ਲੰਮੇ ਹੱਥ (ਭਾਗ 6)

ਸਪੋਕਸਮੈਨ ਸਮਾਚਾਰ ਸੇਵਾ

ਆਇਸ਼ਾ ਨੇ ਉਠ ਕੇ ਨੁਸਰਤ ਨੂੰ ਗਲ ਲਾ ਕੇ ਆਖਿਆ, ''ਕੀ ਬੁਝਾਰਤਾਂ ਪਾਉਨੀ ਏ ਧੀਏ? ਇਹ ਤੇਰੀਆਂ ਪੜ੍ਹਕੂ ਗੱਲਾਂ ਮੇਰੀ ਜਾਚੇ ਨਹੀਂ ਆਉਂਦੀਆਂ। ਮੈਨੂੰ ਸਿੱਧੀ ਸਾਵੀਂ ਗੱਲ...

Amin Malik

ਆਇਸ਼ਾ ਨੇ ਉਠ ਕੇ ਨੁਸਰਤ ਨੂੰ ਗਲ ਲਾ ਕੇ ਆਖਿਆ, ''ਕੀ ਬੁਝਾਰਤਾਂ ਪਾਉਨੀ ਏ ਧੀਏ? ਇਹ ਤੇਰੀਆਂ ਪੜ੍ਹਕੂ ਗੱਲਾਂ ਮੇਰੀ ਜਾਚੇ ਨਹੀਂ ਆਉਂਦੀਆਂ। ਮੈਨੂੰ ਸਿੱਧੀ ਸਾਵੀਂ ਗੱਲ ਦੱਸ ਪਈ ਤੇਰੇ ਤੇ ਕਿਹੜੀ ਭਾਰੀ ਬਣ ਗਈ ਏ? ਜਾ ਨੀ ਜੀਵਾ ਛੇਤੀ ਨਾਲ ਚਾਹ ਦੀ ਸਿੱਪੀ ਬਣਾ ਕੇ ਲਿਆ। ਇਹਦੇ ਤੱਤੀ ਦੇ ਹੱਥ-ਪੈਰ ਈ ਸੀਤ ਨਾਲ ਸੁੰਗੜ ਗਏ ਨੇ।'' ਨੁਸਰਤ ਚਾਹ ਪੀਣ ਲੱਗ ਪਈ ਤੇ ਕਲਸੂਮ ਨੇ ਵੀ ਚੱਸਿਉਲਾਂ ਭਾਬੀ ਕੋਲ ਰੱਖ ਕੇ ਆਖਿਆ, ''ਤੂੰ ਭੋਰਾ ਨਾ ਘਾਬਰ ਆਪਾ ਨੁਸਰਤ, ਮੈਂ ਤੇਰੀ ਭੈਣ ਤੇਰੇ ਨਾਲ ਆਂ। ਲੈ ਫੜ ਚੱਸਿਉਲ ਚੱਬ।''

ਨੁਸਰਤ ਨੂੰ ਕਿਸੇ ਨੇ ਭੈਣ ਆਖਿਆ ਤੇ ਉਸ ਦੇ ਹਿਰਦੇ ਨੇ ਗੂੰਗਾ ਜਿਹਾ ਵੈਣ ਪਾਇਆ ਤੇ ਜਦੋਂ ਹਿਰਦੇ ਉਤੇ ਕਿਸੇ ਜਜ਼ਬਾਤੀ ਗੱਲ ਦਾ ਟੋਪ ਵੱਜੇ ਤਾਂ ਪਾਣੀ ਨਿਕਲ ਆਉਂਦਾ ਹੈ। ਦਿਲ ਦੇ ਖੂਹ 'ਚੋਂ ਪਾਣੀ ਕੱਢ ਕੇ ਲਿਆਉਣ ਵਾਲੀਆਂ ਅੱਖਾਂ ਹੀ ਤਾਂ ਹੁੰਦੀਆਂ ਨੇ ਜਿਹੜੀਆਂ ਟਿੰਡਾਂ ਬਣ ਜਾਂਦੀਆਂ ਨੇ। ਪਾਲੇ ਨਾਲ ਠਰੀਆਂ ਹੋਈਆਂ ਨੁਸਰਤ ਦੀਆਂ ਲਾਲ ਲਾਲ ਗੱਲ੍ਹ ਉਤੇ ਪਿਘਲੀ ਹੋਈ ਮੋਮ ਵਾਂਗ ਅੱਥਰੂਆਂ ਦੇ ਤੁਪਕੇ ਉਸ ਦੀ ਝੋਲੀ ਵਿਚ ਇੰਜ ਡਿੱਗ ਪਏ ਜਿਵੇਂ ਗੁਲਾਬ ਦੇ ਫੁੱਲ ਤੋਂ ਤਰੇਲ। 
ਸੜੀ ਹੋਈ ਸੂਹੀ ਲਾਲ ਅੰਗਿਆਰੀ ਅਪਣੀ ਅੱਗ ਨੂੰ ਚੁੱਪ ਕਰ ਕੇ ਸਹਿੰਦੀ ਬਹਿੰਦੀ ਏ ਪਰ ਜੇ ਉਸ ਤੇ ਕੋਈ ਪਾਣੀ ਦਾ ਛਿੱਟਾ ਮਾਰ ਦਿਉ ਤਾਂ ਉਹ ਚੀਕ ਪੈਂਦੀ ਹੈ।

