ਲੰਮੇ ਹੱਥ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਨੁਸਰਤ ਨੇ ਆਖਿਆ, ''ਦਾਦੀ! ਇਹ ਸਾਰੀਆਂ ਗੱਲਾਂ ਛੱਡ, ਉਠ ਹਿੰਮਤ ਦਾ ਲੜ ਫੜ ਤੇ ਅਪਣੇ ਪਿੰਡ ਜਾ ਕੇ ਲੋਕਾਂ ਨੂੰ ਪੜ੍ਹਨ ਦੀ ਪ੍ਰੇਰਨਾ ਦੇਈਏ। ਉਸ ਪਿੰਡ ਵਿਚ ਮਰੇੜੇ ਲੋ...

Amin Malik

ਨੁਸਰਤ ਨੇ ਆਖਿਆ, ''ਦਾਦੀ! ਇਹ ਸਾਰੀਆਂ ਗੱਲਾਂ ਛੱਡ, ਉਠ ਹਿੰਮਤ ਦਾ ਲੜ ਫੜ ਤੇ ਅਪਣੇ ਪਿੰਡ ਜਾ ਕੇ ਲੋਕਾਂ ਨੂੰ ਪੜ੍ਹਨ ਦੀ ਪ੍ਰੇਰਨਾ ਦੇਈਏ। ਉਸ ਪਿੰਡ ਵਿਚ ਮਰੇੜੇ ਲੋਕਾਂ ਦੇ ਬਾਲਾਂ ਨੂੰ ਇਹ ਦਸੀਏ ਕਿ ਲੋਕਾਂ ਦੇ ਡੰਗਰ ਚਾਰਨਾ ਹੀ ਜ਼ਿੰਦਗੀ ਨਹੀਂ। ਸੇਪੀ, ਕੰਮੀ, ਬਰਵਾਲਾ ਤੇ ਸੋਕਾ ਬਣ ਕੇ ਸਾਰੀ ਹਯਾਤੀ ਚੌਧਰੀਆਂ ਦਾ ਪਾਣੀ ਭਰਨਾ ਤੇ ਖੱਡੀ ਵਾਹ ਕੇ ਵਡੀਆਂ ਦਾ ਤਨ ਢਕਣਾ ਹੀ ਤੁਹਾਡਾ ਨਸੀਬ ਨਹੀਂ।'' ਨੁਸਰਤ ਦੀਆਂ ਗੱਲਾਂ ਸੁਣ ਕੇ ਬਰਕਤੇ ਡਰਨ ਲੱਗ ਪਈ ਤੇ ਆਖਿਆ, ''ਨਾ ਧੀਏ! ਸੱਖਾਂ ਅੱਗੇ ਦੀਵੇ ਨਹੀਂ ਬਲਦੇ, ਰੇਤ ਦੇ ਰੱਸੇ ਨਾ ਵੱਟ।

ਕਿਵੇਂ ਖੋਹ ਲਵੇਂਗੀ ਬਘਿਆੜਾਂ ਮੂੰਹੋਂ ਮਾਸ ਤੇ ਕਿਸ ਤਰ੍ਹਾਂ ਖੇੜਿਆਂ ਕੋਲੋਂ ਹੀਰ ਖੋਹ ਕੇ ਰਾਂਝੇ ਨਾਲ ਤੋਰੇਂਗੀ? ਇਹ ਗੱਲ ਮੁੜ ਕੇ ਨਾ ਕਰੀਂ ਮੇਰੀ ਧੀ। ਜਿਸ ਨੇ ਵੀ ਕਦੀ ਉੱਚਿਆਂ ਚੁਬਾਰਿਆਂ ਵਲ ਵੇਖਿਆ ਉਸ ਦੀ ਹੀ ਪੱਗ ਢਹਿ ਗਈ।'' ਉਹ ਦਿਨ ਵੀ ਆ ਗਿਆ ਜਦੋਂ ਆਰਿਫ਼ ਅਪਣੇ ਟੱਬਰ ਨਾਲ ਅਮਰੀਕਾ ਵਲ ਤੇ ਬਰਕਤੇ ਨੁਸਰਤ ਨੂੰ ਲੈ ਕੇ ਪਿੰਡ ਚਲੀ ਗਈ। ਨੁਸਰਤ ਦਾ ਮੂੰਹ ਮੁਹਾਂਦਰਾ ਉਂਜ ਵੀ ਚੰਗਾ ਸੀ। ਦੂਜੇ ਸ਼ਹਿਰ ਦੀ ਰਹਿਤਲ ਅਤੇ ਤਾਲੀਮ ਨੇ ਉਸ ਨੂੰ ਹੋਰ ਲਿੰਬ ਪੋਚ ਛਡਿਆ ਸੀ। ਪਿੰਡ ਦੀਆਂ ਭੱਠੀਆਂ ਤੇ ਬਹਿਣ ਵਾਲੇ ਰਾਤ ਨੂੰ ਨੁਸਰਤ ਦੇ ਭੋਗ ਦਾ ਚਸਕਾ ਲੈਣ ਲੱਗ ਪਏ।

