ਲੰਮੇ ਹੱਥ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਿਸ ਦਾ ਅੱਗਾ ਪਿੱਛਾ ਮਜ਼ਬੂਤ ਹੋਵੇ, ਸ਼ਬਦ ਵੀ ਉਸ ਦੇ ਅੱਗੇ ਪਿੱਛੇ ਦੌੜਦੇ ਹਨ। ਸਿਰ ਤੇ ਸਾਈਂ ਤੇ ਕੋਠੀ ਵਿਚ ਦਾਣੇ ਹੋਣ ਤਾਂ ਉਹ ਜ਼ਨਾਨੀ ਮਿਸਿਜ਼, ਆਨਸਾ, ਮੁਹਤਰਮਾ, ਬੀਬੀ..

Amin Malik

ਜਿਸ ਦਾ ਅੱਗਾ ਪਿੱਛਾ ਮਜ਼ਬੂਤ ਹੋਵੇ, ਸ਼ਬਦ ਵੀ ਉਸ ਦੇ ਅੱਗੇ ਪਿੱਛੇ ਦੌੜਦੇ ਹਨ। ਸਿਰ ਤੇ ਸਾਈਂ ਤੇ ਕੋਠੀ ਵਿਚ ਦਾਣੇ ਹੋਣ ਤਾਂ ਉਹ ਜ਼ਨਾਨੀ ਮਿਸਿਜ਼, ਆਨਸਾ, ਮੁਹਤਰਮਾ, ਬੀਬੀ ਤੇ ਸ੍ਰੀਮਤੀ ਜੀ ਅਖਵਾਂਦੀ ਹੈ। ਪਰ ਜਦੋਂ ਅੱਗੇ ਪਿੱਛੇ ਕੁੱਝ ਨਾ ਰਹੇ ਤਾਂ ਬਰਕਤ ਬੀਬੀ, ਬਰਕਤੇ ਅਤੇ ਹੌਲੀ ਹੌਲੀ ਬੱਤੋ ਛੀਂਬਣ ਅਖਵਾਣ ਲੱਗ ਪੈਂਦੀ ਹੈ। ਬਰਕਤੇ ਦਾ ਇਕੋ ਇਕ ਪੁੱਤਰ ਸਕੰਦਰ ਸੀ। ਸੁਣਿਆ ਹੈ ਜਦੋਂ ਸ਼ਹਿਰ ਵਿਚ ਇਨ੍ਹਾਂ ਦੀਆਂ ਦੋ-ਤਿੰਨ ਲਾਂਡਰੀਆਂ ਸਨ ਤਾਂ ਬੱਤੋ ਛੀਂਬਣ ਦੇ ਵੱਡੇ-ਵਡੇਰੇ ਛੀਂਬੇ ਨਹੀਂ ਸਨ ਅਖਵਾਉਂਦੇ ਹੁੰਦੇ।

ਇਕ ਹੱਟੀ ਤੇ 'ਰਾਣਾ ਡਰਾਈ ਕਲੀਨਰਜ਼' ਅਤੇ ਦੂਜੀ ਤੇ 'ਰਾਜਪੂਤ ਲਾਂਡਰੀ' ਲਿਖਿਆ ਹੁੰਦਾ ਸੀ। ਪਰ ਜਦੋਂ ਦੌਲਤਾਂ ਧੋਖਾ ਦੇ ਜਾਣ ਤਾਂ ਮਾਣ-ਤਰਾਣ ਟੁੱਟ ਕੇ ਜਾਤਾਂ ਤੇ ਇਜ਼ਤਾਂ ਆਪੇ ਹੀ ਮਿੱਟੀ ਵਿਚ ਰੁਲ ਜਾਂਦੀਆਂ ਹਨ। ਬਰਕਤੇ ਦਾ ਪੁੱਤਰ ਬਹੁਤੇ ਪੈਸੇ ਦਾ ਭਾਰ ਨਾ ਚੁਕ ਸਕਿਆ ਤੇ ਹੌਲਾ ਹੋਣ ਲਈ ਹੌਲੀ ਹੌਲੀ ਮਹਿੰਗੇ ਸ਼ੌਕ ਫ਼ੁਰਮਾਣ ਲੱਗ ਪਿਆ। ਲਾਂਡਰੀ ਤੇ ਲੀੜੇ ਲੈਣ ਆਈ ਇਕ ਜਾਅਲੀ ਬੇਗ਼ਮ ਨੈਨ ਤਾਰਾ ਦੇ ਚੀਕਣੇ ਚਿਹਰੇ ਤੋਂ ਅਜਿਹਾ ਤਿਲਕਿਆ ਕਿ ਫਿਰ ਸਿੱਧਾ ਹੀ ਨਾ ਹੋਇਆ।

