ਲੰਮੇ ਹੱਥ (ਭਾਗ 10)

ਸਪੋਕਸਮੈਨ ਸਮਾਚਾਰ ਸੇਵਾ

ਮੀਆਂ ਸਾਹਕਾ ਦਾਦ ਲੈ ਕੇ ਹੋਰ ਸਵਾਹਰਾ ਹੋ ਗਿਆ ਤੇ ਉਸ ਨੇ ਬਿਲੌਰ ਦੇ ਗਲਾਸ ਵਿਚੋਂ ਪਾਣੀ ਦਾ ਘੁੱਟ ਭਰ ਕੇ ਆਖਿਆ, ''ਅਸੀ ਦੂਰ ਕਾਹਨੂੰ ਜਾਈਏ, ਇਹ ਮਸੀਤ ਦੇ ਗੁਆਂਢ ਗੁਰ...

Amin Malik

ਮੀਆਂ ਸਾਹਕਾ ਦਾਦ ਲੈ ਕੇ ਹੋਰ ਸਵਾਹਰਾ ਹੋ ਗਿਆ ਤੇ ਉਸ ਨੇ ਬਿਲੌਰ ਦੇ ਗਲਾਸ ਵਿਚੋਂ ਪਾਣੀ ਦਾ ਘੁੱਟ ਭਰ ਕੇ ਆਖਿਆ, ''ਅਸੀ ਦੂਰ ਕਾਹਨੂੰ ਜਾਈਏ, ਇਹ ਮਸੀਤ ਦੇ ਗੁਆਂਢ ਗੁਰਦਵਾਰੇ ਵਿਚ ਹੀ ਵੇਖ ਲਵੋ ਅੱਜ ਕੀ ਚੰਨ ਚੜ੍ਹਇਆ ਜਾ ਰਿਹੈ। ਸਾਡੀਆਂ ਮੁਟਿਆਰ ਧੀਆਂ-ਭੈਣਾਂ ਇਲਮ ਨੂੰ ਛੱਡ ਕੇ ਗੁਰਦਵਾਰੇ ਵਲ ਟੁਰ ਪਈਆਂ ਨੇ। ਸੁਣਿਐ ਉਥੇ ਅੱਜਕਲ੍ਹ ਅੰਗਰੇਜ਼ੀ ਦੀ ਪੜ੍ਹਈ ਵੀ ਚਾਲੂ ਹੋ ਗਈ ਏ। ਤੁਸੀ ਕਿਉਂ ਭੁੱਲ ਗਏ ਓ ਮੁਸਲਮਾਨੋ, ਇਹ ਕਾਫ਼ਰਾਂ ਦੀ ਬੋਲੀ ਏ ਤੇ ਇਸ ਦਾ ਇਕ ਸ਼ਬਦ ਵੀ ਬੋਲ ਦਈਏ ਤਾਂ ਸੱਤ ਦਹਾਕੇ ਜੀਭ ਪਲੀਤ ਰਹਿੰਦੀ ਏ।

ਇਹ ਬੋਲਣ ਪਿਛੋਂ ਸੱਤਰ ਵੇਰਾਂ ਅੱਸਤਗਫ਼ਾਰ ਪੜ੍ਹਨਾ ਪੈਂਦੈ ਤੇ ਨਾਲੇ ਸਾਡੇ ਬਾਲ ਮਸੀਤ ਦੀ ਬਰਕਤ ਤੋਂ ਵਾਂਝੇ ਹੋ ਗਏ ਨੇ। ਉਹ ਗੁਰਦਵਾਰੇ ਵਿਚ ਅੱਜਕਲ੍ਹ ਪਤਾ ਨਹੀਂ ਕੀ ਗੰਦ-ਮੰਦ ਪੜ੍ਹਦੇ ਨੇ। ਜਿਹੜੀ ਬੀਬੀ ਨੁਸਰਤ ਉਥੇ ਪੁੱਠੀ-ਸਿੱਧੀ ਤਾਲੀਮ ਦੇ ਰਹੀ ਏ ਉਹ ਹਰ ਬੰਦੇ ਨੂੰ ਨੰਗੇ ਸਿਰ ਤੇ ਨੰਗੇ ਮੂੰਹ ਮਿਲਦੀ-ਜੁਲਦੀ ਏ। ਸਾਰੇ ਪਿੰਡ ਦੀਆਂ ਧੀਆਂ-ਭੈਣਾਂ ਤੇ ਬਾਲਾਂ ਨੂੰ ਬਚਾਣ ਦੀ ਬੜੀ ਡਾਢੀ ਲੋੜ ਹੈ।'' ਰੰਗੂ ਦੇ ਇਕ ਹੋਰ ਕਾਮੇ ਨੇ ਜ਼ੋਰ ਨਾਲ ਨਾਹਰਾ-ਏ-ਤਕਬੀਰ ਆਖਿਆ ਤੇ ਦੂਜਿਆਂ ਲੋਕਾਂ ਨੇ ਵੀ ਸਾਥ ਦਿਤਾ।

