ਲੰਮੇ ਹੱਥ (ਭਾਗ 7) 

ਸਪੋਕਸਮੈਨ ਸਮਾਚਾਰ ਸੇਵਾ

ਕਲਸੂਮ ਕੋਲੋਂ ਬੋਲਣ ਲੱਗੀ ਤੇ ਲੰਬੜ ਨੇ ਆਖਿਆ, ''ਓ ਹੁਣ ਸਾਹ ਵੀ ਲਵੋ ਮਾਵਾਂ ਧੀਆਂ। ਔਰੰਗਜ਼ੇਬ ਨੇ ਕਿਹੜਾ ਖੋਤੀ ਨੂੰ ਹੱਥ ਲਾ ਦਿਤੈ। ਸਿਦੀਕੇ ਛੀਂਬੇ ਨੇ ਕੋਈ ਪੁੱਠੀ ਸ...

Amin Malik

ਕਲਸੂਮ ਕੋਲੋਂ ਬੋਲਣ ਲੱਗੀ ਤੇ ਲੰਬੜ ਨੇ ਆਖਿਆ, ''ਓ ਹੁਣ ਸਾਹ ਵੀ ਲਵੋ ਮਾਵਾਂ ਧੀਆਂ। ਔਰੰਗਜ਼ੇਬ ਨੇ ਕਿਹੜਾ ਖੋਤੀ ਨੂੰ ਹੱਥ ਲਾ ਦਿਤੈ। ਸਿਦੀਕੇ ਛੀਂਬੇ ਨੇ ਕੋਈ ਪੁੱਠੀ ਸਿੱਧੀ ਕੀਤੀ ਹੋਣੀ ਏ ਨਹੀਂ ਤੇ ਐਵੇਂ ਕੋਈ ਲਿੱਤਰ ਖਾਂਦੈ? ਸਵੇਰੇ ਪੁੱਛ ਲਵਾਂਗਾ ਮੈਂ ਰੰਗੂ ਨੂੰ, ਪਈ ਕਾਹਦੀ ਇਹ ਕਲ ਕਲ ਪੈ ਗਈ ਏ। ਸਾਡਾ ਤੇ ਜ਼ੈਲਦਾਰ ਦਾ ਗੁਰਦਵਾਰੇ ਤੋਂ ਪੁਰਾਣਾ ਰੱਫੜ ਤੇ ਰੱਟਾ ਚਲਿਆ ਆ ਰਿਹਾ ਸੀ ਤੇ ਇਸ ਕੁੜੀ ਨੇ ਜ਼ੈਲਦਾਰ ਦੇ ਮੋਢੇ ਚੜ੍ਹ ਕੇ ਸਾਡੇ ਨਾਲ ਇੰਜ ਦੀ ਚੜ੍ਹ-ਖੋਤੀ ਕੀਤੀ ਪਈ ਕਿ ਸਾਨੂੰ ਥੇਵਾ ਲਾ ਕੇ ਰੱਖ ਦਿਤਾ।

