ਜਸ਼ਨ ਦੌਰਾਨ ਗੋਲੀਬਾਰੀ 'ਚ ਹੋਏ ਹਾਦਸੇ ਲਈ ਪ੍ਰਬੰਧਕ ਹੋਣਗੇ ਜ਼ਿੰਮੇਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹ ਜਾਂ ਹੋਰ ਪ੍ਰੋਗਰਾਮਾਂ 'ਚ ਜਸ਼ਨ ਮਨਾਉਂਦੇ ਸਮੇਂ ਗੋਲੀ ਚਲਾਏ ਜਾਣ ਸਮੇਂ ਜੇ ਕੋਈ ਦੁਰਘਟਨਾ ਹੁੰਦੀ ਹੈ........

Wedding Event

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹ ਜਾਂ ਹੋਰ ਪ੍ਰੋਗਰਾਮਾਂ 'ਚ ਜਸ਼ਨ ਮਨਾਉਂਦੇ ਸਮੇਂ ਗੋਲੀ ਚਲਾਏ ਜਾਣ ਸਮੇਂ ਜੇ ਕੋਈ ਦੁਰਘਟਨਾ ਹੁੰਦੀ ਹੈ ਤਾਂ ਇਸ ਲਈ ਸਮਾਗਮ ਦੇ ਪ੍ਰਬੰਧਕ ਵੀ ਜ਼ਿੰਮੇਵਾਰ ਹੋਣਗੇ। ਜਸਟਿਸ ਵਿਭੂ ਬਾਰਵਰੂ ਨੇ ਕਿਹਾ ਕਿ ਸਮਾਗਮ ਦੇ ਪ੍ਰਬੰਧਕ ਨੂੰ ਇਹ ਨਿਸ਼ਚਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਮਾਗਮ 'ਚ ਆਉਣ ਵਾਲੇ ਮਹਿਮਾਨ ਗੋਲੀ ਨਾ ਚਲਾਉਣ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦੇਣੀ ਪਵੇਗੀ। ਅਦਾਲਤ ਨੇ ਕਿਹਾ ਕਿ ਜੇ ਅਜਿਹੇ ਮਾਮਲਿਆਂ 'ਚ ਸਰਕਾਰ ਕੋਈ ਹੁਕਮ ਜਾਰੀ ਨਹੀਂ ਕਰਦੀ, ਉਦੋਂ ਇਸ ਸਬੰਧੀ ਪ੍ਰਬੰਧਕਾਂ ਨੂੰ ਜ਼ਿੰਮੇਵਾਰੀ ਤੈਅ ਕਰਨ ਦੀ ਜ਼ਰੂਰਤ ਹੁੰਦੀ ਹੈ।

ਅਦਾਲਤ ਨੇ ਕਿਹਾ ਕਿ ਆਮ ਤੌਰ 'ਤੇ ਜਦ ਵਿਆਹ ਜਾਂ ਹੋਰ ਪ੍ਰੋਗਰਾਮ ਹੁੰਦੇ ਹਨ ਤਾਂ ਲੋਕ ਹਥਿਆਰ ਨਾਲ ਲੈ ਕੇ ਆਉਂਦੇ ਹਨ ਅਤੇ ਖ਼ੁਸ਼ੀ 'ਚ ਫੋਕੀ ਟੌਹਰ ਲਈ ਗੋਲੀ ਚਲਾ ਦਿੰਦੇ ਹਨ ਜਿਸ ਨਾਲ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਹੁੰਦਾ ਹੈ। ਅਦਾਲਤ 'ਚ ਸ਼ਿਆਮ ਸੁੰਦਰ ਕੌਸ਼ਲ ਵਲੋਂ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਹੁਕਮ ਦਿਤੇ। 2016 'ਚ ਪਟੀਸ਼ਨਕਰਤਾ ਦੇ ਘਰ ਲਾਗੇ ਵਿਆਹ ਦੇ ਪ੍ਰੋਗਰਾਮ 'ਚ ਗੋਲੀ ਚੱਲਣ ਨਾਲ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ ਸੀ ਜਿਸ 'ਤੇ ਉਨ੍ਹਾਂ ਨੇ ਲਾੜੇ ਦੇ ਪਰਵਾਰ ਕੋਲੋਂ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗੀ ਕੀਤੀ ਹੈ।

ਪਟੀਸ਼ਨਕਰਤਾ ਨੇ ਦਿੱਲੀ ਸਰਕਾਰ, ਕੇਂਦਰ ਸਰਕਾਰ ਅਤੇ ਪੁਲਿਸ ਕੋਲੋਂ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ। ਲਾੜੇ ਦੇ ਪਰਵਾਰ ਨੇ ਕਿਹਾ ਕਿ ਉਨ੍ਹਾਂ ਦੇ ਸਮਾਗਮ 'ਚ ਉਨ੍ਹਾਂ ਦੇ ਮਹਿਮਾਨਾਂ ਵਲੋਂ ਚਲਾਈ ਗੋਲੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਕਿਸੇ ਹੋਰ ਵਿਅਕਤੀ ਵਲੋਂ ਚਲਾਈ ਗੋਲੀ 'ਤੇ ਉਨ੍ਹਾਂ ਦਾ ਕੋਈ ਨਿਯੰਤਰਣ ਨਹੀਂ ਸੀ ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਲਾੜੇ ਅਤੇ ਉਸ ਦੇ ਪਿਤਾ ਨੇ ਇਸ ਸਮਾਗਮ ਦਾ ਪ੍ਰਬੰਧ ਕੀਤਾ ਸੀ ਜਿਸ ਕਰ ਕੇ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਏਗਾ।           (ਪੀ.ਟੀ.ਆਈ.)

Related Stories