ਲੰਮੇ ਹੱਥ (ਭਾਗ 8)

ਸਪੋਕਸਮੈਨ ਸਮਾਚਾਰ ਸੇਵਾ

ਦੂਜੇ ਦਿਹਾੜੇ ਕਲਸੂਮ ਦੇ ਹੱਥ ਵਿਚ ਕਾਇਦਾ ਸੀ। ਉਹ ਗੁਰਦਵਾਰੇ ਵਿਚ ਬਾਲਾਂ ਨਾਲ ਬਹਿ ਕੇ ਨਵਾਂ ਸਬਕ ਪੜ੍ਹਨ ਲੱਗੀ ਹੋਈ ਸੀ। ਨੁਸਰਤ ਨੇ ਬੜੀ ਵੇਰਾਂ ਪਿਆਰ ਨਾਲ ਕਲਸੂਮ...

Amin Malik

ਦੂਜੇ ਦਿਹਾੜੇ ਕਲਸੂਮ ਦੇ ਹੱਥ ਵਿਚ ਕਾਇਦਾ ਸੀ। ਉਹ ਗੁਰਦਵਾਰੇ ਵਿਚ ਬਾਲਾਂ ਨਾਲ ਬਹਿ ਕੇ ਨਵਾਂ ਸਬਕ ਪੜ੍ਹਨ ਲੱਗੀ ਹੋਈ ਸੀ। ਨੁਸਰਤ ਨੇ ਬੜੀ ਵੇਰਾਂ ਪਿਆਰ ਨਾਲ ਕਲਸੂਮ ਨੂੰ ਡਕਿਆ ਸੀ ਪਰ ਉਹ ਇਹ ਆਖ ਕੇ ਬਹੁਕਰ ਦੇਣ ਤੋਂ ਨਹੀਂ ਸੀ ਹਟਦੀ ਪਈ ਕਿ ਗੁਰਦਵਾਰਾ ਰੱਬ ਦਾ ਘਰ ਹੈ ਤੇ ਇਥੇ ਪੜ੍ਹਨ ਵਾਲੇ ਬਾਲ ਰੱਬ ਦਾ ਰੂਪ ਹਨ। ਕਲਸੂਮ ਦੀ ਵੇਖੋ-ਵੇਖੀ ਪਿੰਡ ਦੀਆਂ ਦੂਜੀਆਂ ਕੁੜੀਆਂ ਵੀ ਆਉਣ ਲੱਗ ਪਈਆਂ ਤੇ ਯੂਸੁਫ਼ ਲੰਬੜ ਨੂੰ ਕਮਲ ਜਿਹਾ ਪੈ ਪਿਆ। ਪਿੰਡ ਦੇ ਮਾੜੇ ਮਰੇੜੇ ਮਹਾਤੜ ਰਾਜ਼ੀ ਸਨ ਪਈ ਉਨ੍ਹਾਂ ਦੇ ਬਾਲ ਗਲੀਆਂ ਵਿਚ ਠੀਕਰੀਆਂ ਖੇਡਣਾ ਛੱਡ ਕੇ ਚੰਗੇ ਕੰਮ 'ਤੇ ਲੱਗ ਗਏ ਨੇ।

ਕਲਸੂਮ ਨੂੰ ਪੜ੍ਹਈ ਦੀ ਚੇਟਕ ਤੇ ਨੁਸਰਤ ਦਾ ਮੋਹ ਏਡੀ ਦੂਰ ਲੈ ਗਿਆ ਪਈ ਔਰੰਗਜ਼ੇਬ ਨੂੰ ਅਪਣੀ ਭੈਣ ਹੱਥਾਂ ਤੋਂ ਨਿਕਲਦੀ ਜਾਪਣ ਲੱਗ ਪਈ। ਉਸ ਨੇ ਪਿਉ ਨਾਲ ਗਰੀਆ ਜਾਰੀ ਕੀਤੀ ਪਰ ਯੁਸਫ਼ ਲੰਬੜ ਠੰਢੀ ਕਰ ਕੇ ਖਾਣ ਵਾਲਿਆਂ ਵਿਚੋਂ ਸੀ। ਉਸ ਨੇ ਆਖਿਆ, ''ਵੇਖ ਉਏ ਰੰਗਿਆ। ਤੇਰਾ ਲਹੂ ਏ ਤੱਤਾ, ਕੋਈ ਪੁੱਠੀ ਤੰਦ ਨਾ ਪਾ ਦਈਂ। ਕਿਧਰੇ ਤਾਣੀ ਹੀ ਨਾ ਵਿਗੜ ਜਾਏ। ਵੇਲੇ ਦੀ ਅੱਖ ਪੜ੍ਹ ਤੇ ਉਸ ਦੀ ਵਾਗ ਫੜ ਕੇ ਰੱਖ। ਆਪ-ਮੁਹਾਰਾ ਨਾ ਹੋਈਂ, ਪਛਤਾਵੇਂਗਾ।'' ਪਿਉ ਦੀਆਂ ਗੱਲਾਂ ਨੇ ਰੰਗੂ ਦੀ ਜਵਾਨੀ ਨੂੰ ਵੰਗਾਰਿਆ ਤੇ ਲਲਕਾਰਿਆ। ਉਹ ਹੋਰ ਉਪਰ ਚੜ੍ਹ ਗਿਆ।