ਲੰਬੜਦਾਰ ਯੂਸਫ਼ ਖਰਲ ਦਾ ਪੁੱਤਰ ਔਰੰਗਜ਼ੇਬ ਖਰਲ ਵੀ ਅਪਣੀ ਹਵੇਲੀ ਵਿਚ ਅਪਣਿਆਂ ਯਾਰਾਂ ਨਾਲ ਨੁਸਰਤ ਦੇ ਕੱਦ-ਕਾਠ ਉਤੇ ਵਿਚਾਰ-ਵਟਾਂਦਰਾ ਕਰਨ ਡਹਿ ਪਿਆ ਸੀ। ਜਿੰਨਾ ਚਿਰ ਜ਼ੈਲਦਾਰ ਰਹਿਮਤ ਖ਼ਾਨ ਜਵਾਨ ਸੀ ਉਸ ਨੇ ਲੰਬੜਦਾਰ ਤੇ ਉਸ ਦੇ ਅੱਥਰੇ ਪੁੱਤਰ ਔਰੰਗਜ਼ੇਬ ਨੂੰ ਖੰਘਣ ਨਹੀਂ ਸੀ ਦਿਤਾ ਤੇ ਕਾਰੇ ਸਰਕਾਰੇ ਵੀ ਜ਼ੈਲਦਾਰ ਦੀ ਹੀ ਸੁਣੀ ਜਾਂਦੀ ਸੀ। ਲੰਬੜਾਂ ਤੇ ਜ਼ੈਲਦਾਰਾਂ ਦੀ ਖਹਿਬੜਾ ਖਹਿਬੜੀ ਹੈ ਤਾਂ ਪੁਰਾਣੀ ਸੀ ਪਰ ਖਰਲਾ ਨੂੰ ਜ਼ੈਲਦਾਰਾਂ ਨੇ ਨੱਥ ਪਾ ਕੇ ਰੱਖੀ ਹੋਈ ਸੀ। ਜ਼ੈਲਦਾਰ ਰਹਿਮਤ ਖ਼ਾਨ ਦਾ ਪੁੱਤਰ ਕੋਈ ਨਹੀਂ ਸੀ। ਕੁੱਝ ਉਸ ਦੀ ਉਮਰ ਨੇ ਉਸ ਨੂੰ ਲਿਫ਼ਾ ਦਿਤਾ ਸੀ।

ਉਤੋਂ ਜਵਾਈ ਵੀ ਅਮਰੀਕਾ ਚਲਾ ਗਿਆ। ਹੌਲੀ ਹੌਲੀ ਖਰਲਾਂ ਨੇ ਧੌਣ ਚੁੱਕੀ ਤੇ ਯੂਸਫ਼ ਲੰਬੜ ਦਾ ਪੁੱਤਰ ਔਰਗਜ਼ੇਬ ਮੋਢੇ ਮਾਰਨ ਲੱਗ ਪਿਆ। 1947 ਦੀ ਵੰਡ ਪਿਛੋਂ ਪਿੰਡ ਦੇ ਗੁਰਦਵਾਰੇ ਦਾ ਇਹਤਰਾਮ ਤੇ ਧਿਆਨ ਰਹਿਮਤ ਖ਼ਾਨ ਨੇ ਕੀਤਾ ਸੀ। ਲੰਬੜਾਂ ਮੱਲ ਮਾਰਨ ਦਾ ਯਤਨ ਕੀਤਾ ਪਰ ਜ਼ੈਲਦਾਰ ਨੇ ਪੁਲਿਸ ਸੱਦ ਕੇ ਛਿੱਤਰ ਛਰੌਲ ਕਰਵਾ ਦਿਤੀ। ਚਿਰੋਕਣਾ ਹੀ ਗੁਰਦਵਾਰੇ ਦਾ ਮੁਕੱਦਮਾ ਚਲ ਰਿਹਾ ਸੀ ਜਿਸ ਵਿਚ ਖਰਲ ਅਪਣਾ ਹੱਕ ਜਤਾ ਕੇ ਮੱਲ ਮਾਰੀ ਬੈਠੇ ਸਨ। ਅਜੇ ਫ਼ੈਸਲਾ ਤਾਂ ਕੋਈ ਨਹੀਂ ਸੀ ਹੋਇਆ ਪਰ ਕੁਦਰਤ ਨੇ ਫ਼ੈਸਲਾ ਕਰ ਕੇ ਜ਼ੈਲਦਾਰ ਦੀ ਜਵਾਨੀ ਖੋਹ ਕੇ ਉਸ ਨੂੰ ਪੁੱਤਰ ਵਰਗੀ ਔਲਾਦ ਤੋਂ ਵਾਂਝ ਛਡਿਆ ਸੀ।

