ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਮੰਡੌਲੀ ਖੁਰਦ? ਕੀ ਆਖਦੇ ਹਨ ਪਿੰਡ ਵਾਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਦੀਆਂ ਮੁੱਖ ਮੰਗਾਂ ਸਕੂਲ ਦੀ ਮੁਰੰਮਤ, ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਅਤੇ ਪੱਕੀਆਂ ਸੜਕਾਂ ਦਾ ਨਿਰਮਾਣ ਹਨ

Tandrust Punjab mission : Village Mandoli Khurd

ਰੋਪੜ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸਮੁੱਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ 'ਸਪੋਕਸਮੈਨ ਟੀਵੀ' ਦੀ ਟੀਮ ਜ਼ਿਲ੍ਹਾ ਰੋਪੜ ਦੇ ਪਿੰਡ ਮੰਡੌਲੀ ਖੁਰਦ ਪੁੱਜੀ।

'ਸਪੋਕਸਮੈਨ' ਦੇ ਪੱਤਰਕਾਰ ਨੇ ਪਿੰਡ ਮੰਡੌਲੀ ਖੁਰਦ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਪਿੰਡਾਂ ਅੰਦਰ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਵਧੀਆ ਸਰੋਤ ਨਹੀਂ ਹੈ, ਜਿਸ ਕਾਰਨ ਗੰਦਾ ਪਾਣੀ ਹਮੇਸ਼ਾ ਗਲੀਆਂ 'ਚ ਖੜਾ ਰਹਿੰਦਾ ਹੈ। ਪਿੰਡ ਅੰਦਰ ਬਣੇ ਤਿੰਨ ਛੱਪੜਾਂ ਦਾ ਬੁਰਾ ਹਾਲ ਹੈ। ਪਿੰਡ ਅੰਦਰ ਨਾ ਹੀ ਕੋਈ ਡਿਸਪੈਂਸਰੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਕੋਈ ਖੇਡ ਮੈਦਾਨ ਵੀ ਨਹੀਂ ਹੈ।

ਇਕ ਹੋਰ ਨੌਜਵਾਨ ਨੇ ਦੱਸਿਆ ਕਿ ਆਜ਼ਾਦੀ ਮਿਲੇ ਨੂੰ 72 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਪਿੰਡ ਦਾ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ, ਉਹ ਹਾਲੇ ਤਕ ਨਹੀਂ ਹੋਇਆ ਹੈ। ਪਿੰਡ ਅੰਦਰ ਲੋਕਾਂ ਦੇ ਇਲਾਜ ਲਈ ਕੋਈ ਡਿਸਪੈਂਸਰੀ ਨਹੀਂ ਹੈ। ਬੀਮਾਰ ਜਾਂ ਹੋਰ ਕੋਈ ਦੁਖ-ਤਕਲੀਫ਼ ਹੋਣ 'ਤੇ ਉਨ੍ਹਾਂ ਨੂੰ ਮੋਰਿੰਡਾ ਸ਼ਹਿਰ ਨੂੰ ਜਾਣਾ ਪੈਂਦਾ ਹੈ। ਪਿੰਡ ਅੰਦਰ ਬੱਚਿਆਂ ਦੀ ਪੜ੍ਹਾਈ ਲਈ ਇਕ ਪ੍ਰਾਈਮਰੀ ਸਕੂਲ ਵੀ ਹੈ, ਜਿਸ ਦੀ ਹਾਲਤ ਕਾਫ਼ੀ ਖ਼ਸਤਾ ਹੈ। ਪਿੰਡ ਅੰਦਰ ਬਣੀ ਧਰਮਸ਼ਾਲਾ ਦੀ ਹਾਲਤ ਵੀ ਬਹੁਤ ਮਾੜੀ ਹੈ।

