ਲੰਮੇ ਹੱਥ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਔਰੰਗਜ਼ੇਬ ਭਾਵੇਂ ਦਾਰੂ ਦੀ ਦੱਬ ਥੱਲੇ ਸੀ ਪਰ ਜਦੋਂ ਸਾਦੂ ਨੇ ਨੁਸਰਤ ਦੇ ਮੰਗੇਵੇ ਦਾ ਨਾਂ ਲਿਆ ਤਾਂ ਉਸ ਦੇ ਕੰਨ ਖਲੋ ਗਏ ਤੇ ਉਸ ਨੇ ਆਖਿਆ, ''ਕਿਸ ਦੇ ਮੰਗਣੇ ਦੀਆਂ ਗੱਲ...

Amin Malik

ਔਰੰਗਜ਼ੇਬ ਭਾਵੇਂ ਦਾਰੂ ਦੀ ਦੱਬ ਥੱਲੇ ਸੀ ਪਰ ਜਦੋਂ ਸਾਦੂ ਨੇ ਨੁਸਰਤ ਦੇ ਮੰਗੇਵੇ ਦਾ ਨਾਂ ਲਿਆ ਤਾਂ ਉਸ ਦੇ ਕੰਨ ਖਲੋ ਗਏ ਤੇ ਉਸ ਨੇ ਆਖਿਆ, ''ਕਿਸ ਦੇ ਮੰਗਣੇ ਦੀਆਂ ਗੱਲਾਂ ਪਿਆ ਕਰਨੈ ਉਏ ਸਾਦੂ?'' ਸਾਦੂ ਭੋਏਂ ਤੇ ਪੈਰਾਂ ਪਰਨੇ ਬਹਿ ਕੇ ਆਖਣ ਲੱਗਾ, ''ਕੀ ਦੱਸਾਂ ਚੌਧਰੀ ਔਰੰਗਜ਼ੇਬ, ਨੁਸਰਤ ਜਹੀ ਹਿਰਨੀ ਸਿਦੀਕੇ ਛੀਂਬੋ ਜਿਹੇ ਖੋਤੇ ਦੀ ਪੰਜਾਲੀ ਵਿਚ ਸਿਰ ਦੇਣ ਲੱਗੀ ਜੇ। ਇਹ ਸੰਜੋਗ ਪਤਾ ਨਹੀਂ ਕਿੰਜ ਦੀ ਜੋਗ ਬਨਾਣ ਲੱਗੇ ਨੇ।'' ਔਰੰਗਜ਼ੇਬ ਨੇ ਸਾਦੂ ਨੂੰ ਗਲਮਿਉਂ ਫੜ ਕੇ ਆਖਿਆ, ''ਹੁਣ ਪਿਆ ਦਸਨੈਂ ਬੱਦ ਦਿਆ ਪੁੱਤਰਾ।''

ਸਾਦੂ ਨੇ ਹੱਥ ਜੋੜ ਕੇ ਆਖਿਆ, ''ਲਉ ਦੱਸੋ ਇਹ ਵੀ ਕੋਈ ਗੱਲ ਏ। ਤੁਸਾਂ ਕੋਈ ਸਰਬਾਲਾ ਬਣਨਾ ਸੀ? ਅੱਲਾ ਈਮਾਨ ਦੇਵੇ ਜੇ, ਕੋਈ ਜੰਝ ਡੱਕਣੀ ਸੀ ਤੁਸਾਂ? ਦੀਵੇ ਜਗਦੇ ਰਹਿਣ ਤੁਹਾਡੇ, ਮੇਰੇ ਤੇ ਕਾਹਨੂ ਪਲਾਣਾ ਪਾਈ ਬੈਠੇ ਓ।'' ਇਹ ਗੱਲਾਂ ਸੁਣ ਕੇ ਔਰੰਗਜ਼ੇਬ ਦਾ ਯਾਰ ਪਠਾਣ ਬੋਲਿਆ, ''ਗੱਲ ਸੁਣ ਓ ਰੰਗੂ। ਐਵੇਂ ਕੰਮੀ-ਕਮੀਨਿਆਂ ਨੂੰ ਕੁੱਟਣ ਦੀ ਕਿਹੜੀ ਲੋੜ ਏ। ਤੂੰ ਸਿਦੀਕੇ ਛੀਂਬੇ ਨੂੰ ਸੱਦਾ ਘੱਲ ਤੇ ਉਸ ਦੀ ਸੰਘੀ ਨਹੁੰ ਦੇ ਕੇ ਪੁੱਛ ਪਈ ਸਾਡੇ ਹਾਂਹ ਵਿਚ ਭਾਂਬੜ ਬਾਲ ਕੇ ਤੂੰ ਕਿਹੜੇ ਲੇਖੇ ਨਾਲ ਢੋਲਕੀਆਂ ਧਰਾਈਂ ਬੈਠੈਂ।''