ਉਸ ਨੇ ਅਪਣੇ ਯਾਰ ਸ਼ੇਰੇ ਪਠਾਣ ਨੂੰ ਸਦਿਆ। ਅੱਧੀ ਰਾਤ ਤੀਕਰ ਸਲਾਹ ਮਸ਼ਵਰਾ ਕੀਤਾ ਤੇ ਸਾਰੀਆਂ ਗੱਲਾਂ ਨੂੰ ਛਾਣ-ਪੁਣ ਕੇ ਸਵੇਰੇ ਪਿੰਡ ਦੇ ਮੌਲਵੀ ਮੀਏਂ ਸਾਹਕੇ ਨੂੰ ਸਦਿਆ। ਮੀਆਂ ਸਾਹਕਾ ਹਵੇਲੀ ਵੜਿਆ ਤੇ ਸ਼ੇਰੇ ਨੇ ਮੰਜੀ ਤੋਂ ਉਠ ਕੇ ਥਾਂ ਦਿਤੀ। ਮੌਲਵੀ ਨੇ ਅੱਜ ਪਹਿਲੀ ਵਾਰ ਅਪਣੇ ਇਲਮ ਤੇ ਇੱਜ਼ਤ ਦਾ ਮੁਲ ਪੈਂਦਾ ਵੇਖਿਆ। ਉਹ ਪਹਿਲੀ ਵਾਰੀ ਚੌਧਰੀ ਸਾਹਮਣੇ ਮੰਜੀ ਤੇ ਅੱਜ ਸਰਹਾਣੇ ਵਾਲੇ ਪਾਸੇ ਬੈਠਾ ਸੀ। ਔਰੰਗਜ਼ੇਬ ਨੇ ਅਪਣੀ ਡੱਬ ਵਿਚੋਂ ਸੌ ਸੌ ਦੇ ਬਿੱਲੇ ਨੋਟ ਕੱਢੇ ਤੇ ਮੌਲਵੀ ਦੇ ਟਹੁ ਫੁੱਲ ਗਏ। ਉਸ ਨੇ ਨੋਟ ਕੱਢੇ ਤੇ ਮੌਲਵੀ ਦਾ ਸਾਹ ਅੰਦਰ ਦਾ ਅੰਦਰ ਹੀ ਰਹਿ ਗਿਆ।

ਰੰਗੂ ਨੇ ਆਖਿਆ, ''ਮੀਆਂ ਜੀ, ਤੁਹਾਨੂੰ ਇਸ ਲਈ ਸਦਿਆ ਏ ਪਈ ਤੁਸੀ ਓ ਈਮਾਨਦਾਰ ਤੇ ਨੇਕ।'' ਮੀਏਂ ਸਾਹਕੇ ਬੁੱਲ੍ਹਾਂ ਤੇ ਜੀਭ ਫੇਰ ਕੇ ਆਖਿਆ, ''ਜਜ਼ਾਕ ਲਾ, ਰੱਬ ਜਜ਼ਾ ਦੇਵੇ ਤੇ ਭਾਗ ਲਾਵੇ।'' ਰੰਗੂ ਨੇ ਆਖਿਆ, ''ਸਾਨੂੰ ਤਾਂ ਵਿਹਲ ਨਹੀਂ। ਇਹ ਕੰਮ ਤੁਸੀ ਆਪ ਹੀ ਕਰੋ ਪਈ ਖੂਹੀ ਦੀ ਮਣ ਟੁੱਟ ਗਈ ਹੈ, ਬੋਕਾ ਪਾਟਾ ਹੋਇਐ ਤੇ ਸਕਾਵੀਆਂ ਦੀਆਂ ਕੰਧਾਂ ਅੱਧੀਆਂ ਅੱਧੀਆਂ ਰਹਿ ਗਈਆਂ ਨੇ। ਮਸੀਤ ਦੀਆਂ ਸੋਫ਼ਾਂ ਬੜੀਆਂ ਪੁਰਾਣੀਆਂ ਹੋ ਗਈਆਂ ਨੇ। ਅੱਜ ਰੱਬ ਕੋਲੋਂ ਡਰ ਆਇਆ ਪਈ ਸਾਨੂੰ ਉਸ ਦੇ ਘਰ ਵਲ ਧਿਆਨ ਕਰਨਾ ਚਾਹੀਦੈ।