ਇਸੇ ਹੀ ਤਰ੍ਹਾਂ ਨੁਸਰਤ ਨੂੰ ਜਦੋਂ ਕਿਸੇ ਨੇ ਭੈਣ ਤੇ ਧੀ ਆਖਿਆ ਤਾਂ ਏਨੇ ਚੰਗੇ ਰਿਸ਼ਤਿਆਂ ਦੇ ਨਾਵਾਂ ਨੇ ਉਸ ਨੂੰ ਡੰਗ ਕੇ ਰੱਖ ਦਿਤਾ। ਉਸ ਪਸਾਰ ਵਿਚ ਥੋੜ੍ਹੀ ਜਿਹੇ ਚਿਰ ਲਈ ਬੜੀ ਗੰਭੀਰਤਾ ਰਹੀ। ਜਦੋਂ ਬੱਦਲਾਂ ਨੇ ਰੱਜ ਕੇ ਵਰ੍ਹ ਲਿਆ, ਝੱਖੜ ਚੰਗੀ ਤਰ੍ਹਾਂ ਝੁੱਲ ਕੇ ਖਲੋ ਗਏ ਤੇ ਜਦੋਂ ਰੂਹ ਦਾ ਰੌਲਾ ਹੌਲੀ ਹੌਲੀ ਚੁਪ ਕਰ ਗਿਆ ਤਾਂ ਨੁਸਰਤ ਬੋਲੀ, ''ਮਾਸੀ ਜੀ ਤੁਹਾਡੇ ਘਰ ਤੇ ਦੀਵਾ ਬਲਦੈ ਪਰ ਮੈਂ ਅਪਣੇ ਦੀਵੇ ਨੂੰ ਫੂਕ ਮਾਰ ਕੇ ਆਈ ਹਾਂ। ਮੈਂ ਆਪ ਵੀ ਬੁੱਝ ਜਾਵਾਂ ਤਾਂ ਜੱਗ ਤੇ ਕੋਈ ਹਨੇਰਾ ਨਹੀਂ ਪੈ ਜਾਏਗਾ। ਇਕ ਦਾਦੀ ਹੀ ਦਾਦੀ ਹੈ ਜਿਹੜੀ ਮੈਨੂੰ ਰੋ ਛੱਡੇਗੀ। ਪਰ ਆਖਦੇ ਨੇ ਅੱਤ ਖ਼ੁਦਾ ਦਾ ਵੈਰ ਹੁੰਦੈ ਤੇ ਰੱਬ ਵੈਰ ਨਹੀਂ ਪਾਉਂਦਾ।

ਉਸ ਦਾ ਕਹਿਰ ਚੁੱਪ-ਚੁਪੀਤਾ ਆਉਂਦੈ। ਕਿਸੇ ਜੱਦ ਵਿਚ ਕੱਲਾ ਕੱਲਾ ਪੁੱਤਰ ਇਕ ਦੀਵਾ ਹੀ ਹੁੰਦੈ ਜਿਹੜਾ ਬੁਝ ਜਾਵੇ ਤੇ ਮੇਰੇ ਘਰ ਵਾਂਗ ਹਨੇਰ ਹੀ ਹਨੇਰ ਰਹਿ ਜਾਂਦੈ। ਜੰਮੀ ਤਾਂ ਮੈਂ ਵੀ ਪਿਉ ਤੋਂ ਬਿਨਾਂ ਨਹੀਂ ਸਾਂ ਪਰ ਜਵਾਨ ਹੋਈ ਤਾਂ ਨਾ ਸਿਰ ਤੇ ਮਾਂ ਦੀ ਛਾਂ ਤੇ ਨਾ ਪਿਉ ਦਾ ਹੱਥ। ਮਾਂ ਜੀ! ਜਿਨ੍ਹਾਂ ਨਾਲ ਰੱਬ ਨੇ ਹੀ ਹੱਥ ਕਰ ਦਿਤਾ ਹੋਵੇ ਉਨ੍ਹਾਂ ਨੂੰ ਕੀ ਹੋਰ ਵਿਖਾਣੇ ਹੋਏ? ਅਪਣੇ ਪੁੱਤਰ ਔਰੰਗਜ਼ੇਬ ਨੂੰ ਆਖੋ ਕਿਸੇ ਪੁੱਠੇ ਨਾਲ ਪੁੱਠੀਆਂ ਚੁਕੇ। ਉਹ ਨਾ ਹੋਵੇ ਕਿਧਰੇ ਰੱਬ ਉਲਟੀਆਂ ਪਾ ਦੇਵੇ। ਮੈਂ ਅਪਣੀ ਜਵਾਨੀ ਦੇ ਦੀਵੇ ਉਤੇ ਸ਼ਰਾਫ਼ਤ ਦੇ ਹੱਥ ਦਈ ਫਿਰਦੀ ਆਂ।