ਉਸ ਨੂੰ ਇਹ ਸੁੱਝ ਹੀ ਨਹੀਂ ਸੀ ਪਈ ਕਿ ਬਹੁਤ ਚਿੱਟੇ ਲੀੜੇ ਪਾਉਣ ਵਾਲੀਆਂ ਸਾਰੀਆਂ ਜ਼ਨਾਨੀਆਂ ਅਮੀਰ ਨਹੀਂ ਹੁੰਦੀਆਂ। ਕਈ ਅਮੀਰਾਂ ਦੇ ਲੀੜੇ ਲਾਹੁਣ ਲਈ ਵੀ ਲੀੜੇ ਪਾਂਦੀਆਂ ਨੇ। ਬੇਗ਼ਮ ਨੈਨ ਤਾਰਾ, ਰਾਣਾ ਸਕੰਦਰ ਕੋਲ ਆਉਂਦੀ-ਜਾਂਦੀ ਰਹੀ। ਲੀੜੇ ਧੋਂਦੀ-ਧਵਾਂਦੀ ਰਹੀ ਜਾਂ ਲਾਹੁੰਦੀ-ਲਵਾਹੁੰਦੀ ਰਹੀ ਤੇ ਕਰਦੇ- ਕਰਾਂਦਿਆਂ ਰਾਣਾ ਸਕੰਦਰ ਚਕਿਉਂ ਲੱਥ ਗਿਆ। ਕਾਰੋਬਾਰ ਨੌਕਰਾਂ ਦੇ ਹੱਥ ਫੜਾ ਕੇ ਅਪਣਾ ਹੱਥ ਤੇ ਬੋਝਾ ਨੈਨ ਤਾਰਾ ਨੂੰ ਫੜਾ ਦਿਤਾ।

ਰਾਣਾ ਸਕੰਦਰ ਸਾਹਿਬ ਅਪਣੀਆਂ ਰਾਤਾਂ ਨੂੰ ਨੈਨ ਤਾਰਾ ਨਾਲ ਚਮਕਾਉਣ ਲੱਗ ਪਏ ਤੇ ਲਾਂਡਰੀਆਂ ਦਾ ਚਮਕਦਾ ਹੋਇਆ ਕਾਰੋਬਾਰ ਹਨੇਰਿਆਂ ਵਿਚ ਡੁੱਬਣ ਲੱਗ ਪਿਆ। ਸਕੰਦਰ ਦੀ ਜ਼ਨਾਨੀ ਅਪਣੇ ਪਹਿਲੇ ਬਾਲ ਨੂੰ ਜਨਮ ਦੇਂਦਿਆਂ ਹੀ ਮਰ ਗਈ ਸੀ ਤੇ ਫੁਲ ਵਰਗੀ ਡੇਢ ਸਾਲ ਦੀ ਕੁੜੀ ਨੁਸਰਤ ਪਿੱਛੇ ਛੱਡ ਗਈ ਸੀ, ਜਿਸ ਨੂੰ ਉਸ ਦੀ ਦਾਦੀ ਬਰਕਤੇ ਲਾਡਾਂ ਨਾਲ ਸੀਨੇ ਲਾਈ ਫਿਰਦੀ। ਘਰ ਵਿਚ ਰੋਟੀ, ਬੋਝੇ ਵਿਚ ਪੈਸਾ ਤੇ ਉਮਰ ਦਾ ਘੋੜਾ ਵੀ ਅਜੇ ਹਿਣਕਦਾ ਹੋਵੇ ਤਾਂ ਜ਼ਨਾਨੀ ਦੇ ਮਰਨ ਪਿਛੋਂ ਨਵੇਂ ਵਿਆਹ ਦੀ ਲੰਮੀ ਉਡੀਕ ਕੌਣ ਕਰਦਾ ਹੈ?

ਸਕੰਦਰ ਅੱਗੇ ਹੀ ਬਾਂਹ ਦਾ ਗਾਨਾ ਕਿੱਲੀ ਨਾਲ ਟੰਗੀ ਫਿਰਦਾ ਸੀ ਮਗਰੋਂ ਨੈਨ ਤਾਰਾ ਦਾ ਨਿਸ਼ਾਨਾ ਬਣ ਗਿਆ ਅਤੇ ਰਾਤਾਂ ਲੰਘਾਉਣੀਆਂ ਔਖੀਆਂ ਹੋ ਗਈਆਂ। ਜਿੰਨਾ ਚਿਰ ਨੌਕਰਾਂ ਦੇ ਸਿਰ ਤੇ ਲਾਂਡਰੀਆਂ ਚਲਦੀਆਂ ਰਹੀਆਂ, ਨੈਨ ਤਾਰਾ ਵੀ ਸਕੰਦਰ ਦੇ ਨਾਲ ਚਲਦੀ ਰਹੀ। ਉਹ ਸਿਨੇਮਿਆਂ ਤੋਂ ਸ਼ੁਰੂ ਹੋਈ ਅਤੇ ਸਕੰਦਰ ਨੂੰ ਸੁਨਿਆਰਿਆਂ ਤਕ ਲੈ ਗਈ। ਦੋਹਾਂ ਬਾਹਾਂ ਵਿਚ ਗਿਆਰਾਂ ਗਿਆਰਾਂ ਚੂੜੀਆਂ ਪਾ ਕੇ ਜਦੋਂ ਸਕੰਦਰ ਦੇ ਗਲ ਵਿਚ ਬਾਂਹ ਪਾ ਕੇ ਉਸ ਨੇ ਯਾਰ ਆਖਿਆ ਤਾਂ ਸਕੰਦਰ ਸਾਰਾ ਕੁੱਝ ਹਾਰ ਗਿਆ।