ਜੁੰਮਾ ਮੁਕਿਆ ਤਾਂ ਮਸੀਤ ਤੋਂ ਬਾਹਰ ਬੰਦਿਆਂ ਦੀਆਂ ਵਖਰੀਆਂ ਵਖਰੀਆਂ ਢਾਣੀਆਂ ਵਖਰੇ ਵਖਰੇ ਸਿੱਟੇ ਕੱਢਣ ਲੱਗ ਪਈਆਂ। ਮੌਲਵੀ ਸਾਹਕੇ ਦੀ ਬਣਾਈ ਤਕੜੀ ਦੇ ਛਾਬਿਆਂ ਵਿਚ ਕਦੀ ਮੌਲਵੀ ਭਾਰਾ ਹੋ ਜਾਂਦਾ ਤੇ ਕਦੀ ਨੁਸਰਤ ਵਾਲਾ ਪਾਸਾ ਉਲੇਰ ਹੁੰਦਾ। ਪਿੰਡ ਦਿਆਂ ਬੰਦਿਆਂ ਨੂੰ ਮੀਏਂ ਸਾਹਕੇ ਨੇ ਜੱਕੋ ਤੱਕੇ ਜਿਹੇ ਵਿਚ ਪਾ ਛਡਿਆ। ਕਈਆਂ ਨੇ ਜ਼ੈਲਦਾਰ ਰਹਿਮਤ ਤੇ ਲੰਬੜਾਂ ਦੀ ਚੜ੍ਹ-ਖਤੀ ਆਖਿਆ ਤੇ ਕਿਸੇ ਨੂੰ ਹਸ਼ਰ ਦੇ ਦਿਹਾੜੇ ਸਵਾ ਨੇਜ਼ੇ ਤੇ ਸੂਰਜ ਨਾਲ ਸੜ ਕੇ ਤਾਂਬੇ ਵਰਗੀ ਧਰਤੀ ਦਾ ਸੇਕ ਲੱਗਣ ਲੱਗ ਪਿਆ। ਅਜੇ ਦੋ ਹੀ ਦਿਹਾੜੇ ਲੰਘੇ ਸਨ ਕਿ ਸ਼ੇਰੂ ਨੇ ਰੰਗੇ ਨੂੰ ਉਸ਼ਕਲ ਦਿਤੀ।

