ਲੰਮੇ ਹੱਥ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਸੂਰਜ ਡੁੱਬਾ ਤੇ ਨੁਸਰਤ ਨੇ ਨਮਾਜ਼ ਪੜ੍ਹ ਕੇ ਰੱਬ ਵਲ ਹੱਥ ਚੁੱਕ ਕੇ ਆਖਿਆ, ''ਜੱਗ ਦਿਆ ਮਾਲਕਾ। ਕਿਧਰੇ ਮੈਂ ਤੇਰੇ ਘਰ ਨੂੰ ਵਸਾਂਦੀ ਵਸਾਂਦੀ ਆਪ ਨਾ ਉੱਜੜ ਜਾਵਾਂ। ਮੈਂ...

Amin Malik

ਸੂਰਜ ਡੁੱਬਾ ਤੇ ਨੁਸਰਤ ਨੇ ਨਮਾਜ਼ ਪੜ੍ਹ ਕੇ ਰੱਬ ਵਲ ਹੱਥ ਚੁੱਕ ਕੇ ਆਖਿਆ, ''ਜੱਗ ਦਿਆ ਮਾਲਕਾ। ਕਿਧਰੇ ਮੈਂ ਤੇਰੇ ਘਰ ਨੂੰ ਵਸਾਂਦੀ ਵਸਾਂਦੀ ਆਪ ਨਾ ਉੱਜੜ ਜਾਵਾਂ। ਮੈਂ ਤੇਰੇ ਕੋਲੋਂ ਦੁਨੀਆਂ ਦਾ ਧਨ-ਦੌਲਤ ਤੇ ਦੁੱਧ-ਪੁੱਤ ਨਹੀਂ ਮੰਗੇ। ਤੇਰੀ ਇਸ ਭਰੀ ਦੁਨੀਆਂ ਵਿਚ ਇਕੋ ਹੀ ਤਾਂਘ ਏ ਕਿ ਮੇਰੀ ਇਜ਼ਤ ਦੀ ਚਿੱਟੀ ਚੁੰਨੀ ਤੇ ਕੋਈ ਛਿੱਟ ਨਾ ਪੈਣ ਦਈਂ।'' ਦੁਆ ਮੰਗ ਕੇ ਨੁਸਰਤ ਨੇ ਬਾਹਰ ਝਾਤੀ ਮਾਰੀ ਤੇ ਸਿਆਲ ਦੀ ਕਾਲੀ ਰਾਤ ਨੇ ਸ਼ਾਮ ਦੇ ਘੁਸਮੁਸੇ ਨੂੰ ਅਪਣੇ ਖੰਭਾਂ ਥੱਲੇ ਲੈ ਲਿਆ ਸੀ। ਗਲੀਆਂ ਵਿਚ ਖੇਡਦੇ ਬਾਲਾਂ ਦੀ ਖੇਪ ਹੌਲੀ ਹੌਲੀ ਮੁੱਕ ਗਈ ਸੀ।