ਜੇ ਅਸੀ ਜ਼ੈਲਦਾਰ ਰਹਿਮ ਖ਼ਾਨ ਵਰਗੇ ਹੀ ਹੋ ਗਏ ਤਾਂ ਰੱਬ ਤੇ ਰੱਬ ਦੇ ਜੀਆਂ ਦਾ ਕੌਣ ਧਿਆਨ ਰੱਖੇਗਾ।'' ਮੌਲਵੀ ਸਾਹਕੇ ਨੇ ਅਪਣੀ ਪੱਗ ਠੀਕ ਕੀਤੀ ਤੇ ਆਖਿਆ, ''ਸੁਬਹਾਨ ਅੱਲਾਹ, ਸੁਬਹਾਨ ਅੱਲਾਹ। ਜਦੋਂ ਰੱਬ ਦੀ ਰਹਿਮਤ ਉਤਰਦੀ ਏ ਤਾਂ ਦਿਲਾਂ ਵਿਚ ਨੇਕੀ ਉਤਰ ਆਉਂਦੀ ਏ।'' ਇਹ ਗੱਲ ਹੋ ਹੀ ਰਹੀ ਸੀ ਕਿ ਹਵੇਲੀ ਦੀ ਨੁੱਕਰ ਵਿਚ ਲੰਮਾ ਸਾਰਾ ਵੈਣ ਪਾ ਕੇ ਇਕ ਕੁੱਤਾ ਰੋਇਆ। ਰੰਗੂ ਨੇ ਅਪਣੇ ਕਾਮੇ ਨੂੰ ਆਖਿਆ, ''ਉਏ ਮਾਰ ਇਹਦੇ ਤਾਲੂ ਵਿਚ ਇੱਟ। ਰੋਣ ਲੱਗ ਪਿਐ ਜਣਦਿਆਂ ਨੂੰ। ਕਿਥੋਂ ਆ ਗਿਆ ਈ ਇਹ ਕੁਤੀੜ ਵਾਧਾ।''

ਮੁੱਲਾਂ ਸਾਹਕੇ ਨੇ ਲਾ ਹੌਲ ਵਲਾ ਕੁੱਵਤ ਪੜ੍ਹ ਕੇ ਆਖਿਆ, ''ਰਵਾਇਤ ਏ ਪਈ ਅਸਮਾਨ ਵਲੋਂ ਜਦੋਂ ਸ਼ੈਤਾਨ ਜਾਂ ਬਲਾਵਾਂ ਉਤਰਦੀਆਂ ਨੇ ਤਾਂ ਕੁੱਤੇ ਰੋਂਦੇ ਨੇ।'' 
ਰੰਗੂ ਨੇ ਮੌਲਵੀ ਨੂੰ ਪੈਸੇ ਫੜਾ ਕੇ ਆਖਿਆ, ''ਮੌਲਵੀ ਜੀ ਮਸੀਤ ਵਲ ਧਿਆਨ ਦਿਉ ਤੇ ਨਾਲੇ ਪਿੰਡ ਦਿਆਂ ਬਾਲਾਂ ਤੇ ਮਿਹਰਬਾਨੀ ਕਰੋ। ਉਹ ਮਸੀਤ ਛੱਡ ਕੇ ਗੁਰਦਵਾਰੇ ਵਿਚ ਛੀਂਬਿਆਂ ਦੀ ਕੁੜੀ ਦੇ ਗੋਡੇ ਮੁੱਢ ਬਹਿ ਕੇ ਕਾਫ਼ਰਾਂ ਦੀ ਅੰਗਰੇਜ਼ੀ ਪੜ੍ਹਨ ਲੱਗ ਪਏ ਨੇ। ਇਹ ਮੁਸਲਮਾਨਾਂ ਦਾ ਪਿੰਡ ਏ ਤੇ ਮਸੀਤਾਂ ਉਜਾੜ ਕੇ ਗੁਰਦਵਾਰੇ ਵੱਸਣ ਲੱਗ ਪਏ ਤਾਂ ਅਸੀ ਰੱਬ ਨੂੰ ਕੀ ਮੂੰਹ ਵਿਖਾਵਾਂਗੇ?''