ਇਥੇ ਕਾਫ਼ੀ ਗੰਦਗੀ ਫੈਲੀ ਹੋਈ ਹੈ। ਕਾਫ਼ੀ ਸਮੇਂ ਤੋਂ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ, ਜਿਸ ਕਾਰਨ ਇਮਾਰਤ ਕਾਫ਼ੀ ਟੁੱਟ ਚੁੱਕੀ ਹੈ। ਜਦੋਂ ਪਿੰਡ 'ਚ ਦਾਖ਼ਲ ਹੁੰਦੇ ਹਾਂ ਤਾਂ ਸੜਕ ਪੂਰੀ ਟੁੱਟੀ ਪਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਨੇੜੇ ਰੇਲਵੇ ਲਾਈਨ ਵੀ ਹੈ, ਜਿਸ ਦੇ ਆਰ-ਪਾਰ ਜਾਣ ਲਈ ਸਬਵੇਅ ਬਣਿਆ ਹੋਇਆ ਹੈ। ਮੀਂਹ ਦੇ ਦਿਨਾਂ 'ਚ ਇਸ ਸਬਵੇਅ 'ਚ 10-12 ਫੁੱਟ ਪਾਣੀ ਖੜਾ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦੂਜੇ ਪਾਸੇ ਜਾਣ ਲਈ ਦੂਜੇ ਪਾਸਿਉਂ ਘੁੰਮ ਕੇ ਜਾਣਾ ਪੈਂਦਾ ਹੈ।

ਇਕ ਨੌਜਵਾਨ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਹੋ ਗਈ ਹੈ ਪਰ ਅੱਜ ਤਕ ਪਿੰਡ 'ਚ ਇਕ ਵੀ ਖੇਡ ਦਾ ਮੈਦਾਨ ਨਹੀਂ ਬਣਿਆ। ਜਦੋਂ ਫਸਲਾਂ ਵੱਢਣ ਮਗਰੋਂ ਖੇਤ ਖਾਲੀ ਹੋ ਜਾਂਦੇ ਹਨ ਤਾਂ ਬੱਚੇ ਇਨ੍ਹਾਂ ਖੇਤਾਂ 'ਚ ਹੀ ਖੇਡਦੇ ਹਨ। ਆਮ ਦਿਨਾਂ 'ਚ ਉਨ੍ਹਾਂ ਨੂੰ ਨੇਲੜੇ ਪਿੰਡਾਂ ਵਿਚ ਖੇਡਣ ਲਈ ਜਾਣਾ ਪੈਂਦਾ ਹੈ। ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਸਿਆਸੀ ਆਗੂ ਆਉਂਦੇ ਹਨ ਅਤੇ ਵਾਅਦੇ ਕਰ ਕੇ ਚਲਦੇ ਬਣਦੇ ਹਨ।

ਨੌਜਵਾਨ ਨੇ ਦੱਸਿਆ ਕਿ ਪਹਿਲਾਂ ਜਦੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਇਥੋਂ ਸੰਸਦ ਮੈਂਬਰ ਬਣੇ ਸਨ ਤਾਂ ਉਹ ਵੋਟਾਂ ਤੋਂ ਪਹਿਲਾਂ ਪਿੰਡ ਵਿਚ ਆਏ ਸਨ ਅਤੇ ਵਾਅਦੇ ਕਰ ਕੇ ਜਿੱਤਣ ਮਗਰੋਂ ਫਿਰ ਕਦੇ ਪਿੰਡ ਨਾ ਆਏ। ਇਸ ਸਮੇਂ ਮਨੀਸ਼ ਤਿਵਾੜੀ ਉਨ੍ਹਾਂ ਦੇ ਹਲਕੇ ਦੇ ਸੰਸਦ ਮੈਂਬਰ ਹਨ। ਉਹ ਨਾ ਤਾਂ ਵੋਟਾਂ ਤੋਂ ਪਹਿਲਾਂ ਆਏ ਅਤੇ ਨਾ ਹੀ ਵੋਟਾਂ ਤੋਂ ਬਾਅਦ।