ਡੰਗਰਾਂ ਨੂੰ ਕੁੜ੍ਹ ਵਿਚ ਬੰਨ੍ਹਦਿਆਂ ਕਿਧਰੇ ਕਿਧਰੇ ਪਸ਼ੂ ਦੀ ਸੰਘੀ ਖੜਕਦੀ ਸੁਣਾਈ ਦਿੰਦੀ ਸੀ। ਠੰਢੀਆਂ ਠਾਰ ਹਵਾਵਾਂ ਸੀਟੀਆਂ ਮਾਰਨ ਲੱਗ ਪਈਆਂ ਸਨ ਤੇ ਕੁੱਤੇ ਅਪਣੀਆਂ ਠਰਦੀਆਂ ਨਾਸਾਂ ਨੂੰ ਲੱਤਾਂ ਵਿਚ ਲੈ ਕੇ ਭੱਠੀਆਂ ਤੇ ਚੁਲਿ੍ਹਆਂ ਦੀ ਨਿੱਘੀ ਭੁੱਬਲ ਵਿਚ ਆਣ ਬੈਠੇ ਸਨ। ਪੋਹ ਦੀ ਅੰਨ੍ਹ ਗੁੰਗੀ ਤੇ ਕਾਲੀ ਰਾਤ ਨੇ ਸਾਰੇ ਪਿੰਡ ਨੂੰ ਜਦ ਅਪਣੀ ਬੁੱਕਲ ਵਿਚ ਲੈ ਲਿਆ ਤਾਂ ਨੁਸਰਤ ਨੇ ਦਾਦੀ ਦੇ ਖ਼ਰਾਟੇ ਸੁਣ ਕੇ ਦੀਵੇ ਨੂੰ ਫੂਕ ਮਾਰ ਦਿਤੀ। ਸਿਰ ਵਿਚੋਂ ਖ਼ੌਫ਼ ਨੂੰ ਗਾਚੀ ਕਰ ਕੇ ਬਾਹਰ ਸੁਟਿਆ ਤੇ ਖੇਸ ਦੀ ਬੁੱਕਲ ਮਾਰ ਕੇ ਦਾਦੀ ਨੂੰ ਰੱਬ ਦੇ ਸਪੁਰਦ ਕਰ ਕੇ ਬੂਹਾ ਢੋ ਕੇ ਮਲਕੜੇ ਹੀ ਬਾਹਰ ਨਿਕਲ ਗਈ।

ਉਸ ਨੇ ਜੀਅ ਵਿਚ ਧਾਰ ਲਿਆ ਸੀ ਪਈ ਜੇ ਜਾਨ ਨੂੰ ਤਲੀ ਤੇ ਨਾ ਰਖਿਆ ਤਾਂ ਜਹਾਨ ਹੱਥ ਵਿਚ ਨਹੀਂ ਆਉਣਾ ਤੇ ਜਹਾਨ ਨੂੰ ਮੈਂ ਹੱਥ ਵਿਚ ਨਾ ਲਿਆ ਤਾਂ ਜਹਾਨ ਨੇ ਮੈਨੂੰ ਪੈਰਾਂ ਥੱਲੇ ਲੈ ਲੈਣਾ ਹੈ। ਇੰਜ ਲੋਕਾਂ ਦੇ ਪੈਰਾਂ 'ਚੋਂ ਜ਼ਿੰਦਗੀ ਲੱਭਣ ਨਾਲੋਂ ਸਿਰ ਗੁਆ ਕੇ ਹਯਾਤੀ ਦਾ ਮੁੱਲ ਪਵਾ ਜਾਣਾ ਕਿਧਰੇ ਚੰਗਾ ਸੌਦਾ ਹੈ? ਉਹ ਟੁਰ ਪਈ ਪਰ ਕੱਚੀ ਉਮਰ ਦੇ ਇਰਾਦੇ ਭਾਵੇਂ ਕਿੰਨੇ ਵੀ ਪੱਕੇ ਸਨ, ਜਦੋਂ ਉਹ ਪਿੰਡ ਦੀਆਂ ਗਲੀਆਂ ਵਿਚੋਂ ਹਨੇਰੀ ਰਾਤ ਨੂੰ ਅਪਣੀ ਮੰਜ਼ਿਲ ਵਲ ਟੁਰੀ ਜਿਥੇ ਉਸ ਨੂੰ ਅਪਣਾ ਹੱਥ ਵੀ ਵਿਖਾਈ ਨਹੀਂ ਸੀ ਦਿੰਦਾ। ਉਸ ਦੇ ਮੱਥੇ ਤੇ ਕਈ ਤਰੇਲੀਆਂ ਆਈਆਂ। ਉਹ ਟੋਹ ਟੋਹ ਕੇ ਪੈਰ ਰਖਦੀ ਬਲਦੀ ਦੇ ਬੂਥੇ ਵਿਚ ਪੈਰ ਪਾਉਣ ਚੱਲੀ ਸੀ।

