਂ ਦੋਸ਼ ਦਿੰਦੇ ਹਨ ਪਰ ਸੁਧਾਰ ਲਈ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ। ਬਾਂਕੇ ਬਿਹਾਰੀ ਦਾ ਮੰਦਰ ਪ੍ਰਸਿੱਧ ਹੈ, ਬਹੁਤੇ ਟੂਰ ਗਾਈਡ ਤੁਹਾਨੂੰ ਮਿਸਗਾਈਡ  ਹੀ ਕਰਦੇ ਹਨ।

ਸਾਨੂੰ ਇਸ ਦਾ ਤਜਰਬਾ ਵੀ ਹੋਇਆ। ਖ਼ੈਰ ਸਾਡੀ ਅਗਲੀ ਮੰਜ਼ਿਲ ਸੀ, ਮਥੁਰਾ ਦਾ ਮੰਦਰਾ ਜਿਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ। ਮੰਦਰ ਅੰਦਰ ਕੋਈ ਵੀ ਇਲੈਕਟਰੋਨਿਕ ਚੀਜ਼ ਲਿਜਾਣ ਦੀ ਮਨਾਹੀ ਹੈ। ਨੀਮ-ਫ਼ੌਜੀ ਦਸਤੇ ਮੰਦਰ ਦੀ ਨਿਗਰਾਨੀ ਕਰਦੇ ਹਨ। ਚੱਪੇ-ਚੱਪੇ ਤੇ ਪੁਲਿਸ ਦਸਤੇ ਹਨ, ਇਕ ਘੰਟੇ ਦੇ ਪੜਾਅ ਮਗਰੋਂ ਅਸੀ ਫ਼ਤਿਹਪੁਰ ਸਿੱਕਰੀ ਲਈ ਚਾਲੇ ਪਾ ਦਿਤੇ। ਇਹ ਸਥਾਨ ਆਗਰਾ-ਜੈਪੁਰ ਹਾਈਵੇ ਤੇ ਆਗਰੇ ਤੋਂ 40 ਕਿ.ਮੀ. ਦੀ ਦੂਰ 'ਤੇ ਹੈ। ਅਸੀ ਪਾਰਕਿੰਗ ਵਿਚ ਬਸਾਂ ਖੜੀਆਂ ਕਰ ਕੇ ਕੁੱਕ ਪਾਰਟੀ ਨੂੰ ਰੋਟੀ ਬਦਾਉਣ ਲਈ ਕਹਿ ਕੇ ਪੈਦਲ ਹੀ ਚਲ ਪਏ।

ਕੁੱਝ ਮੈਡਮਾਂ ਅਤੇ ਬੱਚੇ ਕਹਿਣ ਲੱਗੇ ਕਿ ਤੁਰਨਾ ਔਖਾ ਹੈ, ਕੋਈ ਸਵਾਰੀ ਕਰ ਲਉ, ਉਥੇ ਆਗਰਾ ਵਿਕਾਸ ਅਥਾਰਟੀ ਦੀਆਂ ਬਸਾਂ ਚਲਦੀਆਂ ਹਨ, ਜੋ ਹਰ 5 ਮਿੰਟ ਬਾਅਦ ਫ਼ਤਿਹਪੁਰ ਸਿਕਰੀ ਤਕ ਲੈ ਜਾਂਦੀਆਂ ਹਨ। ਕਿਰਾਇਆ 5 ਰੁਪਏ ਹੈ, ਪਰ ਜਦ ਤਕ ਇਨ੍ਹਾਂ ਬਸਾਂ ਦਾ ਸਲਾਹ ਪੱਕੀ ਹੋਈ ਅਸੀ ਅੱਧਾ ਪੈਂਡਾ ਪੈਦਲ ਕਰ ਲਿਆ ਸੀ ਫਿਰ ਸਸਾਂ ਵਾਲਿਆਂ ਨੇ ਖ਼ੁਦ ਹੀ ਸਲਾਹ ਦੇ ਦਿਤੀ ਕਿ ਵਾਪਸੀ ਤੇ ਵੇਖ ਲਿਉ, ਅਸੀ ਬਸਾਂ ਵਾਲਿਆਂ ਤੋਂ ਤਾਂ ਖਹਿੜਾ ਛੁੜਾ ਲਿਆ, ਫਿਰ ਜੁੱਤੀਆਂ ਰੱਖਣ ਦੀ ਮੁਸੀਬਤ ਆਣ ਖੜੀ ਹੋਈ।