ਪੈਸਾ ਸੁਨਿਆਰਿਆਂ ਕੋਲ ਤੇ ਸੋਨਾ ਨੈਨ ਤਾਰਾ ਕੋਲ ਜਾਂਦਾ ਰਿਹਾ। ਸਕੰਦਰ ਨੂੰ ਰਾਜਪੂਤ ਤੋਂ ਛੇਰ ਛੀਂਬਾ ਬਣਨ ਵਾਸਤੇ ਹੁਣ ਬਹੁਤੇ ਚਿਰ ਦੀ ਲੋੜ ਨਹੀਂ ਸੀ। ਨੈਨ ਤਾਰਾ ਦੇ ਨੈਣਾਂ ਵਿਚ ਡੁੱਬ ਕੇ ਛੇਤੀ ਹੀ ਲੋਥ ਬਣ ਕੇ ਤਰਨ ਵਾਲਾ ਸੀ। ਲਾਂਡਰੀਆਂ ਵਿਕ ਗਈਆਂ ਤੇ ਨੈਨ ਤਾਰਾ ਰਾਮ ਗਲੀ 'ਚੋਂ ਨਿਕਲ ਕੇ ਮਾਡਲ ਟਾਊਨ ਚਲੀ ਗਈ। ਬਰਕਤੇ ਨੇ ਅਪਣੀ ਪੋਤਰੀ ਨੁਸਰਤ ਨੂੰ ਝੋਲੀ ਵਿਚ ਪਾ ਕੇ ਸਕੰਦਰ ਨੂੰ ਤਰਲਾ ਮਾਰਿਆ ਪਰ ਸਕੰਦਰ ਦੀਆਂ ਅੱਖਾਂ ਵਿਚ ਨੈਨ ਤਾਰਾ ਦਾ ਕੁਕਰਾ ਸੀ। ਉਸ ਨੇ ਕੁੱਝ ਨਾ ਵੇਖਿਆ।

ਜਿਸ ਦਿਹਾਤੇ ਮਕਾਨ ਗਹਿਣੇ ਪਿਆ ਬਰਕਤੇ ਪੋਤਰੀ ਨੂੰ ਲੈ ਕੇ ਉਸੇ ਹੀ ਪਿੰਡ ਦੇ ਕੱਚੇ ਕੋਠੇ ਵਿਚ ਆ ਗਈ ਜਿੱਥੇ ਉਹ ਬਰਕਤੇ ਨੂੰ ਬੱਤੋ ਛੀਂਬਣ ਆਖ ਕੇ ਬੁਲਾਉਂਦੇ ਸਨ। ਬਰਕਤੇ ਨੂੰ ਅਜੇ ਵੀ ਉਮੀਦ ਸੀ ਕਿ ਸਕੰਦਰ ਇਕ ਦਿਨ ਠੇਡਾ ਖਾ ਕੇ ਬੁੱਢੀ ਮਾਂ ਤੇ ਭੋਰਾ ਭਰ ਧੀ ਵਲ ਮੁੜੇਗਾ। ਪਰ ਸਕੰਦਰ ਜਿੰਨੀ ਉਚਾਈ ਤੋਂ ਡਿੱਗਾ ਸੀ ਓਨਾ ਹੀ ਭੋਏਂ ਵਿਚ ਧੱਸ ਗਿਆ। ਬਰਕਤੇ ਨੇ ਉਸ ਦੀ ਛੇਕੜਲੀ ਖ਼ਬਰ ਏਨੀ ਕੁ ਸੁਣੀ ਸੀ ਕਿ ਸਕੰਦਰ ਸੂਟਾ ਲਾ ਕੇ ਕੰਜਰਾਂ ਦੇ ਬੂਹੇ ਅੱਗੇ ਡਿਗਿਆ ਹੋਇਆ ਵੇਖਿਆ ਸੀ। ਏਡੀ ਮੰਦੀ ਖ਼ਬਰ ਪਿਛੋਂ ਕਿਸੇ ਚੰਗੀ ਖ਼ਬਰ ਦੀ ਆਸ ਉਮੀਦ ਤਾਂ ਮੁੱਕ ਹੀ ਜਾਂਦੀ ਏ। ਬਰਕਤੇ ਕੀਤੇ ਗਏ ਪੈਂਡੇ ਤੇ ਬੀਤ ਗਏ ਵੇਲੇ ਵਲੋਂ ਮੂੰਹ ਮੋੜ ਕੇ ਨੁਸਰਤ ਦੇ ਮੂੰਹ ਵਲ ਵੇਖਣ ਲੱਗ ਪਈ। ਉਹ ਉਸ ਦੀ ਜੱਦ ਦੀ ਨਿਸ਼ਾਨੀ ਸੀ, ਉਸ ਲਈ ਲੋਕਾਂ ਦੇ ਭਾਂਡੇ ਤੇ ਲੀੜੇ ਧੋਂਦੀ ਰਹੀ। (ਚਲਦਾ)