ਔਰੰਗਜ਼ੇਬ ਨੇ ਸਿਦੀਕੇ ਨੂੰ ਹਵੇਲੀ ਸੱਦ ਕੇ ਜੂਤ ਪਤਾਣ ਕੀਤਾ ਤੇ ਆਖਿਆ, ''ਉਹ ਤੇਰੀ ਕੁੱਝ ਲਗਦੀ ਸ਼ਹਿਰੋਂ ਚਾਰ ਜਮਾਤਾਂ ਪੜ੍ਹ ਕੇ ਆਈ ਏ ਤੇ ਹਵਾ ਵਿਚ ਤਲਵਾਰਾਂ ਮਾਰਦੀ ਫਿਰਦੀ ਏ। ਡੀ.ਸੀ. ਕੋਲ ਰਾਤ ਰਹਿ ਕੇ ਸਾਡੇ ਤੇ ਪੁਲਸਾਂ ਚੜ੍ਹਈ ਫਿਰਦੀ ਏ। ਉਸ ਨੂੰ ਆਖ ਪਿੰਡ ਵਿਚ ਰਹਿਣੈ ਤਾਂ ਸਾਡੀ ਮੰਨਣੀ ਪਵੇਗੀ। ਇਹ ਸਾਰੇ ਕੰਮੀਆਂ ਦੇ ਨਿੱਕੇ ਵੱਡੇ ਉਸ ਦਾ ਸਬਕ ਪਕਾਣ ਲੱਗ ਪਏ ਤਾਂ ਸਾਡੇ ਕੰਮਕਾਜ ਤੇਰਾ ਪਿਉ ਕਰੇਗਾ? ਉਹ ਕੀ ਚਾਹੁੰਦੀ ਏ ਪਈ ਅਪਣਾ ਗੋਹਾ-ਕੂੜਾ ਅਸੀ ਹੁਣ ਆਪ ਕਰਿਆ ਕਰਾਂਗੇ?

ਅਪਣਾ ਮਾਲ ਡੰਗਰ ਆਪ ਚਾਰਾਂਗੇ, ਤੇ ਸਵੇਰੇ ਉਠ ਕੇ ਸਾਡੀਆਂ ਸੁਆਣੀਆਂ ਆਪ ਈ ਦੁੱਧ ਰਿੜਕਣਗੀਆਂ ਤੇ ਆਪ ਹੀ ਤੰਦੂਰ ਤਾਣਗੀਆਂ? ਹੁਣ ਅਸੀ ਅਪਣੇ ਹੁੱਕੇ ਵਿਚ ਆਪ ਹੀ ਚਿਲਮ ਧਰਿਆ ਕਰਾਂਗੇ? ਜੇ ਇੰਜ ਹੋਵੇਗਾ ਤਾਂ ਤੁਸੀ ਵੀ ਅਪਣੇ ਖਾਣ-ਪੀਣ ਤੇ ਮਰਨ ਜਿਊਣ ਦਾ ਆਹਰ-ਪਾਹਰ ਆਪ ਹੀ ਕਰੋਗੇ। ਕਲ ਨੂੰ ਸਾਡੀ ਭੋਇੰ ਵਿਚ ਕੱਕਰਾਂ ਤੇ ਸਾਡਿਆਂ ਖੂਹਾਂ ਤੋਂ ਪਾਣੀ ਵੀ ਲੈਣ ਨਾ ਆਇਉ। ਇਸ ਲਈ ਸੱਦਿਆ ਪਈ ਵਿਆਹ ਕਰਾਣ ਤੋਂ ਪਹਿਲਾਂ ਸਾਡੇ ਵਿਹਾਰ ਦੀ ਸੂਲੀ ਚੜ੍ਹ ਜਾਵੇਂ। ਨਾ ਘਰ ਜਾ ਕੇ ਚੰਗੀ ਤਰ੍ਹਾਂ ਵੇਖ ਜਾਣ ਲੈ ਤੇ ਨਾਲੇ ਉਸ ਬੇਬੇ ਨੂੰ ਪੁੱਛਗਿਛ ਲੈ ਜਿਹੜੀ ਡੀ.ਸੀ. ਤੋਂ ਥੱਲੇ ਖਲੋਂਦੀ ਈ ਨਹੀਂ।''