ਗਾਈਡ ਕਹਿਣ ਲੱਗੇ ਕਿ ਹਰ ਜੋੜੇ ਦੇ ਦੋ ਰੁਪਏ, ਅਸੀ ਤਾਂ ਗੁਰਦਵਾਰਿਆਂ ਵਿਚ ਜੋੜਿਆਂ ਨੂੰ ਸੰਭਾਲਣ ਨੂੰ ਸੇਵਾ ਵਿਚ ਗਿਣਤੇ ਹਾਂ, ਸਗੋਂ ਕਈ ਗੁਰਦਵਾਰਿਆਂ ਵਿਚ ਤਾਂ ਜੋੜੇ ਪਾਲਸ ਕਰ ਦਿਤੇ ਜਾਂਦੇ ਹਨ, ਸੋ ਪੈਸੇ ਦੇ ਕੇ ਜੋੜੇ ਰਖਣਾ ਸਾਨੂੰ ਮੰਜੂਰ ਨਹੀਂ ਸੀ। ਅਖ਼ੀਰ ਫ਼ੈਸਲਾ ਹੋਇਆ ਕਿ ਪ੍ਰਤੀ ਗਾਈਡ ਜੋ 100 ਰੁਪਏ ਦੇਣੇ ਕੀਤੇ ਸਨ ਉਸੇ ਵਿਚ ਜੋੜੇ ਸੰਭਾਲਣ ਦੀ ਜ਼ਿੰਮੇਵਾਰੀ ਸ਼ਾਮਲ ਕਰਵਾ ਲਈ, ਫਿਰ ਅੰਦਰ ਬੁਲੰਦ ਦਰਵਾਜ਼ਾ ਵੇਖਣ ਲਈ ਅੱਗੇ ਵੱਧੇ ਤਾਂ ਗਾਈਡ ਦਾ ਫ਼ੋਟੋਗ੍ਰਾਫ਼ਰ ਦੋਸਤ ਆ ਗਿਆ। ਅਖੇ ਪੂਰੇ ਗਰੁੱਪ ਦੀ ਇਕ ਕਾਪੀ ਮੁਫ਼ਤ ਅਤੇ ਕੁੜੀਆਂ ਦੀਆਂ ਵਿਅਕਤੀਗਤ ਫ਼ੋਟੋਆਂ ਦੀ 30 ਰੁਪਏ ਕਾਪੀ, ਅਸੀ ਵੀ ਹਾਮੀ ਭਰ ਦਿਤੀ।

ਫਿਰ ਸਮੱਸਿਆ ਇਹ ਆਈ ਕਿ ਅਸੀ ਦੋ ਗਾਈਡ ਤਾਂ ਕਰ ਲਏ ਇਕ ਤਾਂ ਫਿਰ ਵੀ ਠੀਕ ਸੀ, ਉਹ ਜਾਣਕਾਰੀ ਦੇਣ ਤੋਂ ਬਾਅਦ ਇਕ ਸ਼ੇਅਰ ਬੋਲਦਾ ਸੀ, ਜਿਸ ਤੇ ਖ਼ੂਬ ਤਾੜੀਆਂ ਵਜਦੀਆਂ ਸਨ। ਦੂਜਾ ਗਾਈਡ ਤਾਂ ਬਸ ਨਾਮ ਦਾ ਹੀ ਸੀ, ਉਸ ਦੀ ਆਵਾਜ਼ ਹੀ ਨਹੀਂ ਸੀ ਨਿਕਲਦੀ। ਉਹ ਤਾਂ ਜੋੜੇ ਸੰਭਾਲਣ ਜੋਗਾ ਹੀ ਸੀ। ਉਂਜ 100 ਰੁਪਏ ਦੀ ਆਸ ਵਿਚ ਉਹ ਨਾਲ ਨਾਲ ਚਲਦਾ ਜ਼ਰੂਰ ਰਿਹਾ ਪਰ ਮੈਂ ਉਸ ਨੂੰ ਸਪੱਸ਼ਟ ਕਰ ਦਿਤਾ ਕਿ ਤੈਨੂੰ 100 ਰੁਪਏ ਕੋਈ ਨਹੀਂ ਮਿਲਣੇ, ਉਹ ਹਾਲੇ ਵੀ ਆਸ ਲਾਈ ਬੈਠਾ ਸੀ ਪਰ ਉਸ ਦੀ ਆਵਾਜ਼ ਹੋਰ ਮੱਧਮ ਹੁੰਦੀ ਗਈ ਅਤੇ ਅਖ਼ੀਰ ਉਹ ਕਿਧਰੇ ਅਲੋਪ ਹੀ ਹੋ ਗਿਆ,

ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਗਾਈਡ ਦਾ ਪੇਸ਼ਾ ਤਾਂ ਬਹੁਤ ਅਹਿਮ ਹੈ ਅਤੇ ਲਾਹੇਵੰਦ ਵੀ ਪਰ ਕਮਿਸ਼ਨ ਦੇ ਚੱਕਰ ਵਿਚ ਗਾਈਡ ਬਦਨਾਮ ਹੋ ਰਹੇ ਹਨ। ਵਿਦੇਸ਼ੀ ਸੈਲਾਨੀਆਂ ਨੂੰ ਖ਼ੂਬ ਲੁੱਟਦੇ ਹਨ। ਦੂਜੇ ਗਾਈਡ ਨੇ ਦਸਿਆ ਕਿ ਬੁਲੰਦ ਦਰਵਾਜ਼ੇ ਦੀ ਉਚਾਈ 176 ਫੁੱਟ ਦੇ ਕਰੀਬ ਹੈ ਅਤੇ ਇਸ ਤਕ ਪੁੱਜਣ ਲਈ 52 ਪੌੜੀਆਂ ਚੜਣੀਆਂ ਪੈਂਦੀਆਂ ਹਨ। ਗਾਈਡ ਹੀ ਨਹੀਂ ਦੂਜੇ ਦੁਕਾਨਦਾਰ, ਫ਼ੋਟੋਗ੍ਰਾਫ਼ਰ ਆਮ ਸੈਲਾਨੀਆਂ ਨੂੰ ਲੁੱਟਣ ਦੀ ਤਾਕ ਵਿਚ ਹੀ ਰਹਿੰਦੇ ਹਨ। ਉਸ ਫ਼ੋਟੋਗ੍ਰਾਫ਼ਰ ਨੇ ਸਾਡੇ ਗਰੁੱਪ ਦੀ ਫ਼ੋਟੋ ਤਾਂ ਖਿੱਚ ਲਈ ਅਤੇ ਫਿਰ ਆਰਡਰ ਲੈਣ ਲਈ ਮੇਰੇ ਕੋਲ ਆ ਗਿਆ।

ਮੈਂ ਉਸ ਤੋਂ ਗਰੁੱਪ ਦੀ ਇਕ ਕਾਪੀ ਮੰਗੀ ਜੋ ਉਸ ਨੇ ਮੁਫ਼ਤ ਦੇਣ ਦਾ ਵਾਅਦਾ ਕੀਤਾ, ਉਹ ਮੁਕਰ ਗਿਆ,ਅਖੇ ਪਹਿਲਾਂ ਫ਼ੋਟੋਆਂ ਦਾ ਆਰਡਰ ਦਿਉ। ਮੈਂ ਕਿਹਾ ਕਿ ਫ਼ੋਟੋ ਵੇਖ ਕੇ ਹੀ ਆਰਡਰ ਸੰਭਵ ਹੈ, ਅਖ਼ੀਰ ਉਸ ਨੇ ਕੁੱਝ ਫ਼ੋਟੋਆਂ ਬਣਾ ਕੇ ਸਿੱਧੀਆਂ ਕੁੜੀਆਂ ਕੋਲ ਵੇਚਣੀਆਂ ਸ਼ੁਰੂ ਕਰ ਦਿਤੀਆਂ। ਉਹ ਸਾਡੀ ਵਾਟ ਖੋਟੀ ਕਰ ਰਿਹਾ ਸੀ, ਸਾਡਾ ਗਾਈਡ ਵੀ ਉਸ ਦੀ ਪੂਰੀ ਮਦਦ ਕਰ ਰਿਹਾ ਸੀ। ਉਸ ਨੇ ਅ²ਖੀਰ ਤਕ 50-60 ਫ਼ੋਟੋਆਂ ਵੇਚ ਕੇ 1000-1500 ਰੁਪਏ ਤਾਂ ਕਮਾ ਲਏ ਪਰ ਮੁਫ਼ਤ ਫ਼ੋਟੋ ਵਾਲਾ ਵਾਅਦਾ ਪੂਰਾ ਨਾ ਕਰ ਸਕਿਆ ਅਤੇ ਉਹ ਗਾਈਡ ਵੀ ਸਾਥੋ 200 ਰੁਪਏ ਲੈ ਗਿਆ।