ਉਥੇ ਕਈ ਹੋਣੀਆਂ ਨਚਦੀਆਂ ਸਨ, ਕਈ ਅੱਗਾਂ ਬਲਦੀਆਂ ਸਨ। ਉਹ ਭੂਤਾਂ ਦਾ ਡੇਰਾ ਸੀ ਜਿੱਥੇ ਇਜ਼ਤਾਂ ਨੂੰ ਚੁੜੈਲਾਂ ਚੰਬੜ ਜਾਂਦੀਆਂ ਸਨ। ਉਹ ਫਿਰ ਵੀ ਕੰਧਾਂ ਨੂੰ ਟੋਹ ਟੋਹ ਕੇ ਹਨੇਰੇ ਵਿਚ ਟੁਰਦੀ ਟੁਰਦੀ ਉਸ ਥਾਂ ਪੁਜ ਗਈ ਜਿੱਥੇ ਹੋਰ ਵੀ ਹਨੇਰੇ ਪੈ ਜਾਣ ਦਾ ਖ਼ਤਰਾ ਸੀ। ਧੜਕਦੇ ਕਾਲਜੇ ਨਾਲ ਅਜੇ ਉਹ ਬੂਹਾ ਖੜਕਾਣ ਹੀ ਲੱਗੀ ਸੀ ਕਿ ਕਿਸੇ ਸ਼ੈਅ ਨੇ ਉਸ ਦਾ ਹੱਥ ਫੜ ਲਿਆ। ਉਸ ਨੂੰ ਇੰਜ ਲੱਗਾ ਜਿਵੇਂ ਉਸ ਦੇ ਅੰਦਰ ਦਾ ਕੁੰਡਾ ਖੜਕਾ ਕੇ ਆਖਿਆ ਹੋਵੇ, ''ਤੇਰੀ ਹਿੰਮਤ ਤੇਰੀ ਅਕਲ ਨਾਲ ਸਲਾਹ ਕੀਤੇ ਬਿਨਾਂ ਤੈਨੂੰ ਜਿਥੇ ਲੈ ਕੇ ਆ ਗਈ ਏ ਉਥੇ ਤੇਰਾ ਸਾਰਾ ਕੁੱਝ ਹੀ ਗੁਆਚ ਜਾਣੈ ਤੇ ਕੁੱਝ ਕੀਤੇ ਬਿਨਾਂ ਹਰ ਸ਼ੈਅ ਸੜ ਬਲ ਗਈ ਤਾਂ ਉਸ ਦਾ ਧੂੰਆਂ ਤੇਰੀ ਦਾਦੀ ਦੀਆਂ ਅੱਖਾਂ ਅੰਨ੍ਹਆਂ ਕਰ ਦਏਗਾ।''

ਇਹ ਸੋਚ ਕੇ ਨੁਸਰਤ ਨੇ ਔਰੰਗਜ਼ੇਬ ਦੀ ਹਵੇਲੀ ਦਾ ਬੂਹਾ ਛੱਡ ਕੇ ਉਸ ਦੇ ਮਾਪਿਆਂ ਦੇ ਘਰ ਦਾ ਕੁੰਡਾ ਜਾ ਖੜਕਾਇਆ। ਮਾਈ ਜੀਵਾਂ ਨੇ ਬੂਹਾ ਲਾਹਿਆ ਤਾਂ ਕੁਵੇਲੇ ਜਿਹੇ ਇਕ ਇਕੱਲੀ ਜ਼ਨਾਨੀ ਵੇਖ ਕੇ ਉਸ ਦਾ ਤ੍ਰਾਹ ਨਿਕਲ ਗਿਆ। ਉਹ ਨੁਸਰਤ ਨੂੰ ਪਸਾਰ ਤੀਕ ਲੈ ਗਈ ਤੇ ਅੱਗੇ ਲੰਬੜਦਾਰ ਯੂਸਫ਼ ਖਰਲ ਦੀ ਜ਼ਨਾਨੀ ਆਇਸ਼ਾ ਤੇ ਉਸ ਦੀ ਧੀ ਕਲਸੂਮ ਅਪਣੀ ਸਹੇਲੀ ਨਾਲ ਛਾਬੀ ਵਿਚ ਚੱਸਿਉਲ ਪਾ ਕੇ ਚੱਬਣ ਡਹੀਆਂ ਸਨ। ਅੰਦਰ ਵੜ ਕੇ ਨੁਸਰਤ ਨੇ ਅਪਣੇ ਉਤੋਂ ਖੇਸ ਲਾਹ ਕੇ ਮੰਜੇ ਤੇ ਰੱਖ ਦਿਤਾ ਤੇ ਜਦੋਂ ਲਾਲਟੇਨ ਦੀ ਲੋਅ ਵਿਚ ਸਾਰਿਆਂ ਨੇ ਨੁਸਰਤ ਨੂੰ ਵੇਖਿਆ ਤਾਂ ਇੰਜ ਲੱਗਾ ਜਿਵੇਂ ਬੜੇ ਹੀ ਝਨਾਅ ਤਰ ਕੇ ਸੋਹਣੀ ਪਾਰ ਲੱਗੀ ਹੋਵੇ।