ਜੇ ਇਹ ਡੀ.ਸੀ. ਨੂੰ ਦਰਖ਼ਾਸਤ ਨਾ ਦਿੰਦੀ ਤਾਂ ਅਸੀ ਕਬਜ਼ਾ ਨਹੀਂ ਸੀ ਛਡਣਾ, ਭਾਵੇਂ ਜ਼ੈਲਦਾਰ ਵਾਹੀ ਵੱਗ ਰਹਿੰਦਾ। ਇਸ ਕੁੜੀ ਨੇ ਸਾਡੇ ਭੋਇੰ ਨਾਲ ਹੱਥ ਲਵਾ ਕੇ ਸ਼ਰੀਕਾਂ ਵਿਚ ਮੂੰਹ ਕੱਢਣ ਜੋਗਾ ਨਹੀ ਛਡਿਆ ਤੇ ਨਾਲੇ ਇਸ ਪਿੰਡ ਦੀ ਰਹੁ ਰੀਤ ਪੁੱਠੀ ਕਰ ਛੱਡੀ ਸੂ। ਜ਼ਰਾ ਗਵੇੜ ਲਾ ਕੇ ਗੱਲ ਨੂੰ ਗੌਲੋ ਤਾਂ ਇਕ ਗੱਲ ਨਿੱਤਰ ਕੇ ਸਾਹਮਣੇ ਆ ਜਾਂਦੀ ਏ ਪਈ ਜੇ ਪਿੰਡ ਦੇ ਕੰਮੀ-ਕਮੀਣਾਂ ਦੇ ਬਾਲਾਂ ਨੇ ਗੁਰਦਵਾਰੇ ਵਿਚ ਬਹਿ ਕੇ ਕਾਇਦੇ ਫੜ ਲਏ ਤਾਂ ਭਲਕੇ ਪਿੰਡ ਦਾ ਮਾਲ ਕੌਣ ਚਾਰੂ? ਇਹ ਲਾਗਾਂ ਕੌਣ ਲਵੇਗਾ, ਵਾਢੀਆਂ ਕਿਸ ਨੇ ਕਰਨੀਆਂ ਨੇ ਤੇ ਕਪਾਹ ਚੁਗਣ ਵਾਸਤੇ ਅਸੀ ਡੀ.ਸੀ. ਨੂੰ ਦਰਖ਼ਾਸਤ ਦੇਵਾਂਗੇ?

ਇਹ ਤਾਂ ਇੰਜ ਲਗਦੈ ਪਈ ਇਸ ਪਿੰਡ ਦੀ ਭੋਇੰ ਰੱਫੜ ਵਿਚ ਹੀ ਪਈ ਰਹੇਗੀ। ਵਾਹੀ ਬੀਜੀ ਮੁਕ ਕੇ ਮਾਲ ਡੰਗਰ ਭੁੱਖਾ ਮਰ ਜਾਏਗਾ। ਇਹ ਗੁਰਦਵਾਰੇ ਵਿਚ ਕਾਇਦੇ ਪੜ੍ਹਨ ਵਾਲੇ ਸ਼ਹਿਰਾਂ ਵਲ ਮੂੰਹ ਕਰ ਲੈਣਗੇ ਤੇ ਪਿੰਡ ਵਿਚ ਸੁੰਨ-ਮਸਾਨ ਹੋ ਜਾਏਗੀ। ਸਿੱਧੀ ਪਧਰੀ ਗੱਲ ਏ ਪਈ ਸ਼ਹਿਰਾਂ ਵਾਲੇ ਪੜ੍ਹਨ ਤੇ ਪਿੰਡਾਂ ਵਾਲੇ ਭੋਇੰ ਬੰਨੇ ਦਾ ਧਿਆਨ ਰੱਖ ਕੇ ਦਾਣੇ ਫੱਕੇ ਦਾ ਆਹਰ ਪਾਹਰ ਕਰਨ। ਅਸਾਂ ਭੋਇੰ 'ਤੇ ਹੱਲ ਚਲਾਣੇ ਨੇ। ਇਸ ਨੇ ਕਲਮਾਂ ਨਾਲ ਲਿਖਣਾ ਨਹੀਂ ਤੇ ਨਾਲੇ ਮੈਂ ਇਸ ਕੁੜੀ ਨੂੰ ਮੱਤ ਦੇਵਾਂਗਾ, ਪਈ ਇਹ ਦਾਦੀ-ਪੋਤਰੀ ਏਡਾ ਵੱਡਾ ਗੁਰਦਵਾਰਾ ਖ਼ਾਲੀ ਕਰ ਦੇਣ ਤੇ ਅਸੀ ਇਨ੍ਹ ਲਈ ਜਗਤੂ ਕਰਾੜ ਵਾਲੀ ਹੱਟੀ ਖ਼ਾਲੀ ਕਰ ਦਿੰਦੇ ਹਾਂ।