ਇਸ ਫ਼ੈਸਲੇ ਦਾ ਫ਼ਾਇਦਾ ਚੁਕ ਕੇ ਲੰਬੜਾਂ ਨੇ ਅਪਣਾ ਮਾਲ ਡੰਗਰ ਗੁਰਦਵਾਰੇ ਵਿਚ ਬੰਨ੍ਹਣਾ ਸ਼ੁਰੂ ਕਰ ਦਿਤਾ। ਇਕ ਰਾਤ ਨੁਸਰਤ ਨੇ ਜ਼ੈਲਦਾਰ ਰਹਿਮਤ ਖ਼ਾਨ ਨਾਲ ਸਲਾਹ ਕਰ ਕੇ ਗੁਰਦਵਾਰੇ ਨੂੰ ਮਾਣ ਅਤੇ ਬਾਲਾਂ ਨੂੰ ਤਾਲੀਮ ਦੇਣ ਲਈ ਹਕੂਮਤ ਨੂੰ ਅਰਜ਼ੀ ਦੇ ਦਿਤੀ ਪਈ ਮੈਂ ਦਸ ਜਮਾਤਾਂ ਪਾਸ ਹਾਂ, ਪਿੰਡ ਵਿਚ ਸਕੂਲ ਕੋਈ ਨਹੀਂ ਤੇ ਗੁਰਦਵਾਰਾ ਇਕ ਧਾਰਮਕ ਥਾਂ ਹੈ ਜਿਸ ਵਿਚ ਡੰਗਰ ਵੱਛਾ ਬੰਨ੍ਹ ਕੇ ਉਸ ਦਾ ਅਪਮਾਨ ਕੀਤਾ ਜਾ ਰਿਹਾ ਹੈ। ਕਿਉਂ ਨਾ ਇਸ ਪਵਿੱਤਰ ਥਾਂ ਤੇ ਬਾਲਾਂ ਨੂੰ ਪੜ੍ਹਇਆ ਜਾਵੇ।