ਉਥੇ ਇਕ ਪਾਣੀ ਵਾਲਾ ਬਾਬਾ ਟਕਰਿਆ ਜਿਸ ਨੇ ਸਾਨੂੰ ਪਾਣੀ ਪਿਲਾਇਆ ਅਤੇ ਉਸ ਨੂੰ ਮੈਂ ਬਖਸਿਸ ਵਜੋਂ 100 ਰੁਪਏ ਦੇ ਦਿਤੇ। ਜਦੋਂ ਮੈਂ ਉਸ ਨੂੰ ਦਸਿਆ ਕਿ ਬਸਾਂ ਦੀ ਪਾਰਕਿੰਗ ਵਿਚ ਅਸੀ ਰੋਟੀ ਖਾਣੀ ਹੈ ਤਾਂ ਉਸ ਨੇ ਝੱਟ ਪਾਣੀ ਪਿਲਾਉਣ ਦੀ ਪੇਸ਼ਕਸ਼ ਕਰ ਦਿਤੀ। ਉਸ ਦਾ ਪਾਣੀ ਭਾਵੇਂ ਥੋੜਾ ਨਮਕੀਨ ਸੀ ਪਰ ਮਟਕੇ ਦਾ ਹੋਣ ਕਰ ਕੇ ਅਸੀ ਉਸ ਨੂੰ ਹਾਮੀ ਭਰ ਦਿਤੀ। ਉਹ ਇਕ ਕਿ.ਮੀ. ਦਾ ਸਫ਼ਰ 10 ਕੁ ਮਿੰਟਾਂ ਵਿਚ ਤੈਅ ਕਰ ਕੇ ਦੋ ਮਟਕੇ ਮੋਢਿਆਂ ਤੇ ਲੈ ਆਇਆ, ਭਾਵੇਂ ਸਾਡੇ ਕੋਲ ਬੋਤਲਾਂ ਵਾਲਾ ਪਾਣੀ ਵੀ ਸੀ ਪਰ ਉਹ ਅਸੀ ਅਗਲੇ ਸਫ਼ਲ ਲਈ ਸਾਂਭ ਦੇ ਰੱਖ ਲਿਆ, ਉਥੇ ਬਾਬੇ ਦੇ ਮਟਕੇ ਵਾਲਾ ਪਾਣੀ ਹੀ ਚਲਿਆ।

ਮੈਂ ਬਾਬੇ ਨੂੰ ਫਿਰ 100 ਦਾ ਨੋਟ ਫੜਾਉਣ ਲੱਗਾ, ਫਿਰ ਬਾਬਾ ਬੋਲ ਪਿਆ ਕਿ ਮੈਂ ਤੁਹਾਡੇ ਵਰਗੇ ਸਰਦਾਰਾਂ ਦਾ ਦਿਤਾ ਖਾਂਦਾ ਹਾਂ, ਪਿਛਲੇ 40-50 ਸਾਲਾਂ ਤੋਂ ਇਥੇ ਪਾਣੀ ਦੀ ਮੁਫ਼ਤ ਸੇਵਾ ਕਰਦਾ ਹਾਂ। ਮੈਂ 100 ਦਾ ਇਕ ਹੋਰ ਨੋਟ ਭੇਟ ਕਰ ਕੇ ਉਸ ਦੀ ਤਲੀ ਤੇ ਰੱਖ ਦਿਤਾ, ਉਹ ਜਾਂਦਾ ਹੋਇਆ ਦਾਲ-ਚਾਵਲ ਵਾਲਾ ਬਚਿਆ ਖਾਣਾ ਲਿਫ਼ਾਫ਼ਿਆਂ 'ਚ ਪਾ ਕੇ ਵਾਪਸ ਫ਼ਤਿਹਪੁਰ ਸਿਕਰੀ ਨੂੰ ਚਾਲੇ ਪਾ ਗਿਆ। ਬੱਚਿਆਂ ਨੂੰ ਉਤਸੁਕਤਾ ਸੀ ਤਾਜ ਮਹੱਲ ਦੀ ਅਤੇ ਉਹ ਵਾਰੋ-ਵਾਰੀ ਇਹੀ ਪੁੱਛ ਰਹੇ ਸਨ, ਪਰ ਅਸੀ ਇਹ ਸਸਪੈਂਸ ਰਖਿਆ ਹੋਇਆ ਸੀ।