ਉਸ ਵਿਚ ਮੌਜ ਨਾਲ ਰਹਿਣ। ਜੇ ਦਾਣੇ ਫੱਕੇ ਜਾਂ ਲੀੜੇ ਲੱਤੇ ਦੀ ਲੋੜ ਹੈ ਤਾਂ ਪੈਸੇ ਦੀ ਇਮਦਾਦ ਵੀ ਕਰ ਦਿਆ ਕਰਾਂਗੇ।'' ਇਹ ਗੱਲ ਆਖ ਕੇ ਲੰਬੜਦਾਰ ਜਾਣ ਲੱਗਾ ਤਾਂ ਨੁਸਰਤ ਨੇ ਆਖਿਆ, ''ਆਗਿਆ ਦਿਉ ਤੇ ਏਨਾ ਆਖਾਂਗੀ ਪਈ ਲਿਖਣ-ਪੜ੍ਹਨ ਦੀ ਮਨਾਹੀ ਕਰਨ ਵਾਲਾ ਦੁਨੀਆਂ ਅਤੇ ਰੱਬ ਦੋਹਾਂ ਦਾ ਹੀ ਮੁਜਰਮ ਹੁੰਦੈ। ਚਲੋ ਖ਼ੱਤ ਪੱਤਰ ਪੜ੍ਹ ਲੈਣਾ ਤਾਂ ਤੁਹਾਨੂੰ ਚੰਗਾ ਨਹੀਂ ਲਗਦਾ ਪਰ ਰੱਬ ਦੀਆਂ ਘੱਲੀਆਂ ਤੇ ਬਜ਼ੁਰਗਾਂ ਦੀਆਂ ਲਿਖੀਆਂ ਕਿਤਾਬਾਂ ਕੋਈ ਪੜ੍ਹ ਲਏਗਾ ਤਾਂ ਕੀ ਮੰਦੈ? ਤੇ ਨਾਲ ਦੁਨੀਆਂ ਦਾ ਕਿਹੜਾ ਇਲਮ ਏ ਜਿਸ ਨੂੰ ਪੜ੍ਹ ਕੇ ਵਾਹੀ ਬੀਜੀ ਨਹੀਂ ਹੋ ਸਕਦੀ?

ਲੋਕਾਂ ਨੂੰ ਇਲਮ ਦੀ ਦੌਲਤ ਤੋਂ ਵਾਂਝਾ ਕਰ ਕੇ ਤੁਸੀ ਕਿਹੜਾ ਜੱਸ ਖਟਣਾ ਚਾਹੁੰਦੇ? ਰਹਿ ਗਈ ਗੱਲ ਗੁਰਦਵਾਰੇ ਦੀ, ਸੋ ਰੱਬ ਦੇ ਘਰ ਵਿਚੋਂ ਇਨਸਾਨਾਂ ਤੇ ਪੜਿਆਰਾਂ ਨੂੰ ਕੱਢ ਕੇ ਉਥੇ ਪਸ਼ੂ ਬੰਨ੍ਹ ਦਿਤੇ ਜਾਣ ਤਾਂ ਇਸ ਗੱਲ ਨੂੰ ਕੋਈ ਚੰਗਾ ਮਨੁੱਖ ਮੰਨਣ ਨੂੰ ਰਾਜ਼ੀ ਨਹੀਂ ਹੋਵੇਗਾ।'' ਇਹ ਸੁਣ ਕੇ ਲੰਬੜਦਾਰ ਨੇ ਸਿਰ ਉਤੇ ਹੱਥ ਫੇਰਿਆ ਤੇ ਇਹ ਆਖ ਕੇ ਅੰਦਰ ਵੜ ਗਿਆ, ''ਇਹ ਤੂੰ ਨਹੀਂ ਕੁੜੀਏ, ਤੇਰੇ 'ਚੋਂ ਜ਼ੈਲਦਾਰ ਰਹਿਮਤ ਦਾ ਭੂਤ ਬੋਲਦੈ।'' ਨੁਸਰਤ ਪੈਂਦਾਂ ਤੋਂ ਅਪਣਾ ਖੇਸ ਫੜ ਕੇ ਉਠਣ ਲੱਗੀ ਤਾਂ ਕਲਸੂਮ ਨੇ ਜੱਫੀ ਪਾ ਲਈ। 