ਜੇ ਬੁਝ ਗਿਆ ਤਾਂ ਹਨੇਰ ਪੈ ਜਾਏਗਾ ਤੇ ਜੇ ਭੜਕ ਉਠਿਆ ਤਾਂ ਕਿਤੇ ਪਿੰਡ ਦੇ ਨਾਲ ਪਿੰਡ ਵਾਲੇ ਵੀ ਸੜ ਬਲ ਨਾ ਜਾਣ। ਸਿਦੀਕ ਮੇਰਾ ਹੋਣ ਵਾਲਾ ਖ਼ਾਵੰਦ ਏ? ਜਿਹੜੇ ਗੁਰਦਵਾਰੇ ਵਿਚ ਮੈਂ ਅਪਣੀ ਦਾਦੀ ਨਾਲ ਸਿਰ ਲੁਕਾ ਕੇ ਬੈਠੀਂ ਆਂ, ਉਹ ਰੱਬ ਦਾ ਘਰ ਏ ਤੇ ਦੁਨੀਆਂ ਦੇ ਕਾਨੂੰਨ ਨੇ ਮੈਨੂੰ ਦਿਤੈ। ਮੈਂ ਗ਼ਰੀਬ, ਗ਼ਰੀਬਾਂ ਦਿਆਂ ਬਾਲਾਂ ਨੂੰ ਪੜਿ•ਆਰ ਬਣਾ ਕੇ ਅਪਣਾ ਮਨ ਪਰਚਾ ਕੇ ਉਨ੍ਹਾਂ ਦਾ ਭਲਾ ਕਰ ਰਹੀ ਆਂ ਤਾਂ ਕੀ ਬੁਰਾ ਕੀਤੈ? ਅੱਜ ਮੈਂ ਏਨਾ ਕੁ ਦੱਸਣ ਆਈ ਹਾਂ ਕਿ ਮੈਂ ਭਲਿਆਈ ਦੀ ਇਸ ਜੰਗ ਨੂੰ ਆਖ਼ਰੀ ਸਾਹ ਤਕ ਜਾਰੀ ਰੱਖਾਂਗੀ ਭਾਵੇਂ ਤੁਹਾਡਾ ਪੁੱਤਰ ਮੈਨੂੰ ਉਖਲੀ ਵਿਚ ਪਾ ਕੇ ਛੱਡ ਦੇਵੇ।''

ਨੁਸਰਤ ਨੇ ਏਨਾ ਕੁ ਆਖ ਕੇ ਔਰੰਗਜ਼ੇਬ ਦੇ ਸਾਰੇ ਲੱਛਣਾਂ ਤੋਂ ਲੀੜਾ ਚੁਕ ਦਿਤਾ। ਸਾਰੀਆਂ ਗੱਲਾਂ ਸੁਣ ਕੇ ਲੰਬੜਦਾਰ ਯੂਸਫ਼ ਦੀ ਜ਼ਨਾਨੀ ਆਇਸ਼ਾ ਨੇ ਬਰੂਹਾਂ ਵਿਚ ਬੈਠੀ ਮਾਈ ਜੀਵਾਂ ਨੂੰ ਵਾਜ ਮਾਰੀ ਜਿਸ ਨੇ ਅਪਣੀ ਮੈਲੀ ਜਹੀ ਚੁੰਨੀ ਨਾਲ ਵਗਦੇ ਅੱਥਰੂ ਪੂੰਝ ਕੇ ਅਪਣੀਆਂ ਅੱਖਾਂ ਨੂੰ ਮਿੱਧ ਮਿੱਧ ਕੇ ਲਾਲ ਬੋਟੀ ਕਰ ਲਿਆ ਸੀ। ਆਇਸ਼ਾ ਨੇ ਆਖਿਆ, ''ਜਾ ਜੀਵਾਂ ਦੂਜੇ ਕਮਰੇ 'ਚੋਂ ਰੰਗੂ ਦੇ ਪਿਉ ਨੂੰ ਸੱਦ ਕੇ ਲਿਆ, ਅੱਜ ਅਪਣੇ ਵਿਗੜੇ ਹੋਏ ਪੁੱਤਰ ਦੇ ਚਾਲੇ ਅੱਖੀਂ ਵੇਖ ਲਵੇ ਤੇ ਕੰਨੀਂ ਸੁਣ ਲਵੇ। ਜਦੋਂ ਦਾ ਜ਼ੈਲਦਾਰ ਮਸਕੀਨ ਬੁੱਢਾ ਹੋ ਗਿਐ ਇਨ੍ਹਾਂ ਪਿਉ-ਪੁੱਤਰਾਂ ਦੀਆਂ ਕਰਤੂਤਾਂ ਤੇ ਜਵਾਨੀ ਆ ਗਈ ਏ।'' 

