ਲੰਮੇ ਹੱਥ (ਭਾਗ 9)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਮੀਆਂ ਸਾਹਕਾ ਮਸੀਤ ਦੀ ਮਲਕੀਅਤ 'ਤੇ ਕਬਜ਼ਾ ਟੁਟਦਾ ਵੇਖ ਕੇ ਬੱਗਾ ਜਿਹਾ ਹੋ ਗਿਆ ਤੇ ਆਖਣ ਲੱਗਾ, ''ਚੌਧਰੀ ਜੀ! ਗੱਲ ਕੋਈ ਏਡੀ ਵੱਡੀ ਵੀ ਨਹੀਂ। ਕਿਤਾਬਾਂ ਨਾ ਵੀ ਕੁੱਝ...

Amin Malik

ਮੀਆਂ ਸਾਹਕਾ ਮਸੀਤ ਦੀ ਮਲਕੀਅਤ 'ਤੇ ਕਬਜ਼ਾ ਟੁਟਦਾ ਵੇਖ ਕੇ ਬੱਗਾ ਜਿਹਾ ਹੋ ਗਿਆ ਤੇ ਆਖਣ ਲੱਗਾ, ''ਚੌਧਰੀ ਜੀ! ਗੱਲ ਕੋਈ ਏਡੀ ਵੱਡੀ ਵੀ ਨਹੀਂ। ਕਿਤਾਬਾਂ ਨਾ ਵੀ ਕੁੱਝ ਆਖਣ ਪਰ ਮੇਰਾ ਇਲਮ ਤਾਂ ਇਹ ਹੀ ਆਖਦੈ ਪਈ ਮੁਸਲਮਾਨਾਂ ਦੀ ਕੁਆਰੀ ਕੁੜੀ ਗੁਰਦਵਾਰੇ ਵਿਚ ਮੁਸਲਮਨ ਬਾਲਾਂ ਨੂੰ ਕਾਫ਼ਰਾਂ ਦੀ ਜ਼ੁਬਾਨ ਪੜ੍ਹਵੇ ਤਾਂ ਹਜ਼ਰਤ ਨੂਹ ਜੇਡੇ ਕਹਿਰ ਤੇ ਤੂਫ਼ਾਨ ਆਉਣ ਦਾ ਖ਼ਤਰਾ ਹੈ।'' ''ਬਸ ਬਸ, ਲੈ ਹੁਣ ਆਇਐਂ ਤੂੰ ਸਹੀ ਕੁਲ ਤੇ ਮੀਆਂ ਸਾਹਕਿਆ।'' ਸ਼ੇਰੇ ਪਠਾਣ ਨੇ ਆਖਿਆ। ਮੀਆਂ ਸ਼ਾਹਕਾ ਟੁਰ ਗਿਆ ਤੇ ਸ਼ੇਰੇ ਨੇ ਆਖਿਆ, ''ਲੈ ਹੁਣ ਥਾਂ ਸਿਰ ਤੀਰ ਵੱਜਿਐ ਰੰਗਿਆ।