ਉਸ ਆਖਿਆ, ''ਆਪਾ ਨੁਸਰਤ, ਕਲ ਤੋਂ ਮੈਂ ਵੀ ਤੇਰੇ ਕੋਲ ਪੜ੍ਹਨ ਆਵਾਂਗੀ ਤੇ ਵੇਖਾਂਗੀ ਤੈਨੂੰ ਪੜ੍ਹਉਣ ਤੋਂ ਕੌਣ ਡਕਦੈ। ਜੇ ਔਰੰਗਜ਼ੇਬ ਲੰਬੜਦਾਰ ਦਾ ਪੁੱਤਰ ਏ ਤਾਂ ਮੈਂ ਵੀ ਉਸ ਦੀ ਧੀ ਹਾਂ।'' ਇਹ ਗੱਲ ਸੁਣ ਕੇ ਨੁਸਰਤ ਦੀਆਂ ਅੱਖਾਂ ਨੇ ਫਿਰ ਖੂਹ ਜੋਤ ਲਿਆ ਤੇ ਕਲਸੂਮ ਨੂੰ ਗਲ ਲਾ ਕੇ ਆਖਿਆ, ''ਜੇ ਤੇਰੇ ਜਹੀ ਭੈਣ ਤੇ ਮਾਂ ਵਰਗੀ ਮਾਸੀ ਲੱਭ ਜਾਏ ਤਾਂ ਮੈਨੂੰ ਸੱਤੇ ਹੀ ਖ਼ੈਰਾਂ ਨੇ। ਇਹ ਭੋਇੰ ਤੇ ਪੈਸੇ ਵਾਲੇ, ਪੈਸੇ ਨੂੰ ਇੱਜ਼ਤ ਸਮਝਦੇ ਨੇ ਪਰ ਅਸੀ ਇੱਜ਼ਤ ਨੂੰ ਪੈਸਾ ਜਾਣਦੇ ਹਾਂ।''

ਆਇਸ਼ਾ ਨੇ ਨੁਸਰਤ ਨੂੰ ਤਸੱਲੀ ਦਿਤੀ ਤੇ ਆਖਿਆ, ''ਤੂੰ ਮੈਨੂੰ ਮਾਂ ਹੀ ਜਾਣ ਧੀਏ। ਤੂੰ ਮੇਰੇ ਲਈ ਦੂਜੀ ਕਲਸੂਮ ਏਂ। ਚਿੰਤਾ ਨਾ ਕਰੀਂ ਮੈਂ ਰੰਗੂ ਨਾਲ ਆਪ ਨਜਿੱਠ ਲਾਂਗੀ।'' ਨੁਸਰਤ ਟੁਰਨ ਲੱਗੀ ਤਾਂ ਆਇਸ਼ਾ ਨੇ ਚਾਰ ਚਾਰ ਵੱਟੀਆ ਚੌਲ ਤੇ ਸ਼ੱਕਰ ਮਾਈ ਜੀਵਾਂ ਦੇ ਸਿਰ ਤੇ ਚੁਕਾ ਕੇ ਨੁਸਰਤ ਦੇ ਨਾਲ ਟੋਰ ਦਿਤੀ ਤੇ ਨਾਲੇ ਪੱਕੀ ਕੀਤੀ ਪਈ ਉਹ ਨੁਸਰਤ ਨੂੰ ਘਰ ਤਕ ਛੱਡ ਕੇ ਆਵੇ। (ਚਲਦਾ)