ਉਹ ਗੁਰਦਵਾਰੇ ਅੱਪੜ ਗਿਆ। ਘੋੜੇ ਤੇ ਚੜ੍ਹ-ਚੜ੍ਹਏ ਰੰਗੂ ਨੇ ਇਕ ਬਾਲ ਨੂੰ ਆਖਿਆ, ''ਅੰਦਰੋਂ ਅਪਣੀ ਮਾਸਟਰਿਆਣੀ ਨੂੰ 'ਵਾਜ ਮਾਰੀਂ ਓ ਨਿੱਕਿਆ।'' ਅਪਣੇ ਸਿਰ ਨੂੰ ਕਜਦੀ ਕਜਦੀ ਨੁਸਰਤ ਬਾਹਰ ਆਈ ਤਾਂ ਰੰਗੂ ਨੇ ਮੁੱਛਾਂ ਤੇ ਹੱਥ ਫੇਰ ਕੇ ਆਖਿਆ, ''ਵੇਖਣ ਨੂੰ ਤਾਂ ਸਾਫ਼-ਸੁਥਰੀ ਲਗਨੀ ਏਂ ਪਰ ਪਿੰਡ ਵਿਚ ਆ ਕੇ ਤੂੰ ਚੰਗਾ ਭਲਾ ਗੰਦ ਪਾ ਛਡਿਐ।'' ਨੁਸਰਤ ਨੇ ਆਖਿਆ, ''ਵੀਰ ਜੀ ਅੱਖਾਂ ਵਿਚ ਮੈਲ ਹੋਵੇ ਤਾਂ ਹਰ ਸ਼ੈਅ ਗੰਦੀ ਲਗਦੀ ਏ। ਮਰਦ ਉਂਜ ਵੀ ਉਹ ਵੀ ਹੁੰਦੇ ਨੇ ਜੋ ਬੁਰਕੇ ਵਿਚ ਭੈਣ ਨੂੰ ਵੀ ਵੇਖ ਕੇ ਬੁੱਲ੍ਹਾਂ ਤੇ ਜੀਭ ਫੇਰਨ ਲੱਗ ਪੈਂਦੇ ਨੇ। ਨਾਲੇ ਜਿਹੜਾ ਘੋੜੇ ਤੇ ਸਵਾਰ ਹੋਵੇ ਉਸ ਨੂੰ ਚੰਗਾ-ਮੰਦਾ ਕਦੋਂ ਦਿਸਦੈ?''

ਰੰਗੂ ਘੋੜੇ ਤੋਂ ਉਤਰ ਆਇਆ। ਆਖਣ ਲੱਗਾ, ''ਮੈਨੂੰ ਲਗਦੈ ਤੇਰੀ ਜੀਭ ਤੇਰੇ ਕੱਦ ਨਾਲੋਂ ਵੀ ਲੰਮੀ ਹੋ ਗਈ ਏ। ਚੇਤਾ ਰੱਖੀਂ ਸਾਡੇ ਹੱਥ ਏਨੇ ਕੁ ਲੰਮੇ ਨੇ ਕਿ ਤੇਰੇ ਤੇ ਤੇਰੇ ਕਾਨੂੰਨ ਦੀ ਸਿਰੀ ਫੇਹ ਸਕਦੇ ਨੇ। ਜਿਹੜੇ ਜ਼ੈਲਦਾਰ ਦੇ ਮੋਢਿਆਂ ਤੇ ਤੂੰ ਚੜ੍ਹ ਫਿਰਨੀ ਏਂ, ਉਹ ਤਾਂ ਵਿਚਾਰਾ ਹੁਣ ਚੱਕਿਉਂ ਲੱਥਾ ਫਿਰਦੈ। ਇਹ ਲੱਛਣ ਤੈਨੂੰ ਮਹਿੰਗੇ ਪੈਣਗੇ। ਜੇ ਪਿੰਡ ਰਹਿਣੈ ਤਾਂ ਸੰਢਿਆਂ ਦੇ ਭੇੜ ਵਿਚ ਨਾ ਵੜ, ਨਾ ਦੇ ਕਿੱਕਰਾਂ ਤੇ ਆਂਡੇ, ਨਾ ਮਾਰ ਠੰਢੇ ਦੁੱਧ ਨੂੰ ਫੂਕਾਂ ਤੇ ਨਾ ਜੱਫੇ ਪਾ ਸ਼ਹਿਤੀਰਾਂ ਨੂੰ। ਵੈਰ ਛੱਡ ਕੇ ਪਿਆਰ ਦੀ ਭਿਆਲੀ ਪਾ ਲਈਏ ਤਾਂ ਪੈਂਡੇ ਸੁਖਾਲੇ ਹੋ ਜਾਂਦੇ ਨੇ।'' (ਸਮਾਪਤ)

ਅਮੀਨ ਮਲਿਕ
-43 ਆਕਲੈਂਡ ਰੋਡ, 
ਲੰਡਨ-ਈ 15-2ਏਐਨ,  
ਫ਼ੋਨ : 0208-519 21 39