ਜਿਹੜਾ ਕੰਮ ਕਿਧਰੋਂ ਨਾ ਵਿਗੜੇ ਉਹ ਮੌਲਵੀ ਵਿਗਾੜ ਲੈਂਦੇ ਨੇ। ਵੇਖੀਂ ਹੁਣ ਕਿਵੇਂ ਘਰ ਘਰ ਭੜਥੂ ਪੈਂਦੈ। ਇਹ ਮੌਲਵੀ ਨਿਰਾ ਪੁੱਠ ਕੰਡਾ ਈ ਸਮਝ ਲੈ, ਲਾਟੂ ਚਲ ਗਿਐ। ਹੁਣ ਛੁਟਣੀਆਂ ਨੀ ਆਇਤਾਂ ਤੇ ਰਵਾਇਤਾਂ ਦੀਆਂ ਸ਼ੁਰਲੀਆਂ। ਹੁਣ ਫੜਾਇਆ ਈ ਅਸਾਂ ਬਾਂਦਰ ਹੱਥ ਬਲੇਡ। ਹੁਣ ਛੁੱਟੀ ਊ ਚਚੂੰਦਰ। ਵੇਖੀਂ ਹੁਣ ਮੁੱਲਾਂ ਸਾਹਕਾ ਘਰ ਘਰ ਨੂੰ ਕਿਵੇਂ ਵੀਅਤਨਾਮ ਬਣਾਉਂਦੈ।'' ਦੂਜੇ ਦਿਨ ਕਲਸੂਮ ਨੇ ਦੁੱਧ ਵਾਲਾ ਡੋਲਣਾ ਨੁਸਰਤ ਦੇ ਘਰ ਪਰਛੱਤੀ ਤੇ ਰੱਖ ਕੇ ਅਪਣਾ ਕਾਇਦਾ ਫੜਿਆ ਤਾਂ ਨੁਸਰਤ ਨੇ ਆਖਿਆ, ''ਵੇਖ ਕਲਸੂਮ ਜੇ ਤੂੰ ਮੇਰੀ ਏਂ ਤਾਂ ਦੁੱਧ ਵਾਲੀ ਖੇਚਲ ਨਾ ਕਰਿਆ ਕਰ। ਸਾਡੀ ਲੋੜ ਜੋਗਾ ਦੁੱਧ ਸਿਦੀਕ ਦੇ ਜਾਂਦੈ।''

ਕਲਸੂਮ ਨੇ ਹੱਸ ਕੇ ਆਖਿਆ, ''ਨੁਸਰਤ ਆਪਾ, ਜੇ ਡਕਣੈ ਤਾਂ ਮੇਰੀ ਬੇਬੇ ਨੂੰ ਡੱਕ ਜਿਸ ਨੂੰ ਤੂੰ ਮਾਂ ਤੇ ਜਿਹੜੀ ਤੈਨੂੰ ਧੀ ਆਖਦੀ ਏ।'' ਨੁਸਰਤ ਆਖਿਆ, ''ਚੰਗਾ ਬਈ ਜ਼ੋਰਾਵਰਾਂ ਅੱਗੇ ਕਾਹਦਾ ਜ਼ੋਰ ਏ।'' ਨਾਲ ਹੀ ਕਲਸੂਮ ਦੇ ਮੋਢੇ ਉਤੇ ਹੱਥ ਰੱਖ ਕੇ ਆਖਣ ਲੱਗੀ, ''ਤੇਰੇ ਗੋਚਰਾ ਇਕ ਕੰਮ ਵੀ ਏ ਮੇਰੇ ਕੋਲ। ਕਿਸੇ ਦਿਨ ਤੈਨੂੰ ਖੇਚਲ ਦੇਵਾਂਗੀ। ਪਈ ਤੂੰ ਜਾਣਨੀ ਏਂ ਅੱਲਾ ਜਿਵਾਈ ਅਪਣਾ ਨਿੱਕਾ ਮੁੰਡਾ ਮੇਰੇ ਕੋਲ ਛੱਡ ਕੇ ਹੱਜ ਤੇ ਟੁਰ ਗਈ ਏ। ਉਹ ਵਿਚਾਰਾ ਇਥੋਂ ਹੀ ਖਾਂਦਾ-ਪੀਂਦੈ ਤੇ ਸਾਡੇ ਨਾਲ ਹੀ ਸੌਂਦੈ। ਤੂੰ ਵੇਖ ਹੀ ਰਹੀ ਏਂ ਕਿ ਦਾਦੀ ਉੱਕਾ ਹੀ ਦੀਦਿਆਂ ਤੋਂ ਰਹਿੰਦੀ ਜਾਂਦੀ ਏ। ਰਾਤ ਉਸ ਦੇ ਸੱਜੇ ਆਨੇ ਵਿਚ ਪੀੜ ਵੀ ਬੜੀ ਵਹਿੰਦੀ ਏ।