ਅਜੇ ਆਇਸ਼ਾ ਏਨਾ ਹੀ ਆਖ ਰਹੀ ਸੀ ਕਿ ਲੰਬੜਦਾਰ ਖੰਘੂਰਾ ਮਾਰ ਕੇ ਅੰਦਰ ਆ ਕੇ ਆਖਣ ਲੱਗਾ, ''ਕੰਧ ਡਿੱਗ ਪਈ ਏ, ਏਡਾ ਆਰਾ ਪਾਇਐ ਤੂੰ। ਮੈਂ ਸਾਰੀਆਂ ਈ ਸੁਣ ਲਈਆਂ ਨੇ। ਜ਼ੈਲਦਾਰ ਰਹਿਮਤ ਦਾ ਸਾਨੂੰ ਕਿਹੜਾ ਭਾਰ ਤੇ ਪਾਲਾ ਸੀ। ਉਹ ਕੋਈ ਏਡਾ ਵੱਡਾ ਪਰੇਤ ਜਾਂ ਤੰਦਵਾ ਤਾਂ ਨਹੀਂ ਸੀ ਤੇ ਨਾ ਹੀ ਅਸੀ ਉਸ ਦੀ ਮੰਜੀ ਥੱਲੇ ਜੰਮੇ ਸਾਂ। ਹੁਣ ਜੇ ਉਹ ਬੁੱਢਾ ਹੋ ਗਿਐ ਤਾਂ ਜਵਾਨੀ ਵਿਚ ਕਿਹੜਾ ਨਾਢੂ ਸਰਾਫ਼ ਸੀ। ਅਸੀ ਵੇਖਿਐ ਉਸ ਨੂੰ ਵੀ ਤੇ ਵੱਡੇ ਕਿੱਕਰ ਸਿੰਘ ਨੂੰ ਵੀ। ਤੂੰ ਗੱਲ ਕਰ, ਇਹ ਕੁੜੀ ਚਾਹੁੰਦੀ ਕੀ ਏ ਹੁਣ?''

ਆਇਸ਼ਾ ਨੇ ਮੰਜੀ ਤੋਂ ਉਠ ਕੇ ਨੁਸਰਤ ਦੇ ਸਿਰ ਉਤ ਹੱਥ ਰੱਖ ਕੇ ਆਖਿਆ, ''ਇਹ ਪਿੰਡ ਦੀ ਧੀ ਏ ਤੇ ਰੰਗੂ ਇਸ ਗ਼ਰੀਬ ਦੇ ਖਹਿੜੇ ਕਿਉਂ ਪੈ ਗਿਐ। ਕੀ ਵਿਗਾੜਿਆ ਏ ਇਸ ਕੁੜੀ ਨੇ? ਪਿੰਡ ਦੀਆਂ ਧੀਆਂ ਭੈਣਾਂ ਜੇ ਸਾਊ ਹੋਣ ਤਾਂ ਚੌਧਰੀਆਂ ਦੀ ਸੋਭਾ ਹੁੰਦੀ ਏ। ਪਰ ਇਥੇ ਰੰਗੂ ਦੇ ਕੰਮ ਹੀ ਕਵੱਲੇ ਨੇ। ਇਹ ਵਿਚਾਰੀ ਅਪਣੀ ਇਜ਼ਤ ਲੈ ਕੇ ਬੈਠੀ ਹੋਈ ਹੈ ਤੇ ਅਪਣੀ ਬਰਾਦਰੀ ਵਿਚ ਸਿਦੀਕੇ ਨਾਲ ਵਿਆਹ ਕਰ ਕੇ ਵਸਣਾ ਚਾਹੁੰਦੀ ਏ। ਪਰ ਰੰਗੂ ਨੇ ਸਿਦੀਕੇ ਨੂੰ ਛਿੱਤਰ ਪੌਲਾ ਕੀਤੈ ਤੇ ਨਾਲੇ ਪਿੰਡ 'ਚੋਂ ਕੱਢ ਦੇਣ ਦੀ ਧਮਕੀ ਦਿਤੀ ਏ। ਆਖ਼ਰ ਇਸ ਨਖੁੱਟੀ ਨੇ ਵਿਗਾੜਿਆ ਕੀ ਸੀ?'' (ਚਲਦਾ)