ਸੱਤਾ ਦੀ ਦੁਰਵਰਤੋਂ ਕਰ ਰਹੇ ਹਨ ਬਿੱਟੂ ਦੇ ਸਮਰਥਕ : ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਨੂੰ ਕਾਰਵਾਈ ਦੀ ਮੰਗ ਕੀਤੀ

Ravneet Bittu supporters misuse of power : Grewal

ਲੁਧਿਆਣਾ : ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਮਰਥਕ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ। ਸੱਤਾਧਾਰੀ ਪਾਰਟੀ ਦਾ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਲੋਕਤਾਂਤਰਿਕ ਪ੍ਰਕਿਰਿਆ ਦਾ ਮਜ਼ਾਕ ਬਣਾ ਰਹੇ ਹਨ। ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲਗਾਏ। ਉਨ੍ਹਾਂ ਭਾਰਤੀ ਚੋਣ ਕਮਿਸ਼ਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਗਰੇਵਾਲ ਨੇ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸਰਦੂਲਗੜ੍ਹ ਤੋਂ ਯੂਥ ਕਾਂਗਰਸ ਦੇ ਆਗੂ ਵਿਕਰਮਜੀਤ ਸਿੰਘ ਮੋਫ਼ਰ ਦੀ ਇਕ ਵੀਡੀਓ ਕਲਿੱਪ ਪੇਸ਼ ਕੀਤੀ, ਜਿਸ 'ਚ ਸੁਣਿਆ ਜਾ ਸਕਦਾ ਹੈ ਕਿ ਬਿੱਟੂ ਦੇ ਸਮਰਥਕ ਚੋਣ ਜਿੱਤਣ ਲਈ ਹਰ ਤਰੀਕਾ ਅਪਣਾਏ ਜਾਣ ਦੀ ਗੱਲ ਕਰ ਰਹੇ ਹਨ। ਵੀਡੀਓ 'ਚ ਮੋਫ਼ਰ ਨੂੰ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਸ਼ਰਾਬ, ਨਸ਼ਾ, ਪੁਲਿਸ ਤੇ ਧੱਕੇਸ਼ਾਹੀ ਨਾਲ ਚੋਣ ਜਿੱਤੋ।

ਗਰੇਵਾਲ ਨੇ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਪਾਰਟੀ ਤੇ ਉਸ ਦੇ ਆਗੂ ਆਪਣੀ ਹਾਰ ਵੇਖ ਕੇ ਨਿਰਾਸ਼ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਾਂਗਰਸੀ ਆਗੂਆਂ ਤੇ ਬਿੱਟੂ ਦੇ ਸਮਰਥਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਆਪਣੇ ਵਿਰੋਧੀਆਂ ਵਿਰੁੱਧ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਮੋਫ਼ਰ ਨੂੰ ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦੇ ਹਨ ਕਿ ਅਕਾਲੀ ਅਜਿਹੀਆਂ ਗੱਲਾਂ ਨੂੰ ਸਹਿਣ ਨਹੀਂ ਕਰਨਗੇ ਅਤੇ ਉਹ ਵੋਟਰਾਂ ਨੂੰ ਦਬਾਅ ਤੋਂ ਦੂਰ ਰੱਖਣ ਲਈ ਹਰ ਮੁਮਕਿਨ ਕਦਮ ਚੁੱਕਣਗੇ।

ਗਰੇਵਾਲ ਨੇ ਸਪੈਸ਼ਲ ਟਾਸਕ ਫੋਰਸ ਦੇ ਰੋਲ 'ਤੇ ਵੀ ਸਵਾਲ ਚੁੱਕੇ, ਜਿਸ ਦਾ ਗਠਨ ਸੂਬੇ ਅੰਦਰ ਨਸ਼ਿਆਂ ਦੇ ਖ਼ਾਤਮੇ ਲਈ ਕੀਤਾ ਗਿਆ ਸੀ। ਗਰੇਵਾਲ ਨੇ ਸਵਾਲ ਕੀਤਾ ਕਿ ਕਾਂਗਰਸੀ ਆਗੂ ਸ਼ਰੇਆਮ ਆਪਣੇ ਹਿਮਾਇਤੀਆਂ ਨੂੰ ਵੋਟ ਲੈਣ ਲਈ ਨਸ਼ਾ ਸਪਲਾਈ ਕਰਨ ਲਈ ਭੜਕਾ ਰਹੇ ਹਨ ਅਤੇ ਉਹ ਹੈਰਾਨ ਹਨ ਕਿ ਐਸਟੀਐਫ ਕਿੱਥੇ ਹੈ ਜਾਂ ਇਸ ਦਾ ਉਦੇਸ਼ ਸਿਰਫ਼ ਲੋਕਾਂ ਨਾਲ ਸਿਆਸੀ ਬਦਲੇ ਲੈਣਾ ਹੈ?

ਉਨ੍ਹਾਂ ਕਿਹਾ ਕਿ ਸਾਫ਼ ਤੌਰ 'ਤੇ ਬਿੱਟੂ ਨਿਰਾਸ਼ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਸੱਚਾਈ ਕੰਧ 'ਤੇ ਲਿਖੀ ਨਜ਼ਰ ਆ ਗਈ ਹੈ। ਉਨ੍ਹਾਂ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਅਸੀਂ ਕਿਸੇ ਨੂੰ ਵੀ ਅਪਰਾਧਿਕ ਧੱਕੇਸ਼ਾਹੀ ਕਰਨ ਜਾਂ ਲੋਕਾਂ ਨੂੰ ਧਮਕਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ, ਭਾਵੇਂ ਉਹ ਸਰਦੂਲਗੜ੍ਹ ਤੋਂ ਹੋਵੇ ਜਾਂ ਕਿਤੋਂ ਹੋਰ ਤੋਂ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪੁਲਿਸ ਮਾਮਲੇ 'ਚ ਕੇਸ ਦਰਜ ਕਰੇਗੀ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Related Stories