ਮੈਂ ਚਾਹੁੰਦੀ ਆਂ ਉਸ ਨੂੰ ਸ਼ਹਿਰ ਜਾ ਕੇ ਵਿਖਾ ਲਿਆਵਾਂ। ਬਸ ਏਨਾ ਕੁ ਕੰਮ ਤੇਰੇ ਗੋਚਰਾ ਸੀ ਕਿ ਤੂੰ ਪਿਛੋਂ ਸਾਡੇ ਘਰ ਰਹਿੰਦੀ। ਅਸੀਂ ਦੋਵੇਂ ਦਾਦੀ-ਪੋਤਰੀ ਤਰਕਾਲੀਂ ਜ਼ਰਾ ਚਿਰੋਕੇ ਆਵਾਂਗੀਆਂ।'' ਕਲਸੂਮ ਨੇ ਆਖਿਆ, ''ਲੈ ਖਾਂ ਦੱਸ, ਆਪਾ ਨੁਸਰਤ ਇਹ ਵੀ ਕੋਈ ਕੰਮਾਂ 'ਚੋਂ ਕੰਮ ਏ। ਤੁਸੀ ਬਿਨਾਂ ਸ਼ੱਕ ਲੋੜ ਪਏ ਤਾਂ ਰਾਤ ਵੀ ਸ਼ਹਿਰ ਰਹਿ ਪਇਉ। ਮੈਂ ਬੇਬੇ ਨੂੰ ਆਖ ਕੇ ਮਾਈ ਜੀਵਾਂ ਨੂੰ ਨਾਲ ਲੈ ਆਵਾਂਗੀ। ਉਂਜ ਵੀ ਮੈਂ ਕਈ ਵੇਰਾਂ ਚਾਚੇ ਗੋਂਦਲ ਦੀ ਧੀ ਨਜ਼ੀਰਾਂ ਵਲ ਸੌਂ ਜਾਂਦੀ ਹੁੰਦੀ ਆਂ। ਉਹ ਮੇਰੀ ਪੱਕੀ ਸਹੇਲੀ ਏ। ਇਸ ਗੱਲ ਦੀ ਰਤਾ ਵੀ ਚਿੰਤਾ ਨਾ ਕਰ।

ਮੈਂ ਵੀ ਆਖਿਆ ਆਪਾ ਨੁਸਰਤ ਅੱਜ ਕਿਹੜੀ ਅੜਾਉਣੀ ਪਾਉਣ ਲੱਗੀ ਏ।'' ਗੱਲਾਂ ਕਰਦਿਆਂ ਕਰਦਿਆਂ ਮਸੀਤੇ ਬਾਂਗ ਮਿਲੀ ਤੇ ਦੋਹਾਂ ਨੇ ਸਿਰਾਂ ਤੇ ਚੁੰਨੀਆਂ ਲੈ ਲਈਆਂ। ਅੱਜ ਜੁੰਮਾ ਸੀ। ਮੀਆਂ ਸਾਹਕਾ ਚਿੱਟੇ ਦੁੱਧ ਲੀੜੇ ਪਾ ਕੇ ਮਸੀਤੇ ਬਗਲਾ ਬਣਿਆ ਬੈਠਾ ਸੀ। ਪੋਟਿਆਂ ਨੂੰ ਤੇਲ ਲਾ ਕੇ ਵਿਚਾਲਿਉਂ ਚੀਰ ਕੱਢ ਕੇ ਮੋਢੇ ਤੇ ਨਵਾਂ ਨਕੋਰ ਪਰਨਾ ਰੱਖ ਕੇ, ਇਕ ਹੱਥ ਵਿਚ ਕਿਤਾਬ, ਦੂਜੇ ਵਿਚ ਖੂੰਡੀ ਸੀ। ਵਾਅਜ਼ ਕਰਨ ਤੋਂ ਪਹਿਲਾਂ ਉਸ ਨੇ ਅਪਣੇ ਇਲਮ ਦਾ ਰੁਹਬ ਪਾਵਣ ਵਾਸਤੇ ਉਰਦੂ ਵਿਚ ਸ਼ੇਅਰ ਪੜਿ•ਆ ''ਜਾਗਨਾ ਹੈ ਤੋ ਜਾਗ ਲੇ ਫ਼ਲਕ ਕੇ ਸਾਏ ਤਲੇ, ਹਸ਼ਰ ਤਕ ਸੋਇਆ ਰਹੇਗਾ ਕਬਰ ਕੇ ਸਾਏ ਤਲੇ''।