ਸਿਦੀਕਾ ਝੋਹਰ ਲਹਿਰਾ ਕੇ ਤੁਰ ਗਿਆ ਤੇ ਸ਼ੇਰੇ ਪਠਾਣ ਨੇ ਆਖਿਆ, ''ਉਏ ਰੰਗਿਆ, ਇਹ ਛੀਂਬਿਆਂ ਦੀ ਕੁੜੀ ਸ਼ੈਅ ਕੀ ਏ? ਇਹ ਹੈ ਕਿੰਜ ਦੀ ਸੁੰਢ ਦੀ ਗੰਢੀ?''
ਰੰਗੂ ਨੇ ਹੁੱਕੇ ਦਾ ਘੁੱਟ ਲਾ ਕੇ ਆਖਿਆ, ''ਕੀ ਲੈਣੈ ਇਸ ਨੂੰ ਵੇਖ ਕੇ? ਇਹ ਕਿਹੜੀ ਸਾਉਣ ਭਾਦੋਂ ਦੀ ਚੀਚ ਵਹੁਟੀ ਹੋਣੀ ਏ। ਇਕ ਦਿਨ ਮੌਲਵੀ ਦੁੱਲੇ ਘਰੋਂ ਨਿਕਲਦੀ ਵੇਖੀ ਸੀ ਪਰ ਮੂੰਹ ਸਿਰ ਇੰਜ ਲਵੇਟਿਆ ਸੀ ਜਿਵੇਂ ਡੂਮਣਾ ਲਾਹੁਣ ਚੱਲੀ ਹੋਵੇ। ਕੱਦ-ਕਾਠ ਸੋਹਣਾ ਸੀ ਤੇ ਟੁਰਦੀ ਵੀ ਬੜੀ ਅਲਕ ਵੈੜਕੇ ਵਾਂਗ ਸੀ। ਕੋਡੀ ਕੁ ਸੁਗਾਤ ਹੋਵੇਗੀ ਉਹ ਜਿਹੜੀ ਸਿਦੀਕੇ ਛੀਂਬੇ ਨਾਲ ਟਾਂਕਾ ਭਰਨ ਲੱਗੀ ਏ, ਤੇ ਜੇ ਬੜਾ ਈ ਚਾਅ ਏ ਤਾਂ ਕਲ੍ਹ ਗੁਰਦਵਾਰੇ ਚਲੇ ਚਲਾਂਗੇ।

ਅਸੀ ਏਨਾ ਪੁੱਛ ਲਵਾਂਗੇ ਪਈ ਜੇ ਸਾਡੇ ਘਰ ਕੋਈ ਬਾਲ ਜੰਮਿਆ ਤੇ ਦਾਖ਼ਲ ਕਰਨ ਦੇ ਕਿੰਨੇ ਪੈਸੇ ਲੱਗਣਗੇ।'' ਇਹ ਆਖ ਕੇ ਸਾਰੇ ਹੱਸ ਪਏ। ਅਗਲੇ ਦਿਹਾੜੇ ਸਿਦੀਕੇ ਨੇ ਬਰਕਤੇ ਨੂੰ ਲੰਬੜਾਂ ਦੀ ਹਵੇਲੀ ਹੋਣ ਵਾਲੀ ਸਾਰੀ ਗੱਲ ਦੱਸ ਦਿਤੀ। ਇਹ ਸਾਰੀਆਂ ਗੱਲਾਂ ਉਹ ਨੁਸਰਤ ਤੋਂ ਚੋਰੀ ਕਰ ਰਹੇ ਸਨ ਪਰ ਨੁਸਰਤ ਦੀ ਕੰਨੀਂ ਜਦੋਂ ਔਰੰਗਜ਼ੇਬ ਦਾ ਨਾਂ ਪਿਆ ਤਾਂ ਉਸ ਨੇ ਗਵੇੜ ਲਾ ਲਿਆ। ਉਸ ਨੇ ਦਾਦੀ ਨੂੰ ਜ਼ਿੱਦ ਕਰ ਕੇ ਪੁਛਿਆ ਤਾਂ ਉਸ ਨੇ ਸਾਰੀ ਗੱਲ ਦੱਸ ਦਿਤੀ। ਔਰੰਗਜ਼ੇਬ ਦੇ ਹੱਥੋਂ ਸਿਦੀਕ ਦੀ ਝਾੜਝੰਬ ਨੂੰ ਨੁਸਰਤ ਨੇ ਪਹਿਲੀ ਵੰਗਾਰ ਤੇ ਪਹਿਲੇ ਟਾਕਰਾ ਜਾਣਦੇ ਹੋਏ ਸਾਰੀ ਰਾਤ ਵਿਸ ਘੋਲ ਕੇ ਕੱਢੀ। ਉਹ ਗਿੱਦੜ ਦੀ ਸੌ ਵਰ੍ਹਾਂ ਦੀ ਹਿਯਾਤੀ ਨਾਲੋਂ ਸ਼ੇਰ ਵਾਂਗ ਦੋ ਦਿਹਾੜੇ ਜੀਅ ਕੇ ਮੌਤ ਨੂੰ ਗਲ ਲਾ ਲੈਣਾ ਚੰਗਾ ਸਮਝਦੀ ਸੀ। (ਚਲਦਾ)