ਜਾਣ ਜੋਗਾ ਤਾਂ ਨਹੀਂ ਸੀ ਪਰ ਇਸ ਕੰਮ ਲਈ ਜ਼ੈਲਦਾਰ ਮਰਦਾ ਧਰਦਾ ਡਿਪਟੀ ਕਮਿਸ਼ਨਰ ਕੋਲ ਅੱਪੜ ਗਿਆ ਤੇ ਨੁਸਰਤ ਦੀ ਅਰਜ਼ੀ ਨੂੰ ਪ੍ਰਵਾਨਤਾ ਲੱਭ ਗਈ।ਪਿੰਡ ਪੁਲਿਸ ਆ ਗਈ, ਲੰਬੜਾਂ ਨੂੰ ਤੋਏ ਲਾਹਨਤ ਕੀਤੀ, ਮਾਲ ਡੰਗਰ ਬਾਹਰ ਕੱਢ ਕੇ ਗੁਰਦਵਾਰਾ ਨੁਸਰਤ ਦੇ ਹਵਾਲੇ ਕਰ ਦਿਤਾ। ਮਰਦੇ ਮਰਦੇ ਜ਼ੈਲਦਾਰ ਨੇ ਜਿਹੜਾ ਠੂੰਗਾ ਲੰਬੜਾਂ ਦੀ ਕਲਗੀ ਵਿਚ ਨੁਸਰਤ ਕੋਲੋਂ ਮਰਵਾਇਆ ਸੀ ਉਸ ਦਾ ਲਹੂ ਬੰਦ ਹੋਣ ਵਿਚ ਹੀ ਨਹੀਂ ਸੀ ਆਉਂਦਾ। ਅੱਜ ਰਾਤ ਨੂੰ ਔਰੰਗਜ਼ੇਬ ਅਪਣੀ ਹਵੇਲੀ ਵਿਚ ਯਾਰਾਂ-ਬਾਸ਼ਾਂ ਨਾਲ ਬੈਠਾ ਦਾਰੂ ਪੀ ਰਿਹਾ ਸੀ ਤੇ ਗੁਰਦਵਾਰੇ ਦਾ ਲੱਗਾ ਜ਼ਖ਼ਮ ਦਾਰੂ ਨਾਲ ਧੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਸਾਦਕ ਮਰਾਸੀ ਨੇ ਹੁੱਕੇ ਦੀ ਨੜੀ ਔਰੰਗਜ਼ੇਬ ਵਲ ਮੋੜੀ ਤੇ ਉਸ ਨੇ ਆਖਿਆ, ''ਪਰਾਂ ਕਰ ਉਏ ਹੁੱਕੇ ਨੂੰ ਸਾਦੂ, ਤੁਸੀ ਸਾਰੇ ਕੰਮੀ ਬੱਦ ਦੇ ਬੀ ਓ। ਤੁਸਾਂ ਕੰਨੋ ਕੰਨ ਸੂਹ ਨਹੀਂ ਲੱਗਣ ਦਿਤੀ ਕਿ ਕਿਹੜੇ ਵੇਲੇ ਛੀਂਬਿਆਂ ਦੀ ਕੁੜੀ ਨੇ ਜ਼ੈਲਦਾਰ ਨਾਲ ਮਤਾ ਪਕਾ ਦੇ ਡੀ.ਸੀ. ਨੂੰ ਅਰਜ਼ੀ ਦਿਤੀ ਤੇ ਕਿਹੜੇ ਵੇਲੇ ਇਹ ਚੁਪਚਾਪ ਸਾਡੇ ਬਰਖ਼ਿਲਾਫ਼ ਫ਼ੈਸਲੇ ਹੋ ਗਏ। ਹੁਣ ਟਿੱਡੀਆਂ ਵੀ ਮੱਕੇ ਨੂੰ ਟੁਰ ਪਈਆਂ ਨੇ। ਇਹ ਸਾਦੂ ਮਰਾਸੀ, ਜਾਨ ਬਰਵਾਲਾ ਤੇ ਬੋਹਲਾ ਸੱਕਾ ਸਾਰੇ ਫਾਹੇ ਲਾਣੇ ਨੇ। ਇਹ ਜ਼ੈਲਦਾਰ ਵਲ ਨਿੱਤ ਆਉਂਦੇ ਜਾਂਦੇ ਨੇ, ਇਨ੍ਹਾਂ ਨੇ ਹੂੰ ਨਹੀਂ ਕਢਿਆ ਪਈ ਕਿਹੜਾ ਭਾਣਾ ਵਰਤਣ ਲੱਗੈ।

ਭਲਕੇ ਤ੍ਰਕਾਲਾਂ ਨੂੰ ਸਾਰੇ ਮੇਰੀ ਹਵੇਲੀ ਹੋਣੇ ਚਾਹੀਦੇ ਨੇ।'' ਸਾਦੂ ਮਰਾਸੀ ਨੇ ਹੁੱਕਾ ਦੁਰਾਡੇ ਰੱਖ ਕੇ ਆਖਿਆ, ''ਓ ਤੇਰੇ ਬਾਗ਼ ਸਾਵੇ, ਤੇਰੇ ਅੰਬਰੀਂ ਤਾਰੇ ਲੰਬੜਾ, ਮੈਂ ਸਾਰੀ ਹਯਾਤੀ ਤੇਰੇ ਨਾਲ ਤੇਰੇ ਪਿੰਡੇ ਦੀ ਮੈਲ ਬਣ ਕੇ ਚੰਬੜਿਆ ਰਿਹਾ ਹਾਂ। ਮੈਨੂੰ ਕਿਹੜੀਆਂ ਕੀਤੀਆਂ ਦੇ ਤਸੀਹੇ ਦੇਣ ਲੱਗੈਂ। ਮੈਂ ਤਾਂ ਤਿੰਨ ਦਹਾਕਿਆਂ ਤੋਂ ਸ਼ੁਹਦਾ ਹੈਗੀ ਈ ਪਿਛੋਂ ਬਾਹਰ ਸਾਂ। ਮੈਨੂੰ ਕੀ ਪਤੈ ਉਹ ਛੀਂਬਿਆਂ ਦੀ ਛਿਲਤਰ ਤੁਹਾਨੂੰ ਕਿਹੜੇ ਵੇਲੇ ਚੁੱਭ ਗਈ ਏ। ਮੈਂ ਤਾਂ ਉਸ ਦੇ ਮੰਗੋਣੇ ਦੀਆਂ ਚੀਜ਼ਾਂ ਪਿਆ ਵੰਡਦਾ ਜੇ  ਕਈਆਂ ਦਿਨਾਂ ਤੋਂ।'' (ਚਲਦਾ)