ਫਿਰ ਉਸ ਨੇ ਵਾਅਜ਼ ਸ਼ੁਰੂ ਕੀਤਾ ਤੇ ਆਖਿਆ, ''ਅੱਖ ਖੋਲ੍ਹ ਐ ਮੁਸਲਮਾਨੋ। ਇਹ ਚੌਧਵੀਂ ਸਦੀ ਏ ਤੇ ਕਿਆਮਤ ਸਿਰ ਤੇ ਆਈ ਬੈਠੀ ਜੇ। ਹਸ਼ਰ ਦਾ ਦਿਹਾੜਾ ਤੇ ਕਬਰ ਦਾ ਅਜ਼ਾਬ ਤੁਸੀ ਵਿਸਾਰੀ ਬੈਠੇ ਓ। ਯਾਦ ਰੱਖੋ ਜਦੋਂ ਸਵਾ ਨੇਜ਼ੇ ਤੇ ਸੂਰਜ ਹੋਵੇਗਾ, ਮਾਵਾਂ ਬਾਲਾਂ ਨੂੰ ਸੁੱਟ ਕੇ ਨਫ਼ਸਾ ਨਫ਼ਸੀ ਪੁਕਾਰਨਗੀਆਂ, ਜ਼ਮੀਨ ਤੱਪ ਕੇ ਤਾਂਬਾ ਹੋ ਜਾਵੇਗੀ ਤੇ ਜਦੋਂ ਸੂਰ ਫੂਕਿਆ ਜਾਵੇਗਾ ਹਸ਼ਰ ਦੇ ਮੈਦਾਨ ਵਿਚ ਭਾਜੜ ਪੈ ਜਾਵੇਗੀ।

ਡਰੋ ਰੱਬ ਦੇ ਕਹਿਰ ਤੋਂ। ਅੱਜ ਬੇਪਰਦਗੀ ਤੇ ਬੇਹਿਯਾਈ ਅੱਤ ਢਾਈ ਬੈਠੀ ਏ। ਅਸੀ ਇਹ ਗੱਲ ਕਿਉਂ ਭੁੱਲ ਗਏ ਹਾਂ ਕਿ ਔਰਤ ਦਾ ਮਤਲਬ ਹੀ ਪਰਦਾ ਹੁੰਦੈ। ਇਥੋਂ ਤਕ ਕਿ ਉਸ ਦੀ ਆਵਾਜ਼ ਉਤੇ ਵੀ ਪਰਦਾ ਏ। ਦੂਜੀ ਜ਼ਨਾਨੀ ਦੀ ਆਵਾਜ਼ ਜਾਣ ਕੇ ਸੁਣ ਲਈ, ਉਸ ਦੇ ਕੰਨਾਂ ਵਿਚ ਸੀਖਾਂ ਤਾਅ ਕੇ ਤੁੰਨੀਆਂ ਜਾਣਗੀਆਂ।'' ਇਹ ਮਸਲਾ ਸੁਣ ਕੇ ਭੰਗੂ ਦੇ ਕਾਮੇ ਦਿੱਤੂ ਨੇ ਜ਼ੋਰ ਨਾਲ ਨਾਹਰਾ-ਏ-ਤਕਬੀਰ ਆਖਿਆ। (ਚਲਦਾ)