ਮੀਏਂ ਸਾਹਕੇ ਨੋਟ ਫਤੂਹੀ ਦੇ ਬੋਝੇ ਵਿਚ ਪਾਏ ਤੇ ਆਖਣ ਲੱਗਾ, ''ਸੁਬਹਾਨ ਅੱਲਾਹ, ਕੇਡੇ ਨੇਕ ਖ਼ਿਆਲਾਤ ਨੇ। ਮਾਸ਼ਾ ਅੱਲਾਹ। ਮੈਂ ਕਲ ਹੀ ਅਪਣੀ ਜ਼ਨਾਨੀ ਨੂੰ ਲੋਕਾਂ ਦੇ ਘਰਾਂ ਵਿਚ ਘੱਲਾਂਗਾ।'' ਰੰਗੂ ਨੇ ਆਖਿਆ, ''ਨਾ ਨਾ ਮੀਆਂ ਸਾਹਕਿਆ। ਇੰਜ ਨਹੀਂ, ਤੂੰ ਚੋਰ ਦੀ ਮਾਂ ਨੂੰ ਕਿਉਂ ਨਹੀਂ ਮਾਰਦਾ। ਕਲ ਜੁੰਮਾ ਏ ਤੇ ਇਹ ਗੱਲ ਮਸੀਤ ਵਿਚ ਸਾਰਿਆਂ ਲੋਕਾਂ ਨੂੰ ਆਖੋ ਪਈ ਜਵਾਨ ਤੇ ਕਵਾਰੀ ਕੁੜੀ ਗੁਰਦਵਾਰੇ ਵਿਚ ਵੱਸੇ ਤਾਂ ਪਿੰਡ ਉਤੇ ਰੱਬ ਦਾ ਕਹਿਰ ਨਾਜ਼ਲ ਹੋ ਜਾਵੇਗਾ।''

ਮੌਲਵੀ ਨੇ ਥੋੜਾ ਚਿਰ ਸੋਚ ਕੇ ਆਖਿਆ, ''ਚੌਧਰੀ ਜੀ ਇਹ ਆਖਣ ਵਿਚ ਕੋਈ ਹਰਜ ਤਾਂ ਨਹੀਂ ਪਰ ਇਹ ਮਸਲਾ ਮੈਂ ਕਿਧਰੇ ਵੇਖਿਆ ਨਹੀਂ।'' ਕੋਲ ਬੈਠੇ ਸ਼ੇਰੇ ਪਠਾਣ ਨੇ ਆਖਿਆ, ''ਵਾਹ ਮੌਲਵੀ ਵਾਹ। ਹਰ ਜੁੰਮੇ ਮੱਗਰਾ ਕਿਤਾਬਾਂ ਦਾ ਚੁੱਕ ਕੇ ਲਿਆਉਂਦਾ ਏਂ ਤੇ ਏਡਾ ਸਿੱਧ ਪੱਧਰਾ ਮਸਲਾ ਤੈਨੂੰ ਵਿਚੋਂ ਕੋਈ ਵੀ ਨਹੀਂ ਲਭਦਾ। ਮੈਨੂੰ ਤੇ ਇੰਜ ਜਾਪਦੈ ਜੇ ਤੂੰ ਹੀ ਮਸੀਤ ਵਿਚ ਰਿਹਾ ਤਾਂ ਪਿੰਡ ਵਾਲੇ ਗੁਮਰਾਹ ਤੇ ਗਾਫ਼ਲ ਹੋ ਜਾਣਗੇ।'' (ਚਲਦਾ)