ਜਿਵੇਂ ਕਈਆਂ ਬੰਨਿਆਂ ਵਿਚ ਲੁਕਦੀ ਲੁਕਦੀ ਹੀਰ ਚੂਰੀ ਲੈ ਕੇ ਪੁੱਜੀ ਹੋਵੇ। ਉਸ ਦਾ ਚਿੱਟਾ ਰੰਗ ਹੋਰ ਵੀ ਪੂਣੀ ਵਰਗਾ ਹੋ ਗਿਆ ਸੀ। ਆਇਸ਼ਾ ਨੇ ਉਠ ਕੇ ਪਿਆਰ ਦਿਤਾ ਤੇ ਆਖਿਆ, ''ਰੱਬ ਝੂਠ ਨਾ ਬੁਲਾਏ ਤੇਰਾ ਨਾਂ ਨੁਸਰਤ ਤੇ ਨਹੀਂ? ਇਸ ਵੇਲੇ ਕੌੜੇ ਸੋਤੇ ਆਉਣ ਦਾ ਕਸ਼ਟ ਕਿਵੇਂ ਕੀਤਾ ਈ? ਕੱਲਮ ਕੱਲੀ ਏਡੇ ਹਨੇਰੇ ਆਈ ਏਂ ਖ਼ੈਰ ਤਾਂ ਹੈ?'' ਨੁਸਰਤ ਇਕ ਮੰਜੀ ਦੀਆਂ ਪੈਂਦਾਂ ਵਾਲੇ ਪਾਸੇ ਬਹਿ ਕੇ ਆਖਣ ਲੱਗੀ, ''ਮਾਂ ਜੀ ਜਿਹੜੇ ਜੰਮਦਿਆਂ ਹੀ ਕੱਲੇ ਹੋ ਗਏ ਹੋਣ, ਉਨ੍ਹਾਂ ਨੂੰ ਅਪਣੇ ਪੈਂਡੇ ਕੱਲਿਆਂ ਈ ਕਟਣੇ ਪੈਂਦੇ ਨੇ।

ਤੁਸਾਂ ਹਨੇਰੇ ਦੀ ਗੱਲ ਕੀਤੀ ਏ। ਜਿਹਦੀ ਦੁਨੀਆਂ ਹੀ ਹਨੇਰਾ ਹੋ ਗਈ ਹੋਵੇ ਉਸ ਨੂੰ ਕੀ ਪਤੈ ਸਵੇਰ ਕੀ ਹੁੰਦੀ ਏ? ਇਸ ਵੇਲੇ ਆਉਣ ਦਾ ਕਾਰਨ ਇਹ ਹੈ ਕਿ ਧੀਆਂ ਤੇ ਜਦੋਂ ਵੀ ਭਾਰੀ ਬਣਦੀ ਏ ਉਹ ਮਾਪਿਆਂ ਦੇ ਬੂਹੇ ਤੇ ਹੀ ਆਣ ਖਲੋਂਦੀਆਂ ਨੇ। ਸੁਣਿਐ ਧੀਆਂ ਸਾਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਨਾਲੇ ਧੀਆਂ ਵਾਲੇ ਪਿੰਡ ਦੀ ਧੀ ਦੇ ਸਿਰ ਉਤੇ ਵੀ ਹੱਥ ਰੱਖ ਕੇ ਅਪਣੀ ਧੀ ਦੀ ਲਾਜ ਨਿਭਾਂਦੇ ਨੇ।'' (ਚਲਦਾ)