ਅਸੀ ਫ਼ਤਿਹਪੁਰ ਸਿਕਰੀ ਦੀ ਯਾਤਰਾ ਕਰ ਕੇ ਲੇਟ ਹੋ ਗਏ ਅਤੇ ਤੈਅ ਹੋਇਆ ਕਿ ਤਾਜ ਮਹੱਲ ਆਖ਼ਰੀ ਦਿਨ ਵੇਖਿਆ ਜਾਵੇ। ਅਸੀ ਦੂਜੇ ਦਿਨ ਦੀ ਰਾਤ ਆਗਰਾ ਦੇ ਗੁਰਦਵਾਰਾ ਸਾਹਿਬ ਗੁਰੂ ਕੀ ਤਾਲ ਵਿਖੇ ਰੈਣ ਬਸੇਰਾ ਕੀਤਾ। ਇਹ ਇਤਿਹਾਸਕ ਗੁਰਵਾਰਾ ਹੈ, ਇਥੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕੰਵਲ ਪਏ ਹਨ। ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਦਾਖ਼ਲ ਹੁੰਦਿਆਂ ਹੀ ਅਜੀਬ ਸ਼ਾਂਤੀ ਮਹਿਸੂਸ ਹੋਈ।

ਇਸ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਬਾਬਾ ਸਾਧੂ ਸਿੰਘ ਜੀ ਮੋਨੀ ਦੇ ਸੇਵਕ ਜਥੇ ਵਲੋਂ ਚਲਾਇਆ ਜਾ ਰਿਹਾ ਹੈ। ਚਾਹ ਅਤੇ ਰੋਟੀ ਦਾ ਲੰਗਰ 24 ਘੰਟੇ ਚਲਦਾ ਹੈ। ਆਮ ਲੋਕਾਂ ਲਈ ਮੁਫ਼ਤ ਹਾਲ ਕਮਰੇ ਹਨ ਜਦਕਿ ਭੁਗਤਾਨ ਕਰ ਕੇ ਵੀ ਚੰਗੇ ਕਮਰੇ ਉਪਲਬਧ ਹਨ। ਸਫ਼ਾਈ ਦਾ ਪ੍ਰਬੰਧ ਕਾਬਲੇਤਾਰੀਫ਼ ਲਗਿਆ, ਸਵੇਰੇ ਜਲਦੀ ਉਠ ਕੇ ਅਸੀ ਤਾਜ ਮਹੱਲ ਲਈ ਚਾਲੇ ਪਾ ਦਿਤੇ ਸਾਰਿਆਂ ਦੀ ਉਤਸੁਕਤਾ ਵਧ ਰਹੀ ਸੀ ਕਿਉਂਕਿ ਸਾਰੇ ਬੱਚੇ ਪਹਿਲੀ ਵਾਰ ਇਸ ਅਜੂਬੇ ਨੂੰ ਵੇਖ ਰਹੇ ਸਨ ਜੋ ਕਾਫ਼ੀ ਲੋਕਾਂ ਦਾ ਸੁਪਨਾ ਹੁੰਦੀ ਹੈ ਅਤੇ ਪੂਰਾ ਘੱਟ ਲੋਕਾਂ ਦਾ ਹੀ ਹੁੰਦਾ ਐ।

Related Stories