ਨੌਜਵਾਨ ਨੇ ਮੰਗ ਕੀਤੀ ਕਿ ਉਨ੍ਹਾਂ ਨੇ ਪਿੰਡ ਅੰਦਰ ਡਿਸਪੈਂਸਰੀ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਦਵਾਈ ਲੈਣ ਲਈ ਦੂਰ ਸ਼ਹਿਰ ਨਾ ਜਾਣਾ ਪਵੇ। ਇਸ ਤੋਂ ਇਲਾਵਾ ਪਿੰਡ ਅੰਦਰ ਜਿਹੜਾ ਪ੍ਰਾਈਮਰੀ ਸਕੂਲ ਹੈ, ਉਸ ਨੂੰ 12ਵੀਂ ਜਮਾਤ ਤਕ ਕੀਤਾ ਜਾਣਾ ਚਾਹੀਦਾ ਹੈ। 5ਵੀਂ ਜਮਾਤ ਪਾਸ ਕਰਨ ਮਗਰੋਂ ਬੱਚਿਆਂ ਨੂੰ ਮੋਰਿੰਡਾ ਜਾਂ ਹੋਰ ਪਿੰਡਾਂ ਦੇ ਸਕੂਲਾਂ 'ਚ ਪੜ੍ਹਨ ਲਈ ਜਾਣਾ ਪੈਂਦਾ ਹੈ। ਮੀਂਹ ਦੇ ਦਿਨਾਂ 'ਚ ਕਾਫ਼ੀ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਬੱਚਿਆਂ ਨੂੰ ਛੁੱਟੀ ਕਰਨੀ ਪੈ ਜਾਂਦੀ ਹੈ। 

ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਜਿੱਥੇ ਅੱਜ ਨਸ਼ੇ ਦੇ ਕੋਹੜ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ, ਉਥੇ ਹੀ ਉਨ੍ਹਾਂ ਦਾ ਪਿੰਡ ਇਸ ਬੀਮਾਰੀ ਤੋਂ ਕਾਫ਼ੀ ਹੱਦ ਤਕ ਬਚਿਆ ਹੋਇਆ ਹੈ। ਪਿੰਡ ਦਾ ਕੋਈ ਨੌਜਵਾਨ ਨਸ਼ਾ ਨਹੀਂ ਕਰਦਾ। ਉਨ੍ਹਾਂ ਦੇ ਪਿੰਡ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਵਧੀਆ ਪ੍ਰਬੰਧ ਹੈ। ਪਾਣੀ ਬਹੁਤ ਸਾਫ਼-ਸੁਥਰਾ ਹੈ। 

ਇਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੰਦਰ ਖੇਡ ਦਾ ਮੈਦਾਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਦਾ ਵੀ ਯੋਗ ਪ੍ਰਬੰਧ ਕੀਤਾ ਜਾਵੇ। ਇਸ ਵੇਲੇ ਸਾਰਾ ਪਾਣੀ ਸੜਕਾਂ 'ਤੇ ਫੈਲਿਆ ਰਹਿੰਦਾ ਹੈ, ਜਿਸ ਕਾਰਨ ਸੜਕਾਂ ਛੇਤੀ ਟੁੱਟ ਜਾਂਦੀਆਂ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਹੀ ਪ੍ਰੇਸ਼ਾਨੀ ਹੁੰਦੀ ਹੈ। ਇਸ ਗੰਦੇ ਪਾਣੀ ਨਾਲ ਮੱਛਰ-ਮੱਖੀਆਂ ਆਦਿ ਪੈਦਾ ਹੁੰਦੇ ਹਨ, ਜਿਸ ਕਾਰਨ ਹਮੇਸ਼ਾ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। 

ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੰਦਰ ਤਿੰਨ ਟੋਭੇ ਬਣੇ ਹਨ, ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ। ਇਨ੍ਹਾਂ ਦੇ ਨੇੜਿਉਂ ਲੰਘਣ ਸਮੇਂ ਨੱਕ ਨੂੰ ਢੱਕਣਾ ਪੈਂਦਾ ਹੈ। ਘਰਾਂ ਦਾ ਗੰਦਾ ਪਾਣੀ ਇਨ੍ਹਾਂ ਟੋਬਿਆਂ 'ਚ ਹੀ ਡਿੱਗਦਾ ਹੈ। ਮੀਂਹ ਦੇ ਦਿਨਾਂ 'ਚ ਜਦੋਂ ਟੋਭਾ ਪੂਰਾ ਭਰ ਜਾਂਦਾ ਹੈ ਤਾਂ ਇਹ ਸਾਰਾ ਓਵਰਫ਼ਲੋ ਹੋ ਕੇ ਗਲੀਆਂ ਅਤੇ ਘਰਾਂ ਅੰਦਰ ਤਕ ਆ ਜਾਂਦਾ ਹੈ, ਜਿਸ ਕਾਰਨ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਥੋੜਾ ਜਿਹਾ ਮੀਂਹ ਪੈਣ 'ਤੇ ਸੜਕਾਂ ਵਿਚਕਾਰ ਪਏ ਟੋਇਆਂ ਵਿਚ ਪਾਣੀ ਖੜਾ ਹੋ ਜਾਂਦਾ ਹੈ, ਜੋ ਕਈ ਦਿਨਾਂ ਤਕ ਖੜਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਕਾਫ਼ੀ ਮੁਸ਼ਕਲ ਆਉਂਦੀ ਹੈ।

ਪਿੰਡ ਦੇ ਮੌਜੂਦਾ ਸਰਪੰਚ ਦੇ ਇਕ ਪਰਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ 2 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ, ਜਿਸ ਨਾਲ ਸ਼ਮਸ਼ਾਨ ਘਾਟ ਨੇੜੇ ਬਣੇ ਟੋਭੇ ਦੀ ਸਾਫ਼-ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਪਹਿਲਾਂ ਇਕ ਮਹੀਨੇ ਤਕ ਇੰਜਨ ਰਾਹੀਂ ਇਸ ਟੋਭੇ 'ਚੋਂ ਪਾਣੀ ਕੱਢਿਆ ਗਿਆ ਅਤੇ ਫਿਰ ਘੱਟੋ-ਘੱਟ 300 ਟਰਾਲੀਆਂ ਗਾਦ ਅਤੇ ਮਿੱਟੀ ਕੱਢੀ ਗਈ, ਜਿਸ ਨਾਲ ਟੋਭਾ ਹੋਰ ਡੂੰਘਾ ਹੋ ਸਕੇ। ਹਾਲੇ ਦੀ ਗਾਦ ਕੱਢਣ ਦਾ ਕੰਮ ਚੱਲ ਰਿਹਾ ਹੈ। ਹੁਣ ਜਦੋਂ ਗ੍ਰਾਂਟ ਮਿਲੇਗੀ ਤਾਂ ਅੱਗੇ ਕੰਮ ਕਰਵਾਇਆ ਜਾਵੇਗਾ।

ਉਹ ਇਲਾਕੇ ਦੇ ਐਮਐਲਏ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਆਏ ਹਨ ਪਿੰਡ ਦੀਆਂ ਮੁੱਖ ਮੰਗਾਂ ਜਿਵੇਂ ਸਕੂਲ ਦੀ ਮੁਰੰਮਤ, ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਅਤੇ ਸੜਕਾਂ ਪੱਕੀਆਂ ਕਰਵਾਉਣ ਬਾਰੇ ਕਿਹਾ ਗਿਆ ਸੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਛੇਤੀ ਹੀ ਇਨ੍ਹਾਂ ਕੰਮਾਂ ਲਈ ਗ੍ਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ 'ਚ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਉਹ ਅਗਲੀਆਂ ਚੋਣਾਂ ਸਮੇਂ ਉਨ੍ਹਾਂ ਨੂੰ ਪਿੰਡ ਅੰਦਰ ਵੜਨ ਨਹੀਂ ਦੇਣਗੇ ਅਤੇ ਬਾਈਕਾਟ ਕਰਨਗੇ।

ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਦੀ 29 ਸਾਲ ਉਮਰ ਹੋ ਗਈ ਹੈ, ਪਰ ਕਦੇ ਵੀ ਟੋਭਿਆਂ ਦੀ ਸਫ਼ਾਈ ਦਾ ਕੰਮ ਨਹੀਂ ਹੋਇਆ। ਐਤਕੀਂ ਜਿਹੜੀ ਪੰਚਾਇਤ ਬਣੀ ਹੈ, ਉਸ ਨੇ ਇਸ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਹੈ। ਪਿੰਡ ਦੀ ਮੁੱਖ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਹੈ। ਪਾਣੀ ਸੜਕਾਂ 'ਤੇ ਹੀ ਖੜਾ ਰਹਿੰਦਾ ਹੈ। ਇਸ ਗੰਦੇ ਪਾਣੀ ਨਾਲ ਮੱਛਰ ਪੈਦਾ ਹੁੰਦੇ ਹਨ, ਜਿਸ ਕਾਰਨ ਲੋਕ ਬੀਮਾਰ ਪੈ ਰਹੇ ਹਨ। 

Related Stories